ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਵਿਵਾਦਾਂ ਵਿਚ ਘਿਰੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰਦਵਾਰਾ ਡਾਇਰੈਕਟਰ ਨੂੰ ਚਿੱਠੀ ਲਿਖ ਕੇ, ਗੁਰਮੀਤ ਸਿੰਘ ਸ਼ੰਟੀ ਨੇ ਮੀਟਿੰਗ 'ਤੇ ਰੋਕ ਲਾਉਣ ਦੀ ਕੀਤੀ ਮੰਗ

Delhi Gurudwara Committee

ਨਵੀਂ ਦਿੱਲੀ: 7 ਮਈ (ਅਮਨਦੀਪ ਸਿੰਘ) ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ 12 ਮਈ ਨੂੰ ਹੋਣ ਵਾਲੀ ਮੀਟਿੰਗ ਪਹਿਲਾਂ ਹੀ ਵਿਵਾਦਾਂ ਵਿਚ ਘਿਰ ਗਈ ਹੈ।ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਾਰਡ ਨੰਬਰ 07, ਤ੍ਰੀ ਨਗਰ ਤੋਂ ਮੌਜੂਦਾ ਮੈਂਬਰ ਤੇ ਦਿੱਲੀ ਕਮੇਟੀ ਦੇ ਹੀ ਸਾਬਕਾ ਜਨਰਲ ਸਕੱਤਰ ਸ.ਗੁਰਮੀਤ ਸਿੰਘ ਸ਼ੰਟੀ ਨੇ ਦਿੱਲੀ ਸਰਕਾਰ ਦੇ ਗੁਰਦਵਾਰਾ ਡਾਇਰੈਕਟੋਰੇਟ ਨੂੰ ਚਿੱਠੀ ਲਿੱਖ ਕੇ, ਦਿੱਲੀ ਸਿੱਖ ਗੁਰਦਵਾਰਾ ਐਕਟ -1971 ਦੇ ਨਿਯਮਾਂ ਦਾ ਹਵਾਲਾ ਦੇ ਕੇ, ਜਨਰਲ ਹਾਊਸ ਦੀ ਮੀਟਿੰਗ ਰੱਦ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਇਹ ਮੀਟਿੰਗ ਰੱਦ ਕਰ ਕੇ, ਪਹਿਲਾਂ ਮੇਰੇ ਸਣੇ ਸਾਰੇ ਕਮੇਟੀ ਮੈਂਬਰਾਂ ਨੂੰ ਪਿਛਲੇ ਸਾਲ 30 ਮਾਰਚ 2017 ਨੂੰ ਹੋਈ ਗੁਰਦਵਾਰਾ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਦੀ ਕਾਰਵਾਈ ਦਾ ਰੀਕਾਰਡ ਭੇਜਿਆ ਜਾਵੇ। 
ਸ. ਸ਼ੰਟੀ ਨੇ ਗੁਰਦਵਾਰਾ ਡਾਇਰੈਕਟਰ ਆਈਏਐਸ ਸ.ਸ਼ੂਰਬੀਰ ਸਿੰਘ ਨੂੰ ਚਿੱਠੀ ਭੇਜ ਕੇ, ਮੰਗ ਕੀਤੀ ਹੈ, ' ਉਹ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਹਦਾਇਤ ਕਰਨ ਕਿ ਉਹ ਮੈੰਨੂੰੰ ਪਿਛਲੀ ਮੀਟਿੰਗ ਦੀ ਕਾਰਵਾਈ ਭੇਜਣ। ਪਹਿਲੇ ਜਨਰਲ ਹਾਊਸ ਦੀ ਮੀਟਿੰਗ ਦੀ ਕਾਰਵਾਈ (ਮਿਨਟਸ ਆਫ਼ ਮੀਟਿੰਗ) ਮੈਨੂੰ ਨਹੀਂ ਭੇਜੀ ਗਈ, ਫਿਰ ਉਸ ਕਾਰਵਾਈ ਨੂੰ 12 ਮਈ ਦੀ ਮੀਟਿੰਗ ਵਿਚ ਕਿਸ ਤਰ੍ਹਾਂ ਪ੍ਰਵਾਨ ਕਰਵਾਇਆ ਜਾਵੇਗਾ,  ਕਿਉਂਕਿ ਮੈਂ ਤਾਂ ਨਿੱਜੀ ਕਾਰਨਾਂ ਕਰ ਕੇ, 30 ਮਾਰਚ ਵਾਲੀ ਮੀਟਿੰਗ ਵਿਚ ਸ਼ਾਮਲ ਹੀ ਨਹੀਂ ਸੀ ਹੋ ਸਕਿਆ ਤੇ ਮੈਂ ਤਾਂ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ 22 ਫ਼ਰਵਰੀ, 2018 ਨੂੰ ਤੁਹਾਡੇ ਸਾਹਮਣੇ ਮੈਂਬਰ ਵਜੋਂ ਸਹੁੰ ਲਈ ਸੀ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਸ ਜਨਰਲ ਹਾਊਸ ਦੀ ਮੀਟਿੰਗ ਵਿਚ ਕੀ ਮੁੱਦੇ ਵਿਚਾਰੇ ਗਏ ਸਨ।'
ਦਰਅਸਲ ਸ.ਸ਼ੰਟੀ ਨੇ ਨਿੱਜੀ ਕਾਰਨਾਂ ਕਰ ਕੇ,  ਤਕਰੀਬਨ ਇਕ ਸਾਲ ਪਿਛੋਂ ਮੈਂਬਰ ਵਜੋਂ ਸਹੁੰ ਚੁਕੀ ਸੀ।

