ਸ਼ਹੀਦਾਂ ਦੀ ਯਾਦ 'ਚ ਕਰਵਾਇਆ ਗੁਰਮਤਿ ਸਮਾਗਮ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਗੁਰਮਤਿ ਸਮਾਗਮ ਗੁਰਦਵਾਰਾ ਗੁਰਸ਼ਬਦ ਪ੍ਰਕਾਸ਼ ਸ਼ਹੀਦਾਂ ਸੰਗਰਾਵਾਂ ਵਿਖੇ ਮਨਾਇਆ ਗਿਆ। ਪਰਸੋਂ ਤੋਂ ਰੱਖੇ 5 ਸ੍ਰੀ ਅਖੰਡ...

Bhai Manjit Singh

ਤਰਨਤਾਰਨ, ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਗੁਰਮਤਿ ਸਮਾਗਮ ਗੁਰਦਵਾਰਾ ਗੁਰਸ਼ਬਦ ਪ੍ਰਕਾਸ਼ ਸ਼ਹੀਦਾਂ ਸੰਗਰਾਵਾਂ ਵਿਖੇ ਮਨਾਇਆ ਗਿਆ। ਪਰਸੋਂ ਤੋਂ ਰੱਖੇ 5 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਹੋਏ ਸ਼ਹੀਦੀ ਸਮਾਗਮ ਵਿਚ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸ਼ਰਧਾ ਨਾਲ ਆਪ ਮੁਹਾਰੇ ਉਮੜਿਆ ਸੰਗਤ ਦਾ ਸੈਲਾਬ ਨਜ਼ਰੀਂ ਆਇਆ ਜਿਸ ਨੇ ਕਿ ਸ਼ਹੀਦੀ ਸਮਾਗਮ ਲਈ ਕੀਤੇ ਗਏ ਸਾਰੇ ਵਿਸ਼ੇਸ਼ ਪ੍ਰਬੰਧ ਫਿੱਕੇ ਪਾ ਦਿਤੇ ਹਨ। 

ਇਸ ਮੌਕੇ ਜੂਨ 1984 ਦੇ ਵਾਰ ਹੀਰੋ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਕੌਮੀ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਇਕ ਨਵੇਕਲਾ ਇਤਿਹਾਸ ਸਿਰਜਿਆ। ਬੇਸ਼ਕ ਸਮੇ ਦੇ ਹਾਕਮਾਂ ਨੇ ਅਪੀਲਾਂ ਕਰ ਕੇ ਸਿੱਖਾਂ ਨੂੰ ਈਨ ਮਨਵਾਉਣ ਦੀ ਕੋਸ਼ਿਸ਼ ਕੀਤੀ ਪਰ ਸਿੰਘ ਹਾਕਮਾਂ ਦੀਆਂ ਕੁਟਲ ਚਾਲਾਂ ਵਿਚ ਨਹੀਂ ਆਏ ਤੇ ਕੁਰਬਾਨੀਆਂ ਦੇ ਕੇ ਦਸ ਦਿਤਾ ਕਿ ਧਰਮ ਸਾਡੇ ਲਈ ਕਿੰਨਾ ਜ਼ਰੂਰੀ ਹੈ।

ਭਾਈ ਮਨਜੀਤ ਸਿੰਘ ਨੇ ਹਾਜ਼ਰ ਸੰਗਤ ਨੂੰ ਅਪੀਲ ਕੀਤੀ ਕਿ ਇਕ ਕਾਫਲਾ ਬਣਾ ਕੇ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ ਦਾ ਸਾਥ ਦਈਏ ਤਾਕਿ ਸ਼ਹੀਦਾਂ ਦੇ ਸੁਪਨੇ ਪੂਰੇ ਕੀਤੇ ਜਾ ਸਕਣ। ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਨੇ ਸਿੱਖ ਕੌਮ ਦੀ ਅਣਖ, ਗੈਰਤ ਦੀ ਬਹਾਲੀ ਲਈ ਜੂਝ ਕੇ ਕੁਰਬਾਨੀ ਦਿਤੀ।

ਇਹ ਉਹ ਸਮਾਂ ਸੀ ਜਦ ਇਸ ਦੇਸ਼ ਵਿਚ ਵਸਦੀ ਬਹੁ ਗਿਣਤੀ ਇਸ ਦੇਸ਼ ਵਿਚ ਵਸਦੀ ਘੱਟ ਗਿਣਤੀ ਨੂੰ ਜਜ਼ਬ ਕਰਨ ਲਈ ਤਿਆਰੀ ਕਰੀ ਬੈਠੀ ਸੀ। ਸੰਤ ਜਰਨੈਲ ਸਿੰਘ ਨੇ ਇਸ ਸਾਜ਼ਸ਼ ਨੂੰ ਪਹਿਚਾਣ ਕੇ ਸਿੱਖਾਂ ਦੀ ਵਖਰੀ ਹੋਦ ਅਤੇ ਸਿੱਖ ਇਕ ਵੱਖਰੀ ਕੌਮ ਦੀ ਸੋਚ ਨੂੰ ਪ੍ਰਭਲ ਕੀਤਾ। ਟਕਸਾਲ ਮੁਖੀ ਗਿਆਨੀ ਰਾਮ ਸਿੰਘ ਖ਼ਾਲਸਾ ਨੇ ਸੰਗਤ ਨੂੰ ਅਮ੍ਰਿਤਧਾਰੀ ਹੋਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਪ੍ਰੇਰਨਾ ਦਿਤੀ।

ਉਨ੍ਹਾਂ ਕਿਹਾ ਕਿ ਜੋ ਬਾਬੇ ਅਪਣੀ ਰਖਿਆ ਲਈ ਅਣਗਿਣਤ ਸੁਰੱਖਿਆ ਗਾਰਡ ਲੈ ਕੇ ਚਲਦੇ ਹਨ ਉਹ ਕਿਸੇ ਦਾ ਪਾਰ ਉਤਾਰਾ ਕਿਵੇਂ ਕਰ ਸਕਦੇ ਹਨ। ਬਾਬਾ ਰਾਮ ਸਿੰਘ ਨੇ ਕਿਹਾ ਕਿ 6 ਜੂਨ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਲੜ ਲਗੀਏ। ਉਨ੍ਹਾਂ ਭਾਰਤ 'ਚ ਘਟ ਗਿਣਤੀ ਸਿਖਾਂ 'ਤੇ ਹੋ ਰਹੇ ਨਸਲੀ ਹਮਲਿਆਂ ਪ੍ਰਤੀ ਚਿੰਤਾ ਜ਼ਾਹਰ ਕਰਦਿਆਂ ਸ਼ਿਲਾਂਗ ਦੇ ਹਮਲਾਵਰਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ।