ਸ਼੍ਰੋਮਣੀ ਕਮੇਟੀ ਦੀ ਅੰਤ੍ਰਿਮ ਕਮੇਟੀ ਦੇ ਫ਼ੈਸਲੇ : ਇਕ ਦਿਨਾਂ ਬਜਟ ਇਜਲਾਸ 30 ਮਾਰਚ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਚੰਡੀਗੜ੍ਹ : ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਯੂ.ਟੀ ਚੰਡੀਗੜ੍ਹ ਤੋਂ ਸਿੱਖ ਵੋਟਰਾਂ ਵਲੋਂ ਚੁਣੀ ਗਈ 170 ਮੈਂਬਰੀ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ...

Bhai Gobind Singh Longowal during meeting

ਚੰਡੀਗੜ੍ਹ : ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਯੂ.ਟੀ ਚੰਡੀਗੜ੍ਹ ਤੋਂ ਸਿੱਖ ਵੋਟਰਾਂ ਵਲੋਂ ਚੁਣੀ ਗਈ 170 ਮੈਂਬਰੀ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਬਜਟ ਇਜਲਾਸ ਇਸ ਵਾਰ, ਇਕ ਦਿਨ ਲਈ 30 ਮਾਰਚ ਨੂੰ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਹੋਵੇਗਾ ਜਿਸ 'ਚ  ਸਾਲ 2019-20 ਵਾਸਤੇ ਬਜਟ ਅਨੁਮਾਨ ਪ੍ਰਵਾਨ ਕੀਤੇ ਜਾਣਗੇ। ਸਾਲ 2018-19 ਦੇ 11.30 ਕਰੋੜ ਦੇ ਬਜਟ ਦੇ ਮੁਕਾਬਲੇ ਇਸ ਵਾਰ 10 ਫ਼ੀ ਸਦੀ ਬਜਟ ਅੰਕੜਾ ਵੱਧਣ ਦੀ ਆਸ ਹੈ।

ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਮਿਲੇਗਾ 3500-10000 ਰੁਪਏ ਦਾ ਵਜੀਫ਼ਾ : ਭਾਈ ਲੌਂਗੋਵਾਲ
ਅੱਜ ਇਥੇ ਸੈਕਟਰ-27 ਦੇ ਕਲਗੀਧਰ ਨਿਵਾਸ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ 'ਚ ਹੋਈ ਅੰਤ੍ਰਿਮ ਕਮੇਟੀ ਦੀ ਬੈਠਕ 'ਚ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਬਜਟ ਨਾਲ ਚਲਾਏ ਜਾ ਰਹੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਹੋਰ ਕਿੱਤਾ ਮੁਖੀ ਸੰਸਥਾਵਾਂ 'ਚ ਪੜ੍ਹ ਰਹੇ ਸੈਂਕੜੇ ਗੁਰਸਿੱਖ-ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਸਾਲਾਨਾ 3500 ਰੁਪਏ ਤੋਂ 10 ਹਜ਼ਾਰ ਰੁਪਏ ਤੱਕ ਦਾ ਵਜੀਫ਼ਾ ਦਿਤਾ ਜਾਵੇਗਾ। ਇਹ ਸ਼ਰਤ ਵੀ ਰੱਖ ਦਿਤੀ ਹੈ ਕਿ ਅੰਮ੍ਰਿਤਧਾਰੀ ਵਿਦਿਆਰਥੀ ਦੇ ਮਾਤਾ-ਪਿਤਾ ਵੀ ਅੰਮ੍ਰਿਤਧਾਰੀ ਹੋਣੇ ਲਾਜ਼ਮੀ ਹਨ। ਜਿਹੜੇ ਵਿਦਿਆਰਥੀ ਦੂਸਰੀ ਵਾਰ ਜਾਂ ਇਸ ਤੋਂ ਵੱਧ ਵਾਰ ਵਜੀਫ਼ਾ ਪ੍ਰਾਪਤ ਕਰਨ ਦੇ ਚਾਹਵਾਨ ਹੋਣ ਉਨ੍ਹਾਂ ਨੂੰ ਸਿੱਖ ਧਰਮ ਦਾ ਟੈਸਟ ਪਾਸ ਕਰਨਾ ਪਿਆ ਕਰੇਗਾ। 

