ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਨੂੰ ਧਰਮ ਪ੍ਰਚਾਰ ਲਈ ਰੋਜ਼ਾਨਾ ਮਿਲਦਾ ਹੈ ਪੌਣਾ ਲੀਟਰ ਪਟਰੌਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਰ ਅਧਿਕਾਰੀਆਂ ਦੇ ਤੇਲ ਅਤੇ ਹਵਾਈ ਟਿਕਟਾਂ ਦੇ ਹੁੰਦੇ ਨੇ ਲੱਖਾਂ ਦੇ ਖ਼ਰਚ

SGPC

ਮਾਨਸਾ  (ਸੁਖਵੰਤ ਸਿੰਘ ਸਿੰਧੂ): ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ 1000 ਕ੍ਰੋੜ ਤੋਂ ਵੱਧ ਹੋਣ ਦੇ ਬਾਵਜੂਦ ਵੀ ਇਹ ਸੰਸਥਾ ਅਪਣੇ ਕੇਂਦਰੀ ਤੇ ਮੁੱਖ ਕਾਰਜ ਧਰਮ ਪ੍ਰਚਾਰ ਕਰਨ ਦੇ ਪ੍ਰਬੰਧਕੀ ਮਾਮਲਿਆਂ ਨੂੰ ਲੈ ਕੇ ਵਿਵਾਦਾਂ ਚ ਫਸੀ ਰਹਿੰਦੀ ਹੈ। ਹੁਣ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਰਤੀ ਕੀਤੇ ਨਵੇਂ ਪ੍ਰਚਾਰਕਾਂ ਨੂੰ ਧਰਮ ਪ੍ਰਚਾਰ ਕਰਨ ਲਈ ਰੋਜ਼ਾਨਾ ਕੇਵਲ 50 ਰੁਪਏ ਤੇਲ ਖ਼ਰਚ ਦੇਣ ਦਾ ਮੁੱਦਾ ਸਾਹਮਣੇ ਆਇਆ ਹੈ।

ਪੰਜਾਹ ਰੁਪਏ ਦਾ ਤਾਂ ਇਕ ਲੀਟਰ ਪਟਰੌਲ ਵੀ ਨਹੀਂ ਆਉਂਦਾ। ਅਜਿਹੀ ਸਥਿਤੀ ਵਿਚ ਪ੍ਰਚਾਰਕ ਰੋਜ਼ਾਨਾ ਅਪਣੀ ਜੇਬ ਵਿਚੋਂ ਪੈਸੇ ਖ਼ਰਚ ਕਰ ਕੇ ਕਿਵੇਂ ਅਤੇ ਕਿਹੋ ਜਿਹਾ ਪ੍ਰਚਾਰ ਕਰਦੇ ਹੋਣਗੇ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਨ੍ਹਾਂ ਪ੍ਰਚਾਰਕਾਂ ਨੂੰ ਧਰਮ ਪ੍ਰਚਾਰ ਕਰਨ ਲਈ ਪ੍ਰਤੀ ਮਹੀਨਾ ਕੇਵਲ 1500 ਸਫ਼ਰ ਭੱਤਾ ਅਤੇ 8500 ਰੁਪਏ ਤਨਖ਼ਾਹ ਦਿਤੀ ਜਾਂਦੀ ਹੈ।

ਨਵੇਂ ਭਰਤੀ ਕੀਤੇ ਗਏ ਪ੍ਰਚਾਰਕਾਂ ਵਿਚ ਪੀਐਚਡੀ,ਐਮਫਿਲ ਅਤੇ ਪੋਸਟ ਗਰੈਜੂਏਟ ਡਿਗਰੀ ਹੋਲਡਰ ਸ਼ਾਮਲ ਹਨ ਜਿਨ੍ਹਾਂ ਨੂੰ ਨਿਗੂਣੀਆਂ ਤਨਖ਼ਾਹਾਂ ਦਿਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਸੁਖਚੈਨ ਸਿੰਘ ਅਤਲਾ ਨੇ ਪ੍ਰਚਾਰਕਾਂ ਨੂੰ ਨਿਗੂਣੇ ਮਿਲਦੇ ਸਫ਼ਰ ਭੱਤੇ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਜੋ ਵਿਅਕਤੀ ਜ਼ਮੀਨੀ ਪੱਧਰ 'ਤੇ ਕੰਮ ਕਰਦਾ ਹੈ ਉਸ ਦਾ ਸੋਸ਼ਣ ਕਰਨਾ ਮੰਦਭਾਗਾ ਹੈ ਜੋ ਸਿੱਖ ਫ਼ਿਲਾਸਫ਼ੀ ਦੇ ਉਲਟ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚ ਸਕੱਤਰਾਂ ਦੀ ਤਨਖ਼ਾਹ, ਭੱਤੇ, ਤੇਲ ਖ਼ਰਚੇ, ਟੋਲ ਪਲਾਜ਼ਾ ਫ਼ੀਸ ਅਤੇ ਦੇਸ਼ ਤੇ ਵਿਦੇਸ਼ਾਂ ਵਿਚ ਟੂਰ ਖ਼ਰਚਿਆਂ ਦੀਆਂ ਹਵਾਈ ਟਿਕਟਾਂ ਦੇ ਪ੍ਰਤੀ ਮਹੀਨੇ ਖ਼ਰਚੇ ਲੱਖਾਂ ਵਿਚ ਆਉਂਦੇ ਹਨ।

