Panthak News: ਜਥੇਦਾਰ ਗੜਗੱਜ 2 ਦਸੰਬਰ ਦੇ ਫ਼ੈਸਲਿਆਂ ਬਾਰੇ ਜਾਂ ਤਾਂ ਖਾਮੋਸ਼ ਰਹਿਣ ਜਾਂ ਫਿਰ ਅਸਤੀਫ਼ਾ ਦੇ ਕੇ ਲਾਂਭੇ ਹੋ ਜਾਣ: ਪੰਜੋਲੀ
''ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਹਾਲੇ ਖ਼ਾਲਸਾ ਪੰਥ ਨੇ ਬਤੌਰ ਜਥੇਦਾਰ ਮਾਨਤਾ ਨਹੀਂ ਦਿਤੀ''
ਫ਼ਤਿਹਗੜ੍ਹ ਸਾਹਿਬ (ਸਵਰਨਜੀਤ ਸਿੰਘ ਸੇਠੀ): ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਹਾਲੇ ਖ਼ਾਲਸਾ ਪੰਥ ਨੇ ਬਤੌਰ ਜਥੇਦਾਰ ਮਾਨਤਾ ਨਹੀਂ ਦਿਤੀ ਪਰ ਉਹ ਜਥੇਦਾਰ ਵਜੋਂ ਸਰਗਰਮ ਹਨ ਜਿਸ ਕਰ ਕੇ ਕੌਮ ਵਿਚ ਨਵੇਂ ਬਿਖੇੜੇ ਖੜੇ ਹੋਣ ਦੇ ਆਸਾਰ ਹਨ।
ਕੌਮ ਵਿਚ ਸਖ਼ਤ ਰੋਹ ਹੈ ਕਿ 2 ਦਸੰਬਰ ਵਾਲੇ ਫ਼ੈਸਲੇ ਸਿੱਖ ਹਿਤਾਂ ਅਨੁਸਾਰ ਬਿਲਕੁਲ ਸਹੀ ਸਨ ਪਰ ਬਾਦਲ ਧੜੇ ਨੇ ਇਨ੍ਹਾਂ ਫ਼ੈਸਲਿਆਂ ਤੋਂ ਨਾਰਾਜ਼ ਹੋ ਕੇ ਜਥੇਦਾਰ ਸਾਹਿਬਾਨ ਨੂੰ ਲਾਹ ਕੇ ਗਿਆਨੀ ਕੁਲਦੀਪ ਸਿੰਘ ਗੜੱਗਜ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਕਰ ਦਿਤਾ ਅਤੇ ਬਾਬਾ ਟੇਕ ਸਿੰਘ ਧਨੌਲੇ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਐਲਾਨ ਦਿਤਾ ਪਰ ਕੌਮ ਨੇ ਐਨਾ ਸਖ਼ਤ ਵਿਰੋਧ ਕੀਤਾ ਕਿ ਭਾਈ ਗੜਗੱਜ ਦੀ ਅੱਧੀ ਰਾਤ ਦਸਤਾਰਬੰਦੀ ਕਰਵਾਈ ਗਈ ਅਤੇ ਬਾਬਾ ਧਨੌਲਾ ਨੂੰੰ ਤਾਂ ਦਸਤਾਰਬੰਦੀ ਕਰਵਾਈ ਹੀ ਨਹੀਂ ਜਾ ਸਕੀ।
ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਹੀ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ ਹੀ ਭਾਈ ਗੜੱਗਜ ਦੋ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ। ਇਕ ਤਾਂ ਉਹ ਕਹਿੰਦੇ ਹਨ ਕਿ 2 ਦਸੰਬਰ ਵਾਲੇ ਫ਼ੈਸਲੇ ਨਹੀਂ ਛੇੜਨੇ ਅਤੇ ਦੂਜੇ ਪਾਸੇ ਕਹੀ ਜਾਂਦੇ ਨੇ ਕਿ ਬਾਦਲ ਧੜਾ ਵੀ ਬਰਾਬਰ ਦਾ ਹੱਕਦਾਰ ਹੈ ਜਦੋਂ ਕਿ 2 ਦਸੰਬਰ ਦੇ ਫ਼ੈਸਲੇ ਅਨੁਸਾਰ ਤਾਂ ਬਾਦਲ ਧੜਾ ਸਿੱਖ ਕੌਮ ਦੀ ਅਗਵਾਈ ਤੋਂ ਅਯੋਗ ਐਲਾਨਿਆ ਗਿਆ ਸੀ ਅਤੇ ਨਵੇਂ ਅਕਾਲੀ ਦਲ ਦੀ ਸਿਰਜਣਾ ਲਈ ਇਕ ਕਮੇਟੀ ਦਾ ਐਲਾਨ ਕਰ ਕੇ ਭਰਤੀ ਕਰਨ ਦਾ ਹੁਕਮ ਹੋਇਆ ਸੀ।
ਜੇ ਬਾਦਲ ਧੜਾ ਵੀ ਬਰਾਬਰ ਦਾ ਹੱਕਦਾਰ ਹੁੰਦਾ ਤਾਂ ਭਰਤੀ ਕਮੇਟੀ ਦੀ ਕੋਈ ਤੁਕ ਹੀ ਨਹੀਂ ਸੀ ਬਣਦੀ। ਉਨ੍ਹਾਂ ਕਿਹਾ ਕਿ ਪਤਾ ਨਹੀਂ ਜਥੇਦਾਰ ਗੜਗੱਜ ਕਿਹੜੇ ਨਵੇਂ ਹੀ ਮਾਪਦੰਡ ਲਿਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਰਬ ਪ੍ਰਵਾਨਤ ਜਥੇਦਾਰ ਬਣਨ ਦੀ ਥਾਂ ਬਾਦਲ ਧੜੇ ਦੀ ਹਮਾਇਤ ਕਰਦਿਆਂ ਕੌਮ ਨਾਲ ਟਕਰਾਅ ਵਾਲੀ ਸਥਿਤੀ ਪੈਦਾ ਕਰ ਰਹੇ ਹਨ ਜਿਸ ਨਾਲ ਕੌਮ ਦਾ ਸੰਕਟ ਤੇ ਸੰਤਾਪ ਹੋਰ ਵੱਡਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਜਾਂ ਤਾਂ ਅਸਤੀਫ਼ਾ ਦੇ ਕੇ ਲਾਂਭੇ ਹੋ ਜਾਣ ਜਾਂ ਸ਼੍ਰੋਮਣੀ ਕਮੇਟੀ ਵਲੋਂ ਜਥੇਦਾਰ ਸਾਹਿਬਾਨ ਦੇ ਸੇਵਾ ਨਿਯਮ ਘੜਨ ਮਗਰੋਂ ਵਿਧੀ ਵਿਧਾਨ ਤਹਿਤ ਜਥੇਦਾਰ ਥਾਪੇ ਜਾਣ ਤਕ ਖਾਮੋਸ਼ੀ ਨਾਲ ਵਕਤ ਲੰਘਾਉਣ।