Punjab News: ਬਾਬਾ ਬਲਬੀਰ ਸਿੰਘ ਵਲੋਂ ਕੁਲਵਿੰਦਰ ਕੌਰ ਤੇ ਉਸ ਦੇ ਪ੍ਰਵਾਰ ਦਾ ਪੂਰਾ ਮਾਨ ਸਨਮਾਨ ਕਾਇਮ ਰੱਖਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਕੰਗਨਾ ਰਣੌਤ ਵਲੋਂ ਡਿਊਟੀ ਦੇ ਰਹੇ ਕਿਸੇ ਮੁਲਾਜ਼ਮ ਨੂੰ ਉਕਸਾਉਣਾ, ਚਿੜਾਉਣਾ ਜਾਂ ਉਸ ਦੀ ਅਣਖ ਨੂੰ ਵੰਗਾਰਨਾ ਸਰਾਸਰ ਗ਼ਲਤ ਹੈ।

Baba Balbir Singh

Punjab News: ਹਿਮਾਚਲ ਦੀ ਨਵੀਂ ਬਣੀ ਮੈਂਬਰ ਪਾਰਲੀਮੈਂਟ ਅਤੇ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਅਤੇ ਬੀਬਾ ਕੁਲਵਿੰਦਰ ਕੌਰ ਦਰਮਿਆਨ ਵਾਪਰੀ ਘਟਨਾ ਤੇ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਤਿੱਖਾ ਪ੍ਰਤੀਕਰਮ ਦਿਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਏਅਰਪੋਰਟ ਤੇ ਕੰਗਨਾ ਰਣੌਤ ਦੀਆਂ ਆਪ ਹੁਦਰੀਆਂ ਅਤੇ  ਅਤੇ ਕਿਸਾਨ ਭਾਈਚਾਰੇ ਬਾਰੇ ਦਿਤੇ ਵਿਵਾਦ ਪੂਰਨ ਬਿਆਨਾਂ ਦੇ ਵਿਰੋਧ ਵਿਚ ਸੀ.ਆਈ. ਐਸ. ਐਫ਼ ਦੀ ਮਹਿਲਾ ਕਾਂਸਟੇਬਲ ਦੀ ਵਾਪਰੀ ਘਟਨਾ ਵੱਡੇ ਰੋਸ ਦਾ ਪ੍ਰਗਟਾਵਾ ਹੈ।

ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਇਸ ਪ੍ਰੈੱਸ ਬਿਆਨ ਵਿਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਕੰਗਨਾ ਰਣੌਤ ਵਲੋਂ ਡਿਊਟੀ ਦੇ ਰਹੇ ਕਿਸੇ ਮੁਲਾਜ਼ਮ ਨੂੰ ਉਕਸਾਉਣਾ, ਚਿੜਾਉਣਾ ਜਾਂ ਉਸ ਦੀ ਅਣਖ ਨੂੰ ਵੰਗਾਰਨਾ ਸਰਾਸਰ ਗ਼ਲਤ ਹੈ।

ਉਨ੍ਹਾਂ ਕਿਹਾ ਜੇ ਤੁਸੀ ਵਿਸ਼ੇਸ਼ਤਾ ਜਾਂ ਵੀ.ਆਈ.ਪੀ ਦੀ ਕੋਈ ਹੈਸੀਅਤ ਰਖਦੇ ਹੋ ਤਾਂ ਉਸ ਲਈ ਤੁਹਾਨੂੰ ਸਹਿਜ, ਠਰੰਮਾਂ, ਸਹਿਨਸ਼ੀਲਤਾ, ਧੀਰਜ ਅਤੇ ਵਿਸ਼ਾਲਤਾ ਨੂੰ ਧਾਰਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁਲਵਿੰਦਰ ਕੌਰ ਦੀ ਘਟਨਾ ਨੇ ਸਾਬਤ ਕੀਤਾ ਹੈ ਕਿ ਅਣਖ, ਸੂਰਮਗਤੀ ਪੰਜਾਬੀ ਖ਼ੂਨ ਅੰਦਰ ਜਿਉਂਦੀ ਹੈ।
ਨਿਹੰਗ ਸਿੰਘਾਂ ਦੇ ਮੁਖੀ ਨੇ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਪੂਰਨ ਰੂਪ ਵਿਚ ਕੁਲਵਿੰਦਰ ਕੌਰ ਦੀਆਂ ਭਾਵਨਾਵਾਂ ਦੀ ਕਦਰ ਕਰਦੀਆਂ ਹਨ।

ਬੁੱਢਾ ਦਲ ਉਸ ਦੇ ਪ੍ਰਵਾਰ ਨਾਲ ਡੱਟ ਕੇ ਖੜਾ ਹੈ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਬੀਬਾ ਕੁਲਵਿੰਦਰ ਕੌਰ ਪੰਜਾਬ ਦੀ ਧੀ ਹੈ ਸਾਰੀਆਂ ਹੀ ਜਥੇਬੰਦੀਆਂ ਅਤੇ ਪੰਜਾਬੀਆਂ ਨੂੰ ਕੁਲਵਿੰਦਰ ਕੌਰ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਖਾਸ ਕਰ ਕੇ ਕਿਸਾਨ ਜਥੇਬੰਦੀਆਂ ਨੂੰ ਇਸ ਮੁੱਦੇ ਤੇ ਡੱਟ ਕੇ ਪਹਿਰਾ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਪੰਜਾਬੀ ਕਿਸੇ ਨੂੰ ਵੀ ਥੱਪੜ ਮਾਰਨ ਦੀ ਗ਼ਲਤੀ ਨਹੀਂ ਕਰਦੇ, ਜਿਨ੍ਹਾਂ ਚਿਰ ਵਿਰੋਧੀ ਅਪਣੀ ਸੀਮਾ ਵਿਚ ਰਹਿੰਦਾ ਹੈ। ਸੀਮਾ ਉਲੰਘਣ ਤੇ ਅਜਿਹਾ ਹੋਣਾ ਗ਼ਲਤ ਨਹੀਂ ਹੈ। ਬੁੱਢਾ ਦਲ ਕੁਲਵਿੰਦਰ ਕੌਰ ਦੀ ਸੂਰਮਗਤੀ, ਦਲੇਰੀ ਬਹਾਦਰੀ ਲਈ ਉਸ ਦਾ ਢੁਕਵਾ ਮਾਨ ਸਨਮਾਨ ਕਰੇਗਾ।