ਨਿਯਮਾਂ ਅਨੁਸਾਰ ਗੱਡੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਅਤੇ ਕਾਲਜਾਂ ਵਿਚ ਖੜਨੀਆਂ ਚਾਹੀਦੀਆਂ ਹਨ ਪਰ ਬਹੁਗਿਣਤੀ ਗੱਡੀਆਂ ਅਧਿਕਾਰੀਆਂ ਦੇ ਘਰਾਂ ਵਿਚ ਜਾ ਕੇ ਖੜਦੀਆਂ ਹਨ। ਅਧਿਕਾਰੀ ਸਟਾਫ਼ ਗੱਡੀਆਂ ਨੂੰ ਦਫ਼ਤਰੀ ਕੰਮਾਂ ਲਈ ਘੱਟ ਅਪਣੇ ਨਿਜੀ ਕੰਮਾਂ ਲਈ ਵਧੇਰੇ ਵਰਤਦੇ ਹਨ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ 29 ਸਤੰਬਰ ਨੂੰ ਸੰਗਰੂਰ ਜ਼ਿਲ੍ਹੇ ਦੇ ਗੁਰਦਵਾਰਾ ਨਾਨਕੀਆਣਾ ਸਾਹਿਬ ਵਿਚ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤੀਸਰਾ ਕਵੀ ਦਰਬਾਰ ਕਰਵਾਇਆ ਗਿਆ।

ਕਵੀ ਦਰਬਾਰ ਦੇ ਪ੍ਰਚਾਰ ਲਈ ਆਲੇ ਦੁਆਲੇ ਦੇ ਪਿੰਡਾਂ ਵਿਚ 21 ਬਾਹਰਲੇ ਹਲਕਿਆਂ ਦੇ ਪ੍ਰਚਾਰਕਾਂ ਵਿਚੋਂ 10-10 ਦਿਨ ਲਈ ਡਿਊਟੀ ਲਗਾਈ ਗਈ ਸੀ ਤਾਂ ਜੋ ਵੱਧ ਤੋਂ ਵੱਧ ਇਕੱਠ ਕੀਤਾ ਜਾ ਸਕੇ। ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿਚ ਪਹੁੰਚੇ ਕਵੀਆਂ ਨੂੰ 3100-3100 ਰੁਪਏ, ਪੰਜ ਜੱਜ ਸਾਹਿਬਾਨ ਨੂੰ 5100-5100 ਰੁਪਏ ਦਿਤੇ ਗਏ ਉੱਥੇ ਹੀ ਇਕੱਠ ਕਰਨ ਲਈ ਵਰਤੀਆਂ ਗਈਆਂ ਬਸਾਂ, ਕਾਰਾਂ ਅਤੇ ਟਰੈਕਟਰਾਂ ਨੂੰ ਵੀ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਤੇਲ ਖ਼ਰਚ ਦਿਤਾ ਗਿਆ। 21 ਪ੍ਰਚਾਰਕ ਜੋ ਵੱਖ ਵੱਖ ਥਾਵਾਂ ਤੋਂ ਵਿਸ਼ੇਸ਼ ਡਿਊਟੀ ਕਰਨ ਆਏ ਸਨ ਉਹ ਅਪਣੀ ਇਹ ਵਿਸ਼ੇਸ਼ ਡਿਊਟੀ ਵੀ ਮਿਲਣ ਵਾਲੇ ਰੋਜ਼ਾਨਾ 50 ਰੁਪਏ ਸਫ਼ਰ ਭੱਤੇ ਵਿਚ ਕਰ ਕੇ ਗਏ ਹਨ।

ਕਵੀ ਦਰਬਾਰ ਵਿਚ ਪਹੁੰਚੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ, ਅਧਿਕਾਰੀਆਂ ਅਤੇ ਸਟਾਫ਼ ਨੂੰ ਵਿਸ਼ੇਸ਼ ਭੱਤੇ ਖ਼ਰਚ ਵਖਰੇ ਮਿਲਣਗੇ। ਸਟੇਜ ਸਕੱਤਰ ਜੋ ਇਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਹੀ ਪ੍ਰਚਾਰਕ ਸੀ ਨੂੰ 5100 ਰੁਪਏ ਭੱਤਾ ਦਿਤਾ ਗਿਆ ਇਹ ਭਾਵੇਂ ਡਿਊਟੀ 'ਤੇ ਹੀ ਆਇਆ ਸੀ। ਪਹਿਲਾਂ ਹੀ ਡਿਊਟੀ 'ਤੇ ਆਏ ਹੋਏ 21 ਪ੍ਰਚਾਰਕਾਂ ਵਿਚੋਂ ਇਕ ਵੀ ਯੋਗ ਪ੍ਰਚਾਰਕ ਨਹੀਂ ਸੀ ਜੋ ਸਟੇਜ ਚਲਾਉਣ ਦੇ ਕਾਬਲ ਹੁੰਦਾ।