12ਵੀਂ ਜਮਾਤ ਦੀ ਇਤਿਹਾਸ ਪੁਸਤਕ ਦਾ ਮਾਮਲਾ ਨਵੀ ਕਿਤਾਬ 'ਤੇ ਪਾਬੰਦੀ ਲਾਵੇ ਪੰਜਾਬ ਸਰਕਾਰ: ਲੌਂਗੋਵਾਲ
ਪੁਰਾਣੀ ਪੁਸਤਕ ਲਾਗੂ ਕਰਨ ਲਈ ਸਰਕਾਰ ਨੂੰ 10 ਦਿਨ ਦਾ ਸਮਾਂ ਦਿਤਾ
ਅੰਮ੍ਰਿਤਸਰ 7 ਮਈ ( ਸੁਖਵਿੰਦਰਜੀਤ ਸਿੰਘ ਬਹੋੜੂ ): 12ਵੀਂ ਜਮਾਤ ਦੀ ਪੁਸਤਕ ਵਿਚੋਂ ਗੁਰ ਇਤਿਹਾਸ ਖ਼ਤਮ ਕਰਨ ਵਿਰੁਧ ਅੱਜ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਚ ਸ਼ੋਮਣੀ ਕਮੇਟੀ ਮੈਬਰਾਂ, ਧਰਮ ਪ੍ਰਚਾਰ ਕਮੇਟੀ, ਸਿੱਖ ਇਤਿਹਾਸ ਖੋਜ ਬੋਰਡ ਦੇ ਮੈਂਬਰਾਂ ਨੇ ਵਿਸ਼ੇਸ਼ ਬੈਠਕ ਕਰ ਕੇ ਪੰਜਾਬ ਕਾਂਗਰਸ ਵਿਰੁਧ ਰੋਸ ਜ਼ਾਹਰ ਕੀਤਾ। ਸ਼੍ਰੋਮਣੀ ਕਮੇਟੀ ਨੇ ਨਵੀਂ ਕਿਤਾਬ 'ਤੇ ਤੁਰਤ ਪਾਬੰਦੀ ਲਾਉਣ ਅਤੇ 10 ਦਿਨਾਂ ਦੇ ਅੰਦਰ ਪੁਰਾਣੀ ਪੁਸਤਕ ਲਾਗੂ ਕਰਨ ਦੀ ਮੰਗ ਕੀਤੀ ਹੈ। ਜੇ ਇਹ ਮੰਗ ਨਾ ਮੰਨੀ ਗਈ ਤਾਂ 19 ਮਈ ਨੂੰ ਗੁ ਮੰਜੀ ਸਾਹਿਬ ਤੋਂ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਸ਼ੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੱਤਰਕਾਰ ਸੰਮੇਲਨ ਵਿਚ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਜਾਣਬੁੱਝ ਕੇ ਸਿੱਖਾਂ ਦੀ ਵਿਲੱਖਣ ਹੋਦ ਤੇ ਸ਼ਾਨਾਮਤੇ ਇਤਿਹਾਸ ਨਾਲੋ ਪੰਜਾਬ ਦੀ ਨੌਜਵਾਨੀ ਨੂੰ ਤੋੜਨ ਦੀ ਨਿੰਦਣਯੋਗ ਕੰਮ ਕੀਤਾ ਹੈ। ਸਰਕਾਰ ਦੀ ਇਸ ਕੋਝੀ ਹਰਕਤ ਨਾਲ ਪੰਜਾਬੀਆਂ ਅੰਦਰ ਦੁਬਿਧਾ ਪੈਦਾ ਹੋਈ ਹੈ। ਪੁਸਤਕ ਸਬੰਧੀ ਸਿੱਖ ਕੌਮ ਅੰਦਰ ਰੋਹ ਹੈ। ਜੇ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਕੱਢ ਦਈਏ ਤਾਂ ਇਹ ਪੰਜਾਬ ਦਾ ਇਤਿਹਾਸ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨਵੀ ਕਿਤਾਬ 'ਤੇ ਰੋਕ ਲਾ ਕੇ ਪਹਿਲਾਂ ਵਾਲੇ ਸਿਲੇਬਸ ਨੂੰ ਲਾਗੂ ਕੀਤਾ ਜਾਵੇ। ਨਵੀਂ ਪੁਸਤਕ ਵਿਚੋਂ ਸਿੱਖ ਕੌਮ ਦਾ ਇਤਿਹਾਸ ਖ਼ਤਮ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿਤੀ ਜਾਵੇ।