ਪਾਕਿਸਤਾਨ ਵਿਚ ਕਿਰਨ ਬਾਲਾ ਵਲੋਂ ਸ਼ਰਨ ਲੈਣ ਦਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਚਾਰ ਮੈਂਬਰੀ ਕਮੇਟੀ ਨੇ ਜਾਂਚ ਪੜਤਾਲ ਆਰੰਭ ਕੀਤੀ ਅੰਮ੍ਰਿਤਸਰ

Kiran Bala's asylum case in Pakistan

7 ਮਈ : (ਸੁਖਵਿੰਦਰਜੀਤ ਸਿੰਘ ਬਹੋੜੂ): ਪਾਕਿਸਤਾਨ ਵਿਚ  ਕਿਰਨ ਬਾਲਾ ਵਲੋਂ ਸ਼ਰਨ ਲੈਣ ਦੇ ਮਾਮਲੇ ਵਿਚ ਵਿਸਾਖੀ ਤੇ ਜਥੇ ਨਾਲ ਗਈ ਉਕਤ ਔਰਤ ਸਬੰਧੀ ਪੜਤਾਲ ਚਾਰ ਮੈਂਬਰ ਕਮੇਟੀ ਨੇ ਆਰੰਭ ਕਰ ਦਿਤੀ ਹੈ ਜਿਸ ਦਾ ਗਠਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੁੱਝ ਦਿਨ ਪਹਿਲਾਂ ਕੀਤਾ ਸੀ। 

ਹਿੰਦ-ਪਾਕਿ ਸਬੰਧ ਆਮ ਵਰਗੇ ਨਾ ਹੋਣ ਕਰ ਕੇ ਚਾਰ ਮੈਂਬਰੀ ਪੜਤਾਲੀਆ ਕਮੇਟੀ ਬੜੀ ਬਾਰੀਕੀ ਤੇ ਤੱਥਾਂ ਮੁਤਾਬਕ ਪੜਤਾਲ ਕਰਨ ਦਾ ਦਾਅਵਾ ਕਰ ਰਹੀ ਹੈ ਤਾਂ ਜੋ ਗੰਭੀਰ ਮਸਲੇ ਨਾਲ ਜੁੜੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਤੇ ਹੋਰ ਸਬੰਧਤ ਅਧਿਕਾਰੀਆਂ ਵਿਰੁਧ ਸ਼ਿਕੰਜਾ ਕੱਸਿਆ ਜਾ ਸਕੇ, ਜਿਨ੍ਹਾਂ ਦੀ ਬਦੌਲਤ ਸਿੱਖ ਕੌਮ ਦੀ ਬਦਨਾਮੀ ਦੇਸ਼ ਵਿਦੇਸ਼ ਵਿਚ ਹੋ ਰਹੀ ਹੈ। ਕਿਰਨ ਬਾਲਾ ਕਾਂਡ ਨਾਲ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਤੇ ਅਧਿਕਾਰੀਆਂ ਅਤੇ ਖ਼ੁਫ਼ੀਆ ਏਜਸੀਆਂ ਦਾ ਵੀ ਨਾਮ ਵੀ ਜੁੜ ਰਿਹਾ ਹੈ। ਚਾਰ ਮੈਂਬਰੀ ਕਮੇਟੀ ਦੀ ਮੀਟਿੰਗ ਬਾਅਦ ਭਗਵੰਤ ਸਿੰਘ ਸਿਆਲਕਾ ਮੈਂਬਰ ਅੰਤ੍ਰਿਗ ਕਮੇਟੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਸ਼੍ਰੋਮਣੀ ਕਮੇਟੀ ਦੇ ਰੀਕਾਰਡ ਵਿਚ ਛੇੜਛਾੜ ਅਸੰਭਵ ਹੈ ਅਤੇ ਗ਼ੁਨਾਹਗਾਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।

 ਉਨ੍ਹਾਂ ਸੰਕੇਤ ਦਿਤਾ ਕਿ ਭਵਿੱਖ ਵਿਚ ਪਾਕਿ ਜਾਣ ਵਾਲੇ ਜਥਿਆਂ ਸਬੰਧੀ ਨਿਯਮਾਂ ਵਿਚ ਜੇਕਰ ਲੋੜ ਮਹਿਸੂਸ ਹੋਈ ਤਾਂ ਤਬਦੀਲੀ ਵੀ ਆਪਸੀ ਸਲਾਹ ਮਸ਼ਵਰੇ ਨਾਲ ਹੀ ਸੰਭਵ ਹੈ। ਚਾਰ ਮੈਂਬਰੀ ਕਮੇਟੀ ਸੁਚਾਰੂ ਤੇ ਪਾਰਦਸ਼ਤਾ ਲਿਆਉਣ ਲਈ ਵਚਨਬੱਧ ਹੈ। ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਨੇ ਕਿਰਨ ਬਾਲਾ ਦੀ ਅਰਜ਼ੀ 'ਤੇ ਦਸਤਖ਼ਤ ਕੀਤੇ ਹਨ ਜਾਂ ਨਹੀਂ ਇਹ ਸੱਭ ਪੜਤਾਲ ਉਪਰੰਤ ਹੀ ਜਨਤਕ ਹੋਵੇਗਾ, ਇਸ ਕਮੇਟੀ ਦੀ ਬੈਠਕ 10 ਦਿਨਾਂ ਬਾਅਦ ਮੁੜ ਹੋਵੇਗੀ ਤੇ ਪੜਤਾਲ ਮੁਕੰਮਲ ਹੋਣ 'ਤੇ ਰੀਪੋਰਟ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸੌਂਪੀ ਜਾਵੇਗੀ।