ਪਾਕਿ ਵਸਦੇ ਰਾਏ ਬੁਲਾਰ ਦੇ ਪਰਵਾਰਕ ਮੈਂਬਰ ਅੱਜ ਵੀ ਸਿੱਖਾਂ ਨੂੰ ਖਿੜੇ ਮੱਥੇ ਨਾਲ ਜੀ ਆਇਆਂ ਕਹਿੰਦੇ ਹਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਬਾ ਰਾਏ ਬੁਲਾਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇ: ਡਾ. ਰੂਪ ਸਿੰਘ

Dr. Roop Singh & others

ਅੰਮ੍ਰਿਤਸਰ : ਪਾਕਿਸਤਾਨ ਵਿਚ ਵਸਦੇ ਰਾਏ ਬੁਲਾਰ ਦੇ ਪਰਵਾਰਕ ਮੈਂਬਰ ਅੱਜ ਵੀ ਗੁਰਧਾਮਾਂ ਦੀ ਯਾਤਰਾ 'ਤੇ ਗਏ ਸਿੱਖਾਂ ਨੂੰ ਖਿੜੇ ਮੱਥੇ ਨਾਲ ਜੀ ਆਇਆਂ ਨੂੰ ਕਹਿੰਦੇ ਹਨ ਤੇ ਸਿੱਖਾਂ ਦੀ ਸੇਵਾ ਵਿਚ ਦਿਨ ਰਾਤ ਇਕ ਕਰ ਦਿੰਦੇ ਹਨ। ਰਾਏ ਬੁਲਾਰ ਦੀ 18ਵੀਂ ਪੀੜ੍ਹੀ ਦੇ ਰਾਏ ਸਲੀਮ ਭੱਟੀ ਨੇ ਦਸਿਆ ਕਿ ਉਨ੍ਹਾਂ ਦੇ ਵਡੇਰੇ ਬਾਬਾ ਰਾਏ ਬੁਲਾਰ ਸਾਹਿਬ ਨੇ ਬਾਬਾ ਗੁਰੂ ਨਾਨਕ ਵਿਚ ਖ਼ੁਦਾ ਦਾ ਨੂਰ ਦੇਖਿਆ। ਉਨ੍ਹਾਂ ਅਪਣੀ ਕੁਲ ਜ਼ਮੀਨ ਜੋ ਕਿ 1500 ਮੁਰਬਾ ਸੀ ਵਿਚੋਂ ਅੱਧੀ ਜ਼ਮੀਨ 750 ਮੁਰਬਾ ਗੁਰੂ ਨਾਨਕ ਦੇ ਨਾਮ ਲਗਵਾ ਦਿਤੀ। 

ਉਨ੍ਹਾਂ ਦਸਿਆ ਕਿ ਜਦ ਗੁਰੂ ਨਾਨਕ ਸਾਹਿਬ ਨੂੰ ਉਨ੍ਹਾਂ ਦੇ ਪਿਤਾ ਬਾਬਾ ਮਹਿਤਾ ਕਾਲੂ ਨੇ 20 ਰੁਪਏ ਖਰਾ ਸੌਦਾ ਕਰਨ ਲਈ ਦਿਤੇ ਸਨ ਤਾਂ ਗੁਰੂ ਨਾਨਕ ਉਸ ਨਾਲ ਭੁੱਖੇ ਸਾਧੂਆਂ ਨੂੰ ਖਾਣਾ ਖਵਾ ਆਏ ਸਨ ਤਾਂ ਮਹਿਤਾ ਕਾਲੂ ਨੇ ਗੁਰੂ ਨਾਨਕ ਸਾਹਿਬ ਨਾਲ ਨਰਾਜ਼ਗੀ ਵਿਖਾਈ ਤਾਂ ਸਾਡੇ ਪੁਰਖੇ ਬਾਬਾ ਰਾਏ ਬੁਲਾਰ ਨੇ ਮਹਿਤਾ ਕਾਲੂ ਨੂੰ ਖ਼ਰਚ ਹੋਈ ਰਕਮ ਦੀ ਦੁਗਣੀ ਰਕਮ ਦੇਣ ਦੀ ਪੇਸ਼ਕਸ਼ ਕੀਤੀ ਸੀ। ਰਾਏ ਸਲੀਮ ਪੱਟੀ ਨੇ ਕਿਹਾ ਕਿ ਅੱਜ ਵੀ ਸਾਡਾ ਪਰਵਾਰ ਗੁਰਦਵਾਰਾ ਜਨਮ ਅਸਥਾਨ ਵਿਚ ਜਾ ਕੇ ਇਬਾਦਤ ਕਰਦਾ ਹੈ ਤੇ ਬਾਬਾ ਰਾਏ ਬੁਲਾਰ ਨੂੰ ਵੀ ਯਾਦ ਕਰਦਾ ਹੈ। ਰਾਏ ਸਲੀਮ ਭੱਟੀ ਨੇ ਦਸਿਆ ਕਿ ਜਦ ਵੀ ਨਨਕਾਣਾ ਸਾਹਿਬ ਵਿਚ ਸਿੱਖ ਆਉਂਦੇ ਹਨ ਤੇ ਬਾਬਾ ਗੁਰ ਨਾਨਕ ਸਾਹਿਬ ਦੇ ਨਾਲ ਨਾਲ ਰਾਏ ਬੁਲਾਰ ਨੂੰ ਵੀ ਯਾਦ ਕਰਦੇ ਹਨ ਤਾਂ ਸਾਡਾ ਸੀਨਾ ਫ਼ਖ਼ਰ ਨਾਲ ਚੌੜਾ ਹੋ ਜਾਂਦਾ ਹੈ।

ਰਾਏ ਸਲੀਮ ਭੱਟੀ ਨੇ ਦਸਿਆ ਕਿ ਉਨ੍ਹਾਂ ਦੇ ਵਡੇਰੇ ਬਾਬਾ ਰਾਏ ਬੁਲਾਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਲਈ ਸ਼੍ਰੋਮਣੀ ਕਮੇਟੀ ਨੇ ਉਪਰਾਲਾ ਕਰਦਿਆਂ ਸਾਨੂੰ ਸੱਦਿਆ ਸੀ ਪਰ ਸਾਨੂੰ ਵੀਜ਼ੇ ਨਹੀਂ ਮਿਲੇ। ਸਾਡਾ ਮਾਣ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਹਾਲੇ ਤਕ ਉਹ ਤਸਵੀਰ ਨਹੀਂ ਲਗਾਈ। ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਡਾਕਟਰ ਰੂਪ ਸਿੰਘ ਨੇ ਕਿਹਾ ਕਿ ਅਸੀ ਫਿਰ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਬਾਬਾ ਰਾਏ ਬੁਲਾਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇ ਤੇ ਇਸ ਲਈ ਰਾਏ ਬੁਲਾਰ ਦੇ ਪ੍ਰਵਾਰ ਦੇ ਮੈਂਬਰ ਹਾਜ਼ਰ ਹੋਣ।