Punjab News: ਜਦੋਂ ਹਰਜਿੰਦਰ ਧਾਮੀ ਨੂੰ ਕੀਤਾ ਗਿਆ ਬਹਿਬਲ ਕਲਾਂ ਬੇਅਦਬੀ ਬਾਰੇ ਸਵਾਲ, ਤਾਂ ਧਾਮੀ ਨੇ ਕੀ ਦਿੱਤਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਘਟਨਾ ਮੇਰੇ ਤੋਂ ਪਹਿਲਾਂ ਵਾਪਰੀ, ਸਰਕਾਰ ਨੇ ਅਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ

Harjinder Singh Dhami

Punjab News: - ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਸੁਲਤਾਨਪੁਰ ਲੋਧੀ ’ਚ ਪੁਲਿਸ ਵੱਲੋਂ ਗੋਲੀ ਚਲਾਉਣ ਸਬੰਧੀ ਰਿਪੋਰਟ ਜਨਤਕ ਕੀਤੀ ਗਈ, ਜਿਸ ਵਿਚ ਉਹਨਾਂ ਨੇ ਹੁਣ ਤੱਕ ਹੋਈ ਕਾਰਵਾਈ ਦੀ ਰਿਪੋਰਟ ਪੇਸ਼ ਕੀਤੀ। ਇਸ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੂੰ ਜਦੋਂ ਬਹਿਬਲ ਕਲਾਂ ਵਿਚ ਹੋਈ ਬੇਅਦਬੀ ਨੂੰ ਲੈ ਕੇ ਸਵਾਲ ਕੀਤਾ ਗਿਆ ਕਿ ਕੀ ਉਸ ਸਮੇਂ 5 ਮੈਂਬਰੀ ਕਮੇਟੀ ਬਣਾਈ ਗਈ ਸੀ ਤਾਂ ਧਾਮੀ ਨੇ ਕਿਹਾ ਕਿ ਇਹ ਉਹਨਾਂ ਤੋਂ ਪਹਿਲਾਂ ਦੀ ਗੱਲ ਹੈ, ਸਰਕਾਰ ਨੇ ਇਸ ਘਟਨਾ ਵਿਚ ਪਰਚਾ ਦਰਜ ਕਰ ਲਿਆ ਸੀ ਤੇ ਜਥੇਬੰਦੀਆਂ ਨੇ ਇਹ ਮੰਗ ਕੀਤੀ ਸੀ ਕਿ ਇਸ ਦੀ ਜਾਂਚ ਪੰਜਾਬ ਪੁਲਿਸ ਨਾ ਕਰੇ ਬਲਕਿ ਇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣੀ ਚਾਹੀਦੀ ਹੈ ਤੇ ਇਸ ਤੋਂ ਬਾਅਦ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ ਤੇ ਸਰਕਾਰ ਨੇ ਅਪਣੇ ਤੌਰ 'ਤੇ ਸਾਰੇ ਯਤਨ ਕੀਤੇ ਸਨ। 

ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਹਰਜਿੰਦਰ ਧਾਮੀ ਨੇ ਸੁਲਤਾਨਪੁਰ ਲੋਧੀ ਦੇ ਗੁਰੂ ਘਰ 'ਚ ਵਾਪਰੀ ਘਟਨਾ ਨੂੰ ਲੈ ਕੇ ਰਿਪੋਰਟ ਜਨਤਕ ਕੀਤੀ ਤੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਜੇ ਸੂਬੇ ਵਿਚ ਕਿਤੇ ਵੀ ਫਾਇਰਿੰਗ ਹੁੰਦੀ ਹੈ ਤਾਂ ਉਸ ਦੀ ਜਵਾਬਦੇਹੀ ਸਰਕਾਰ ਦੀ ਹੁੰਦੀ ਹੈ ਤੇ ਸੁਲਤਾਨਪੁਰ ਲੋਧੀ ਦੇ ਗੁਰੂ ਘਰ 'ਚ 1000 ਤੋਂ ਵੱਧ ਗੋਲੀਆਂ ਚੱਲੀਆਂ ਅਤੇ ਪੁਲਿਸ ਵੱਲੋਂ ਬੂਟ ਪਾ ਕੇ ਹਦੂਦ ਅੰਦਰ ਜਾਣਾ ਇਕ ਘਿਨਾਉਣੀ ਘਟਨਾ ਹੈ। 

ਧਾਮੀ ਨੇ ਕਿਹਾ ਕਿ ਪੁਲਿਸ ਦੀ ਗੋਲੀ ਨਾਲ ਇਕ ਘੋੜੇ ਦੀ ਮੌਤ ਹੋਈ ਤੇ ਘਟਨਾ ਦੌਰਾਨ ਜਖ਼ਮੀ ਹੋਏ ਸਿੰਘਾਂ ਦਾ ਹਸਪਤਾਲ 'ਚ ਇਲਾਜ ਵੀ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਗੋਲੀ ਚਲਾਉਣ ਤੋਂ ਪਹਿਲਾਂ ਕੋਈ ਚਿਤਾਵਨੀ ਨਾ ਦੇਣਾ ਸਹੀ ਗੱਲ ਨਹੀਂ ਹੈ ਤੇ ਪੁਲਿਸ ਕਿਸ ਦੇ ਹੁਕਮ 'ਤੇ ਗੁਰੂ ਘਰ 'ਚ ਬੂਟ ਪਾ ਕੇ ਦਾਖਲ਼ ਹੋਈ, ਇਹ ਵੱਡਾ ਸਵਾਲ ਹੈ। ਹਰਜਿੰਦਰ ਧਾਮੀ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੋਣ ਕਰ ਕੇ ਉਹ ਸਿੱਧੇ ਤੌਰ 'ਤੇ ਇਸ ਘਟਨਾ ਲਈ ਜ਼ਿੰਮੇਵਾਰ ਹਨ, ਘਟਨਾ ਬਾਰੇ ਕਿਸੇ ਨੂੰ ਜਵਾਬਦੇਹ ਨਾ ਠਹਿਰਾਉਣਾ ਪ੍ਰਸ਼ਸਾਨ ਦੀ ਸਿੱਧੇ ਤੌਰ 'ਤੇ ਨਾਕਾਮੀ ਹੈ।