Panthak News: ਮੰਨੂਵਾਦ ਅਤੇ ਮਲਕ ਭਾਗੋਆਂ ਤੋਂ ਮੁਕਤੀ ਬਿਨਾਂ ਨਾ ਅਕਾਲੀ ਦਲ ਬਚਣੈ ਨਾ ਪੰਜਾਬ ਬਚਣੈ: ਖਾਲੜਾ ਮਿਸ਼ਨ
ਸੁਖ ਵਿਲਾਸ ਵਰਗੇ ਹੋਟਲਾਂ ਦੇ ਮਾਲਕ ਕਿਹੜੇ ਮੂੰਹ ਨਾਲ ਕਿਸਾਨ, ਗ਼ਰੀਬ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਹਨ?
ਟਾਂਗਰਾ/ਅੰਮ੍ਰਿਤਸਰ (ਸੁਰਜੀਤ ਸਿੰਘ ਖ਼ਾਲਸਾ): ਬਾਦਲਕਿਆਂ ਵਲੋਂ ਅਕਾਲੀ ਦਲ ਦਾ ਭੋਗ ਪਾਉਣ ਤੋਂ ਬਾਅਦ ਅਕਾਲੀ ਦਲ ਬਚਾ ਕੇ ਪੰਜਾਬ ਬਚਾਉਣ ਦਾ ਮਚਾਇਆ ਜਾ ਰਿਹਾ ਸ਼ੋਰ, ਸਿੱਖ ਪੰਥ ਤੇ ਪੰਜਾਬ ਨੂੰ ਗੁਮਰਾਹ ਕਰਨ ਵਾਲਾ ਹੈ। ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ, ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਹੈ ਕਿ ਮੰਨੂਵਾਦ ਤੇ ਮਲਕ ਭਾਗੋਆਂ ਤੋਂ ਮੁਕਤੀ ਪ੍ਰਾਪਤ ਕੀਤੇ ਬਿਨਾਂ ਅਕਾਲੀ ਦਲ ਨਹੀਂ ਬਚਣਾ ਅਤੇ ਪੰਜਾਬ ਨੂੰ ਬਚਾਉਣ ਲਈ ਮੰਨੂਵਾਦੀਆਂ ਤੇ ਮਲਕ ਭਾਗੋਆਂ ਤੋਂ ਮੁਕਤੀ ਪ੍ਰਾਪਤ ਕਰਨੀ ਪਵੇਗੀ।
ਉਨ੍ਹਾਂ ਕਿਹਾ ਕਿ ਬਾਦਲਕਿਆਂ ਨੇ ਅਪਣਾਉਣਾ ਸੀ ਕਰਤਾਰਪੁਰ ਸਾਹਿਬ ਮਾਡਲ ਪਰ ਅਪਣਾ ਲਿਆ ਦਿੱਲੀ-ਨਾਗਪੁਰ ਮਾਇਆਧਾਰੀ ਮਾਡਲ। ਇਸੇ ਕਾਰਨ ਧਰਮ ਯੁੱਧ ਮੋਰਚੇ ਨਾਲ ਬਾਦਲਕਿਆਂ ਨੇ ਗ਼ਦਾਰੀਆਂ ਕੀਤੀਆਂ, ਝੂਠੇ ਮੁਕਾਬਲਿਆਂ ਰਾਹੀਂ ਮੰਨੂਵਾਦੀ ਧਿਰਾਂ ਨਾਲ ਰਲ ਕੇ ਕੁਲਨਾਸ਼ ਕਰਵਾਈ, ਚਿੱਟੇ ਰਾਹੀਂ ਜਵਾਨੀ ਦੀ ਬਰਬਾਦੀ ਹੋਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਹਾਂਪਾਪ ਹੋਏ, ਜਾਇਦਾਦਾਂ ਦੇ ਅੰਬਾਰ ਲਾਏ। ਬਾਦਲਕਿਆਂ ਨੇ ਸਿੱਖੀ ਨੂੰ ਢਾਹ ਲਾਉਣੀ ਸ਼ੁਰੂ ਕੀਤੀ ਜਦੋਂ ਉਨ੍ਹਾਂ ਬਾਬਾ ਬੂਝਾ ਸਿੰਘ ਵਰਗਿਆਂ ਦੇ ਝੂਠੇ ਮੁਕਾਬਲੇ ਬਣਾ ਕੇ ਝੂਠੇ ਮੁਕਾਬਲਿਆਂ ਦੀ ਪਿਰਤ ਪੰਜਾਬ ਦੀ ਧਰਤੀ ’ਤੇ ਪਾਈ। ਦਿੱਲੀ ਨਾਗਪੁਰ ਨਾਲ ਰਲ ਕੇ ਇਨ੍ਹਾਂ ਕੇ.ਪੀ.ਐਸ. ਗਿੱਲ ਵਰਗਿਆਂ ਨਾਲ ਗੁਪਤ ਮੀਟਿੰਗਾਂ ਕਰ ਕੇ ਹਜ਼ਾਰਾਂ ਦੀ ਗਿਣਤੀ ਵਿਚ ਜਵਾਨੀ ਝੂਠੇ ਮੁਕਾਬਲਿਆਂ ਵਿਚ ਸ਼ਹੀਦ ਕਰਵਾਈ।
