ਦਿੱਲੀ ਮੈਟਰੋ 'ਚ ਸਿੱਖ ਨੂੰ ਕ੍ਰਿਪਾਨ ਨਾ ਲਿਜਾਣ ਦੇਣ 'ਤੇ ਵਫ਼ਦ 'ਜਥੇਦਾਰ' ਨੂੰ ਮਿਲਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੀਤੇ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸਫ਼ਰ ਦੌਰਾਨ ਮੈਟਰੋ ਰੇਲਵੇ ਸਟੇਸ਼ਨ 'ਤੇ ਅੰਮ੍ਰਿਤਧਾਰੀ ਸਿੱਖ ਨੂੰ ਕ੍ਰਿਪਾਨ ਸਮੇਤ ਸਫ਼ਰ ਨਾ ਕਰਨ......

Sikh in Delhi Metro

7 ਮਈ (ਗੁਰਸੇਵਕ ਮਾਨ): ਤਲਵੰਡੀ ਸਾਬੋ, ਬੀਤੇ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸਫ਼ਰ ਦੌਰਾਨ ਮੈਟਰੋ ਰੇਲਵੇ ਸਟੇਸ਼ਨ 'ਤੇ ਅੰਮ੍ਰਿਤਧਾਰੀ ਸਿੱਖ ਨੂੰ ਕ੍ਰਿਪਾਨ ਸਮੇਤ ਸਫ਼ਰ ਨਾ ਕਰਨ ਦੇਣ 'ਤੇ ਅੱਜ ਇਕ ਵਫ਼ਦ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ।

ਭਾਈ ਗੁਰਦੀਪ ਸਿੰਘ ਰੋਮਾਣਾ ਨਾਮੀ ਸਿੰਘ ਨੇ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਿਤੀ ਗਈ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਉਹ ਬੀਤੇ ਦਿਨ ਦਿੱਲੀ ਵਿਖੇ ਮੈਟਰੋ ਰੇਲਵੇ ਸਟੇਸ਼ਨ ਪਟੇਲ ਚੌਕ ਤੋਂ ਚਾਂਦਨੀ ਚੌਕ ਸਟੇਸ਼ਨ ਜਾਣ ਲਈ ਟਿਕਟ ਲੈ ਕੇ ਪਹੁੰਚਿਆ ਤਾਂ ਉਥੇ ਤਾਇਨਾਤ ਸੀ.ਆਈ.ਐਸ.ਐਫ਼ ਦੇ ਏ.ਐਸ.ਆਈ.ਨੇ ਉਸ ਨੂੰ ਰੋਕ ਕੇ ਕਿਹਾ ਕਿ ਤੁਸੀਂ 2 ਫੁੱਟੀ ਕ੍ਰਿਪਾਨ ਲੈ ਕੇ ਮੈਟਰੋ ਰੇਲ ਵਿਚ ਨਹੀਂ ਚੜ੍ਹ ਸਕਦੇ। ਉਨ੍ਹਾਂ ਦਸਿਆ ਕਿ ਇਸ ਮੌਕੇ ਮੇਰੇ ਨਾਲ ਕਿਰਨਜੀਤ ਸਿੰਘ ਗਹਿਰੀ ਪ੍ਰਧਾਨ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਵੀ ਸਨ, ਨੇ ਪੁਲਿਸ ਨਾਲ ਬਹਿਸ ਕੀਤੀ ਕਿ ਉਕਤ ਕ੍ਰਿਪਾਨ ਖ਼ਾਲਸਾਈ ਬਾਣੇ ਵਿਚ ਸਜੇ ਇਕ ਸਿੱਖ ਦੇ ਕਕਾਰ ਦਾ ਹਿੱਸਾ ਹੈ ਇਸ ਲਈ ਧਾਰਮਕ ਅਕੀਦੇ ਮੁਤਾਬਕ ਤੇ ਦੇਸ਼ ਦੇ ਕਾਨੂੰਨ ਮੁਤਾਬਕ ਵੀ ਉਸ ਨੂੰ ਨਾਲ ਲਿਜਾਣ ਤੋਂ ਨਹੀਂ ਰੋਕਿਆ ਜਾ ਸਕਦਾ।

ਉਨ੍ਹਾਂ ਦਸਿਆ ਕਿ ਤਕਰੀਬਨ ਇਕ ਘੰਟਾ ਬਹਿਸ ਕਰਨ ਤੋਂ ਬਾਅਦ ਮੌਕੇ 'ਤੇ ਆਏ ਇੰਸਪੈਕਟਰ ਜਾਵੇਦ ਖ਼ਾਨ ਨੇ ਸਾਨੂੰ ਕ੍ਰਿਪਾਨ ਸਮੇਤ ਗੱਡੀ 'ਤੇ ਜਾਣ ਦੀ ਇਜਾਜ਼ਤ ਦੇ ਦਿਤੀ। ਉਨ੍ਹਾਂ  ਕਿਹਾ ਕਿ ਅਸੀ ਮਹਿਸੂਸ ਕੀਤਾ ਕਿ ਇਹ ਇਕ ਅਪਮਾਨਜਨਕ ਘਟਨਾ ਹੈ ਕਿ ਇਕ ਖ਼ਾਲਸਾਈ ਬਾਣੇ ਵਾਲੇ ਸਿੰਘ ਨੂੰ ਕ੍ਰਿਪਾਨ ਸਮੇਤ ਗੱਡੀ ਵਿਚ ਚੜ੍ਹਨ ਤੋਂ ਰੋਕਿਆ ਗਿਆ ਹੋਵੇ। ਉਨ੍ਹਾਂ 'ਜਥੇਦਾਰ' ਤੋਂ ਮੰਗ ਕੀਤੀ ਕਿ ਉਹ ਭਾਰਤ ਸਰਕਾਰ ਅਤੇ ਦਿੱਲੀ ਸਰਕਾਰ ਨਾਲ ਰਾਬਤਾ ਕਰ ਕੇ ਉਕਤ ਮਸਲਾ ਉਠਾਉਣ ਤਾਂ ਕਿ ਅੱਗੇ ਤੋਂ ਕਿਸੇ ਸਿੰਘ ਨੂੰ ਅਜਿਹੀ ਪ੍ਰੇਸ਼ਾਨੀ ਨਾ ਝੱਲਣੀ ਪਵੇ ਤੇ ਉਨ੍ਹਾਂ ਨੂੰ ਰੋਕਣ ਵਾਲੇ ਸੀ.ਆਈ.ਐਸ.ਐਫ਼ ਦੇ ਕਰਮਚਾਰੀ ਬਲਵਿੰਦਰ ਵਿਰੁਧ ਕਾਰਵਾਈ ਕੀਤੀ ਜਾਵੇ। ਇਸ ਮੌਕੇ ਵਫ਼ਦ ਨਾਲ ਲੋਕ ਜਨਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਵੀ ਸ਼ਾਮਲ ਸਨ।

ਉਧਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ 'ਤੇ ਭਾਰਤ ਅਤੇ ਦਿੱਲੀ ਸਰਕਾਰ ਨੂੰ ਪੱਤਰ ਲਿਖਣ ਦੇ ਨਾਲ-ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਕਮੇਟੀ ਦੇ ਉਕਤ ਮਾਮਲਾ ਧਿਆਨ ਵਿਚ ਲਿਆ ਕੇ ਹੱਲ ਕਰਵਾਉਣ ਦਾ ਭਰੋਸਾ ਦਿਤਾ ਹੈ।