ਸ਼ਹੀਦ ਬਾਬਾ ਜੀਵਨ ਸਿੰਘ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਵਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿਤਾ ਗਿਆ ਮੰਗ ਪੱਤਰ
ਕਿਹਾ, ਬਾਬਾ ਜੀਵਨ ਸਿੰਘ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਮੰਦਭਾਗਾ
ਅੰਮ੍ਰਿਤਸਰ: ਸ਼ਹੀਦ ਬਾਬਾ ਜੀਵਨ ਸਿੰਘ ਐਜੂਕੇਸ਼ਨ ਅਤੇ ਵੈਲਫੇਅਰ ਸੋਸਾਇਟੀ ਦੇ ਮੈਂਬਰ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਇਕ ਮੰਗ ਪੱਤਰ ਦੇਣ ਪਹੁੰਚੇ। ਇਸ ਵਿਚ ਉਨ੍ਹਾਂ ਨੇ ਬਾਬਾ ਜੀਵਨ ਸਿੰਘ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤੇ ਜਾਣ ’ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸੰਗਤ ਸਾਹਮਣੇ ਸਹੀ ਇਤਿਹਾਸ ਹੀ ਲਿਆਂਦਾ ਜਾਣਾ ਚਾਹੀਦਾ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆ ਸੰਸਥਾ ਦੇ ਚੇਅਰਮੈਨ ਜਸਵੰਤ ਸਿੰਘ ਨੇ ਦਸਿਆ ਕਿ ਇਤਿਹਾਸ ਵਿਚ ਸ਼ਹੀਦ ਬਾਬਾ ਜੀਵਨ ਸਿੰਘ ਦੀ ਜੀਵਨੀ ਨੂੰ ਹਰ ਵਾਰ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਜੋ ਕਿ ਬੇਹੱਦ ਮੰਦਭਾਗਾ ਹੈ।
ਉਨ੍ਹਾਂ ਕਿਹਾ ਕਿ ਵੱਖ-ਵੱਖ ਲੋਕਾਂ ਵਲੋਂ ਭਾਈ ਜੀਵਨ ਸਿੰਘ ਨੂੰ ਚਾਰ ਵੱਖ-ਵੱਖ ਸਖਸ਼ੀਅਤਾਂ ਦੇ ਨਾਲ ਮੇਲ ਖਾਂਦਾ ਦਸਿਆ ਗਿਆ ਹੈ ਪਰ ਅਸਲ ਕਿਰਦਾਰ ਪੰਜਵਾਂ ਕਿਰਦਾਰ ਹੈ ਜਿਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਕ ਮੰਗ ਪੱਤਰ ਦਿਤਾ ਹੈ। ਇਸ ਵਿਚ ਇਤਿਹਾਸ ਨੂੰ ਦਰੁਸਤ ਕਰਕੇ ਸੰਗਤ ਤਕ ਪਹੁੰਚਾਉਣ ਦੀ ਅਪੀਲ ਕੀਤੀ ਗਈ ਹੈ।