ਉਲੰਪਿਕ-ਏਸ਼ੀਅਨ-ਨੈਸ਼ਨਲ ਗੁਰ ਸਿੱਖ ਖਿਡਾਰੀਆਂ ਨੂੰ ਇਨਾਮ : ਛੇਵੀਂ ਜਮਾਤ ਤੋਂ 10ਵੀਂ ਤੱਕ ਇਹ ਵਜੀਫ਼ਾ 3500 ਰੁਪਏ, 10ਵੀਂ ਤੋਂ 12ਵੀਂ ਤੱਕ 5000 ਰੁਪਏ, ਗ੍ਰੇਜੂਏਟ ਪੱਧਰ ਵਾਸਤੇ 8000 ਰੁਪਏ ਤੇ ਪੋਸਟ ਗ੍ਰੇਜੂਏਟ ਲਈ 10,000 ਰੁਪਏ ਸਾਲਾਨਾ ਵਜੀਫ਼ਾ ਮਿਲੇਗਾ। ਲੱਗਭਗ 3 ਘੰਟੇ ਚੱਲੀ ਅੰਤ੍ਰਿਮ ਕਮੇਟੀ ਦੀ ਇਸ ਬੈਠਕ ਤੋਂ ਬਾਦ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਪ੍ਰੈਸ ਕਾਨਫੰਰਸ 'ਚ ਦਸਿਆ ਕਿ ਵੱਖ-ਵੱਖ ਖੇਡਾਂ 'ਚ ਮੈਡਲ ਜਿੱਤਣ ਵਾਲੇ ਗੁਰਸਿੱਖ ਖਿਡਾਰਿਆਂ ਨੂੰ ਇਨਾਮ ਰਾਸ਼ੀ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇਸ 'ਚ ਉਲੰਪਿਕ, ਏਸ਼ੀਅਨ, ਕਾਮਨਵੈਲਥ, ਅਤੇ ਨੈਸ਼ਨਲ ਖੇਡਾਂ 'ਚ ਮੈਡਲ ਪ੍ਰਾਪਤ ਕਰਨ ਵਾਲੇ ਗੁਰਸਿੱਖ ਖਿਡਾਰੀ ਸ਼ਾਮਲ ਹੋਣਗੇ। 

250 ਧਰਮ ਪ੍ਰਚਾਰਕ ਪਿੰਡਾਂ 'ਚ ਜਾਣਗੇ : ਅੰਤ੍ਰਿਮ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਜੰਮੂ-ਕਸ਼ਮੀਰ ਅੰਦਰ ਪੈਂਦੇ ਗੁਰਦੁਆਰਾ ਸਿੰਘ ਸਭਾ ਪੰਗਧੋਰ-ਸਾਂਬਾ, ਖਾਲਸਾ ਕਲੋਨੀ ਕਰੋਥਲੀ, ਬੜੀ ਬ੍ਰਾਹਮਣਾਂ ਜੰਮੂ, ਮੱਗੋਵਾਲੀ ਆਰ.ਐਸ.ਪੁਰਾ, ਜੰਮੂ ਦੀਆਂ ਇਮਾਰਤਾਂ ਲਈ ਇਕ ਇਕ ਲੱਖ ਰੁਪਏ ਦੀ ਮਦਦ ਭੇਜੀ ਜਾਵੇ। ਇਸਾਈ ਮਿਸ਼ਨਰੀਆਂ ਵਲੋਂ ਦਲਿਤ ਸਿੱਖਾਂ ਦਾ ਧਰਮ ਪ੍ਰਵਰਤਨ ਕੀਤੇ ਜਾਣ ਨੂੰ ਰੋਕਣ ਲਈ ਪੁੱਛੇ ਜਾਣ  'ਤੇ ਸੁਆਲਾਂ ਦਾ ਜੁਆਬ ਦਿੰਦੇ ਹੋਏ ਭਾਈ ਲੌਂਗੋਵਾਲ ਨੇ ਸਪੱਸ਼ਟ ਕੀਤਾ ਕਿ 250 ਦੇ ਕਰੀਬ ਸਿੱਖ ਪ੍ਰਚਾਰਕ ਅਤੇ 50 ਤੋਂ ਵੱਧ ਧਰਮ ਸਿਖਾਉਣ ਵਾਲੇ ਟੀਚਰ ਰੱਖੇ ਹਨ ਜੋ ਪਿੰਡ-ਪਿੰਡ ਤੱਕ ਨਿਯਮਬੱਧ ਪ੍ਰਚਾਰ ਕਰਦੇ ਰਹਿਣਗੇ। 