ਸ਼ਰਮ ਦੀ ਗੱਲ ਹੈ ਕਿ ਸੈਂਕੜੇ ਹਜ਼ਾਰਾਂ ਨੌਜਵਾਨਾਂ ਦੇ ਕਾਤਲ ਸੈਣੀ ਨੂੰ ਡੀ.ਜੀ.ਪੀ. ਲਗਾਉਣ ਵਾਲੇ ਅਜੇ ਵੀ ਪੰਜਾਬ ਬਚਾਉਣ ਦੀਆਂ ਗੱਲਾਂ ਕਰ ਰਹੇ ਹਨ। ਸੁਖ ਵਿਲਾਸ ਵਰਗੇ ਹੋਟਲਾਂ ਦੇ ਮਾਲਕ, ਕਾਰਪੋਰੇਟ ਘਰਾਣਿਆਂ ਦੇ ਯਾਰ ਕਿਹੜੇ ਮੂੰਹ ਨਾਲ ਕਿਸਾਨ, ਗ਼ਰੀਬ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਧਾਰਮਕ ਆਗੂਆਂ ਵਲੋਂ ਇਨ੍ਹਾਂ ਨੂੰ ਪਾਪੀ ਕਾਰਿਆਂ ਤੋਂ ਵਰਜਣ ਦੀ ਬਜਾਏ ਫ਼ਕਰੇ ਕੌਮ ਬਣਾ ਦਿਤਾ ਗਿਆ।
ਜਾਇਦਾਦਾਂ ਬਣਾਉਣ ਲਈ ਕਾਂਗਰਸੀਆਂ, ਭਾਜਪਾਈਆਂ ਦੇ ਚਰਨੀਂ ਪੈ ਗਏ, ਪਰ ਬੰਦੀ ਸਿੱਖਾਂ ਦੀ ਰਿਹਾਈ ਕਰਾਉਣ ਦੀ ਬਜਾਏ ਉਨ੍ਹਾਂ ਨੂੰ ਅਤਿਵਾਦੀ ਦਸਦੇ ਰਹੇ। ਜਥੇਬੰਦੀਆਂ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਧਾਰਾ 370 ਰੱਦ ਕਰਾਉਣ ਦੇ ਹੱਕ ਵਿਚ ਵੋਟਾਂ ਪਾਉਣ ਵਾਲੇ ਪੰਜਾਬ ਦੇ ਦਰਦੀ ਕਿਵੇਂ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਵਿਧਾਨ ਸਭਾ ਅੰਦਰ ਤਾਲੇ ਲਾਉਣ ਦੀ ਬਜਾਏ ਜ਼ੁਬਾਨਾਂ ਉਪਰ ਤਾਲੇ ਖੁਲ੍ਹਵਾਉਣ ਲਈ ਅੱਗੇ ਆਉਂਦੀ।
ਸ੍ਰੀ ਦਰਬਾਰ ਸਾਹਿਬ ਉਪਰ ਹੋਏ ਫ਼ੌਜੀ ਹਮਲੇ ਸਮੇਂ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਬਾਰੇ ਵਿਧਾਨ ਸਭਾ ਵਿਚ ਚਰਚਾ ਕਰਨ ਲਈ ਜ਼ਬਾਨਾਂ ਨੂੰ ਲੱਗੇ ਤਾਲੇ ਖੁਲ੍ਹਣੇ ਚਾਹੀਦੇ ਸਨ। ਹਾਈ ਕੋਰਟ ਵਿਚ ਪੇਸ਼ ਹੋਈਆਂ ਐਸ.ਟੀ.ਐਫ਼ ਦੀਆਂ ਰਿਪੋਰਟਾਂ ਬਾਰੇ ਚਰਚਾ ਹੋਣੀ ਚਾਹੀਦੀ ਸੀ। ਚਰਚਾ ਹੋਣੀ ਚਾਹੀਦੀ ਸੀ ਕਿਵੇਂ ਰਾਜਜੀਤ ਵਰਗੇ ਬਚ ਨਿਕਲੇ। ਉਨ੍ਹਾਂ ਕਿਹਾ ਕਿ ਝੂਠ ਦਾ ਬੋਲਬਾਲਾ ਵੇਖੋ ਭਾਜਪਾ ਸਰਕਾਰਾਂ ਕਿਸਾਨਾਂ ਨੂੰ ਮਾਰ ਰਹੀਆਂ ਹਨ, ਜ਼ਖ਼ਮੀ ਕਰ ਰਹੀਆਂ ਹਨ, ਪਰ ਬਾਦਲਕੇ ਭਾਜਪਾ ਆਗੂਆਂ ਦੇ ਧਨਵਾਦ ਕਰ ਰਹੇ ਹਨ, ਗੱਲਾਂ ਪੰਜਾਬ ਬਚਾਉਣ ਦੀਆਂ ਕਰ ਰਹੇ ਹਨ।