ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਪੁਲਿਸੀਆ ਅਤਿਆਚਾਰ ਦੀ ਫਿਰ ਗੂੰਜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੁੱਝ ਦਿਨ ਪਹਿਲਾਂ ਭਾਈ ਧਿਆਨ ਸਿੰਘ ਮੰਡ ਦੇ ਬਿਆਨ ਕਲਮਬੰਦ ਕਰਨ ਆਈ ਐਸਆਈਟੀ (ਸਿਟ) ਦੀ ਇੰਸਪੈਕਟਰ ਹਰਮੰਦਰ ਸਿੰਘ ਅਤੇ ਸਬ ਇੰਸਪੈਕਟਰ ਜਸਵੰਤ ਸਿੰਘ......

Bargari Morcha

ਕੋਟਕਪੂਰਾ : ਕੁੱਝ ਦਿਨ ਪਹਿਲਾਂ ਭਾਈ ਧਿਆਨ ਸਿੰਘ ਮੰਡ ਦੇ ਬਿਆਨ ਕਲਮਬੰਦ ਕਰਨ ਆਈ ਐਸਆਈਟੀ (ਸਿਟ) ਦੀ ਇੰਸਪੈਕਟਰ ਹਰਮੰਦਰ ਸਿੰਘ ਅਤੇ ਸਬ ਇੰਸਪੈਕਟਰ ਜਸਵੰਤ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਭਾਵੇਂ ਭਾਈ ਮੰਡ ਨੇ ਇਹ ਆਖਿਆ ਕਿ ਉਹ ਘਟਨਾ ਮੌਕੇ ਉਥੇ ਮੌਜੂਦ ਨਹੀਂ ਸਨ ਪਰ ਫਿਰ ਵੀ ਮੀਡੀਏ ਜਾਂ ਦੋਸਤਾਂ-ਮਿੱਤਰਾਂ ਰਾਹੀਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਬਿਆਨ ਦਰਜ ਕਰਵਾਏ ਪਰ ਅੱਜ ਫਿਰ ਭਾਈ ਬਲਜੀਤ ਸਿੰਘ ਦਾਦੂਵਾਲ ਦੇ ਬਿਆਨ ਕਲਮਬੰਦ ਕਰਨ ਆਈ ਉਸੇ ਟੀਮ ਨੂੰ ਭਾਈ ਦਾਦੂਵਾਲ ਨੇ 14 ਅਕਤੂਬਰ 2015 ਨੂੰ ਤੜਕਸਾਰ ਨਾਮ-ਸਿਮਰਨ ਕਰ ਰਹੀਆਂ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ

ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਦਾ ਵਿਸਥਾਰ ਸਹਿਤ ਚਿੱਠਾ ਬਿਆਨ ਕਰਦਿਆਂ ਦਸਿਆ ਕਿ ਸੌਦਾ ਸਾਧ ਦੇ ਪ੍ਰੇਮੀਆਂ ਵਲੋਂ ਤਤਕਾਲੀਨ ਬਾਦਲ ਸਰਕਾਰ ਦੀ ਸ਼ਹਿ 'ਤੇ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ 'ਚ ਕੀਤੀ ਗਈ ਗੁੰਡਾਗਰਦੀ ਨੂੰ ਬਾਦਲ ਦੀ ਪੁਲਿਸ ਨੇ ਰੋਕਣ ਦੀ ਜ਼ਰੂਰਤ ਹੀ ਨਾ ਸਮਝੀ ਪਰ ਦੂਜੇ ਪਾਸੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਗੰਦੇ ਪਾਣੀ ਦੀਆਂ ਵਾਛੜਾਂ, ਅੱਥਰੂ ਗੈਸ ਦੇ ਗੋਲੇ, ਲਾਠੀਚਾਰਜ ਅਤੇ ਅੰਨ੍ਹੇਵਾਹ ਫ਼ਾਇਰਿੰਗ ਕਰਨ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਨ ਦੇ ਬਾਵਜੂਦ ਤਤਕਾਲੀਨ ਬਾਦਲ ਸਰਕਾਰ ਨੇ ਕਿਸੇ ਦੋਸ਼ੀ ਵਿਰੁਧ ਕਾਰਵਾਈ ਨਾ ਕੀਤੀ। 

ਉਨ੍ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸੌਂਪੇ 8 ਪੰਨਿਆਂ ਦੇ ਬਿਆਨਾਂ ਦੀਆਂ ਕਾਪੀਆਂ ਸਿਟ ਮੂਹਰੇ ਕਰਦਿਆਂ ਦਸਿਆ ਕਿ ਇਸ ਵਿਚ ਬਾਦਲ ਦੀ ਪੁਲਿਸ ਵਲੋਂ ਸਿੱਖ ਸੰਗਤਾਂ ਉਪਰ ਢਾਹੇ ਗਏ ਤਸ਼ੱਦਦ ਦਾ ਵਿਸਤਾਰ ਸਹਿਤ ਜ਼ਿਕਰ ਹੈ। ਭਾਈ ਦਾਦੂਵਾਲ ਨੇ ਦਸਿਆ ਕਿ ਪਹਿਲਾਂ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਫਿਰ ਉਥੋਂ ਜਾ ਚੁਕੇ ਸਿੱਖ ਨੌਜਵਾਨਾਂ ਨੂੰ ਘੇਰ-ਘੇਰ ਕੇ ਛੱਲੀਆਂ ਵਾਂਗ ਕੁੱਟਿਆ ਗਿਆ। ਭਾਈ ਦਾਦੂਵਾਲ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਸ਼ਹਿਰੋਂ ਬਾਹਰ ਲਿਜਾ ਕੇ ਛੱਡ ਦਿਤਾ ਪਰ ਜਦ ਉਹ ਅਪਣੇ ਸਾਥੀਆਂ ਸਮੇਤ ਵਾਪਸ ਧਰਨੇ ਵਾਲੀ ਥਾਂ ਵਲ ਜਾ ਰਹੇ ਸਨ

ਤਾਂ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੱਡੀ ਟੀਮ ਤੋਂ ਬਚਾਅ ਕਰਦਿਆਂ ਗੁਰਦਵਾਰਾ ਸਾਹਿਬ ਰਾਮਗੜ੍ਹੀਆ ਮੁਹੱਲੇ 'ਚ ਸ਼ਰਨ ਲਈ ਜਿਸ ਨੂੰ ਪੁਲਿਸ ਨੇ ਦੇਰ ਰਾਤ ਕਰੀਬ 11 ਵਜੇ ਤਕ ਘੇਰਾ ਪਾਈ ਰਖਿਆ। ਉਨ੍ਹਾਂ ਆਖਿਆ ਕਿ ਇਸ ਮਾਮਲੇ 'ਚ ਪੀੜਤ ਪਰਵਾਰਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਉਕਤ ਟੀਮ ਨੇ ਪੱਤਰਕਾਰਾਂ ਨੂੰ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿਤਾ ਪਰ ਭਾਈ ਦਾਦੂਵਾਲ ਦੇ ਬਿਆਨ ਕਲਮਬੰਦ ਕਰਨ ਦੀ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਨੇ ਪੁਸ਼ਟੀ ਕੀਤੀ।