ਕਰਤਾਰਪੁਰ ਲਾਂਘੇ ਦੇ ਸ਼ਰਥਾਲੁਆਂ ਲਈ ਲੰਗਰ-ਸਰਾਵਾਂ ਦਾ ਪ੍ਰਬੰਧ : ਕਰਤਾਰਪੁਰ ਲਾਂਘੇ ਵਾਸਤੇ ਸ੍ਰੋਮਣੀ ਕਮੇਟੀ ਵਲੋਂ ਪਾਏ ਯੋਗਦਾਨ ਸਬੰਧੀ ਪੁੱਛੇ ਸੁਆਲ ਦਾ ਜੁਆਬ ਦਿੰਦਿਆਂ ਪ੍ਰਧਾਨ ਨੇ ਕਿਹਾ ਕਿ ਕਮੇਟੀ ਦੇ ਫ਼ੰਡਾਂ 'ਚੋਂ ਸ਼ਰਧਾਲੂਆਂ ਵਾਸਤੇ ਸਰਾਵਾਂ, ਲੰਗਰ, ਰੈਣ-ਬਸੇਰਾ ਆਦਿ ਦਾ ਪ੍ਰਬੰਧ ਜਰੂਰ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਦੀ ਸਹਿਮਤੀ ਨਾਲ ਬਾਕੀ ਬੰਦੋਬਸਤ ਵੀ ਜਾਰੀ ਰੱਖੇ ਜਾਣਗੇ। ਨਵਾਂ ਸ਼ਹਿਰ ਦੇ 3 ਸਿੱਖ ਨੌਜੁਆਨਾਂ ਪਾਸੋਂ ਗ਼ੈਰ-ਕਾਨੂੰਨੀ ਲਿਟਰੇਚਰ ਮਿਲਣ ਅਤੇ ਦਹਿਸ਼ਤਗ਼ਰਦੀ ਘਟਨਾਵਾਂ 'ਚ ਲੱਗੇ ਦੋਸ਼ਾਂ ਕਰ ਕੇ ਮਿਲੀ ਉਮਰ ਕੈਦ ਦੀ ਸਜ਼ਾ ਸਬੰਧੀ ਪੁੱਛੇ ਸੁਆਲਾਂ ਦਾ ਜੁਆਬ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਦੇ ਮਾਪਿਆਂ ਜਾਂ ਸਕੇ ਸਬੰਧੀਆਂ ਵਲੋਂ ਫਿਲਹਾਲ ਮਦਦ ਵਾਸਤੇ ਕੋਈ ਲਿਖ਼ਤੀ ਬੇਨਤੀ ਪ੍ਰਾਪਤ ਨਹੀਂ ਹੋਈ। ਅਰਜ਼ੀ ਮਿਲਣ 'ਤੇ ਹੀ ਕੇਸ ਨੂੰ ਘੋਖ਼ ਕੇ ਕੋਈ ਮੁਫ਼ਤ ਕਾਨੂੰਨੀ ਮਦਦ ਬਾਰੇ ਸ੍ਰ੍ਰੋਮਣੀ ਕਮੇਟੀ ਸੋਚੇਗੀ।

'ਆਪ' ਦੇ ਵਿਧਾਇਕ ਸ. ਹਰਵਿੰਦਰ ਸਿੰਘ ਫੁਲਕਾ ਵਲੋਂ ਸ਼੍ਰੋਮਣੀ ਕਮੇਟੀ 'ਚ ਸਿਆਸਤੀ ਨੇਤਾਵਾਂ ਨੂੰ ਲਾਂਭੇ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਬਾਰੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਪੱਸ਼ਟ ਕੀਤਾ ਕਿ ਇਸ ਕਮੇਟੀ 'ਚ ਮਾਸਟਰ ਤਾਰਾ ਸਿੰਘ ਦੇ ਵੇਲੇ ਤੋਂ ਹੀ ਧਰਮ ਤੇ ਸਿਆਸਤ ਦਾ ਸੁਮੇਲ ਰਿਹਾ ਹੈ, ਅੱਜ ਵੀ ਜਾਰੀ ਹੈ। ਚੋਣਾਂ ਗੁਰਦੁਆਰਾ ਐਕਟ ਮੁਤਾਬਕ ਹੁੰਦੀਆਂ ਹਨ ਅਤੇ ਕਿਸੇ ਵੀ ਪਰਵਾਰ ਜਾਂ ਸਿਆਸੀ ਨੇਤਾ ਦਾ ਇਨ੍ਹਾਂ ਤੇ ਅਧਿਕਾਰ ਜਾਂ ਕੰਟਰੋਲ ਨਹੀਂ ਹੈ, ਸਾਰੇ ਫ਼ੈਸਲੇ ਬਹੁਮਤ ਨਾਲ ਹੁੰਦੇ ਹਨ।