ਪੰਥਕ ਵਿਚਾਰਧਾਰਾ ’ਤੇ ਚਲਣ ਵਾਲਿਆਂ ਨੂੰ ਲੋਕ ਸਭਾ ਚੋਣਾਂ ਵਿਚ ਜਿਤਾਇਆ ਜਾਵੇ, ਭਾਈ ਮੰਡ ਦੀ ਪੰਥ ਨੂੰ ਅਪੀਲ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਪੰਥਕ ਵਿਚਾਰਧਾਰਾ ’ਤੇ ਚਲਣ ਵਾਲਿਆਂ ਨੂੰ ਜਿਤਾਇਆ ਜਾਵੇ।
ਅੰਮ੍ਰਿਤਸਰ (ਪਰਮਿੰਦਰਜੀਤ): ਸਰਬਤ ਖ਼ਾਲਸਾ ਵਲੋਂ ਨਾਮਜ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਚੋਣ ਮੈਦਾਨ ਵਿਚ ਉਤਰੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮਦਵਾਰ ਅੰਮ੍ਰਿਤਪਾਲ ਸਿੰਘ ਤੇ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਨੂੰ ਵੋਟ ਪਾਉਣ ਲਈ ਪੰਥ ਨੂੰ ਅਪੀਲ ਕੀਤੀ।
ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਜਥੇਦਾਰ ਮੰਡ ਨੇ ਕਿਹਾ ਕਿ ਚੋਣ ਮੈਦਾਨ ਵਿਚ ਖ਼ਾਲਸਾ ਪੰਥ ਨੂੰ ਕੁਰਬਾਨੀ ਵਾਲੇ ਸਿੰਘਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਕਿ ਇਹ ਸਿੰਘ ਪਾਰਲੀਮੈਂਟ ਵਿਚ ਜਾ ਕੇ ਪੰਥ ਦੇ ਕੇਸ ਦੀ ਪੈਰਵਾਈ ਕਰ ਸਕਣ। ਜਿਹੜੇ ਲੋਕਾਂ ਨੇ ਜੇਲਾਂ ਕਟੀਆਂ, ਕੁਰਬਾਨੀ ਕੀਤੀ ਤੇ ਪੰਥ ਦੀ ਗੱਲ ਕੀਤੀ ਉਨ੍ਹਾਂ ਉਮੀਦਵਾਰਾਂ ਨੂੰ ਜਿਤਾਇਆ ਜਾਣਾ ਚਾਹੀਦਾ ਹੈ।
ਇਸ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਵੀ ਜਿਤਾਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਥਕ ਰਾਜਨੀਤੀ ਲੜਖੜਾ ਗਈ ਹੈ। ਇਸ ਨੂੰ ਲੀਹਾਂ ਤੇ ਲਿਆਉਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜ਼ਿੰਮੇਵਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਿਰਤੰਰ ਜਾਰੀ ਹੈ। ਪੰਜਾਬ ਦੀ ਕਿਸੇ ਵੀ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ’ਤੇ ਰਾਜਨੀਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਦਾ ਮਾਹੌਲ ਬਣਿਆ ਹੋਇਆ ਹੈ
ਜਿਸ ਤਾਕਤ ਕੋਲੋਂ ਇਨਸਾਫ਼ ਮੰਗਦੇ ਹਾਂ ਕਿਉਂ ਨਾ ਅਸੀ ਪੰਥਕ ਸੋਚ ਰਖਣ ਵਾਲੇ ਨੁਮਾਇੰਦੇ ਚੁਣ ਕੇ ਇਨਸਾਫ਼ ਕਰਨ ਦੀ ਤਾਕਤ ਅਪਣੇ ਹੱਥ ਵਿਚ ਲਈਏ। ਉਨ੍ਹਾਂ ਕਿਹਾ ਕਿ ਬੱਚੇ ਵਿਦੇਸ਼ਾਂ ਵਲ ਭੱਜ ਰਹੇ ਹਨ ਤੇ ਕਿਸਾਨ ਗੋਲੀਆਂ ਨਾਲ ਮਾਰੇ ਜਾ ਰਹੇ ਹਨ। ਜਵਾਨੀ ਤੇ ਕਿਸਾਨੀ ਖ਼ਤਮ ਹੋ ਰਹੀ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਪੰਥਕ ਵਿਚਾਰਧਾਰਾ ’ਤੇ ਚਲਣ ਵਾਲਿਆਂ ਨੂੰ ਜਿਤਾਇਆ ਜਾਵੇ।
ਭਾਈ ਮੰਡ ਨੇ ਕੀਤੀ ਪੰਥ ਨੂੰ ਅਪੀਲ