ਉਨ੍ਹਾਂ ਇਹ ਵੀ ਲਿਖਿਆ ਹੈ ਕਿ ਪ੍ਰਧਾਨ ਦਿੱਲੀ ਕਮੇਟੀ ਵਲੋਂ ਮੈਂਬਰਾਂ ਨੂੰ 12 ਮਈ ਦੀ ਜਨਰਲ ਹਾਊਸ ਮੀਟਿੰਗ ਵਾਸਤੇ ਮੈਂਬਰਾਂ  ਨੂੰ ਜੋ ਸੱਦਾ ਚਿੱਠੀ ਨੰਬਰ 4882-6, 27 ਅਪ੍ਰੈਲ, 2018 ਭੇਜੀ ਗਈ ਹੈ, ਉਸ ਨਾਲ ਪਿਛਲੀ ਮੀਟਿੰਗ ਦੀ ਕਾਰਵਾਈ ਹੀ ਨਹੀਂ ਭੇਜੀ ਗਈ।ਸ.ਸ਼ੰਟੀ ਨੇ ਦਿੱਲੀ ਸਿੱਖ ਗੁਰਦਵਾਰਾ ਐਕਟ 1971 ਦੇ ਹਵਾਲੇ ਨਾਲ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੂੰ ਵੀ ਚਿੱਠੀ ਲਿੱਖ ਕੇ, ਪਿਛਲੀ ਜਨਰਲ ਹਾਊਸ ਦੀ ਕਾਰਵਾਈ ਦੇ ਰੀਕਾਰਡ ਦੀ ਮੰਗ ਕੀਤੀ ਹੈ ਤੇ ਇਸ ਮੀਟਿੰਗ ਨੂੰ ਮੁਲਤਵੀ ਕਰ ਕੇ, ਕਿਸੇ ਹੋਰ ਤਰੀਕ ਨੂੰ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਗੁਰਦਵਾਰਾ ਨਿਯਮਾਂ ਮੁਤਾਬਕ ਜਨਰਲ ਹਾਊਸ ਦੀ ਮੀਟਿੰਗ ਸੱਦਣ ਲਈ ਮੈਂਬਰਾਂ ਨੂੰ ਘੱਟੋ-ਘੱਟ 15 ਦਿਨ ਪਹਿਲਾਂ ਇਤਲਾਹ ਕਰਨਾ ਜ਼ਰੂਰੀ ਹੈ, ਜਦੋਂ ਕਿ ਸ.ਸ਼ੰਟੀ ਨੇ ਚਿੱਠੀ 'ਚ ਦਾਅਵਾ ਕੀਤਾ ਹੈ ਕਿ  ਉਨ੍ਹਾਂ ਨੂੰ 28 ਅਪ੍ਰੈਲ ਨੂੰ ਜਾਰੀ ਕੀਤੀ ਗਈ ਚਿੱਠੀ, 5 ਮਈ, ਸ਼ਾਮ 7 ਵੱਜੇ ਕਮੇਟੀ ਦੇ ਸੇਵਾਦਾਰ ਸ.ਜਸਬੀਰ ਸਿੰਘ ਰਾਹੀਂ ਪ੍ਰਾਪਤ ਹੋਈ ਹੈ।'ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਸ.ਸ਼ੰਟੀ ਨੇ ਦਾਅਵਾ ਕੀਤਾ ਕਿ ਪਿਛਲੀ ਮੀਟਿੰਗ ਦੇ ਰੀਕਾਰਡ ਨਾਲ ਛੇੜਛਾੜ ਕੀਤੀ ਗਈ ਹੈ ਤੇ 12 ਮਈ ਦੀ ਮੀਟਿੰਗ ਵਿਚ ਮੌਜੂਦਾ ਜਨਰਲ ਸਕੱਤਰ ਦੀਆਂ ਤਾਕਤਾਂ ਖੋਹਣ ਦੀ ਵੀ ਸਾਜ਼ਸ਼ ਹੋ ਸਕਦੀ ਹੈ।