'ਰੋਜ਼ਾਨਾ ਸਪੋਕਸਮੈਨ' ਦੇ ਬਾਈਕਾਟ ਦੀ ਕਹੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਦੀ ਆਜ਼ਾਦੀ 'ਤੇ ਇਕ ਵਾਰ ਫਿਰ ਹਮਲਾ ਬੋਲਦਿਆਂ ਪੰਥ ਦੀ ਆਵਾਜ਼ ਬਣ ਚੁਕੇ........

Sukhbir Singh Badal

ਤਰਨਤਾਰਨ : ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਦੀ ਆਜ਼ਾਦੀ 'ਤੇ ਇਕ ਵਾਰ ਫਿਰ ਹਮਲਾ ਬੋਲਦਿਆਂ ਪੰਥ ਦੀ ਆਵਾਜ਼ ਬਣ ਚੁਕੇ 'ਰੋਜ਼ਾਨਾ ਸਪੋਕਸਮੈਨ' ਦੇ ਬਾਈਕਾਟ ਦੀ ਗੱਲ ਕਹੀ ਹੈ। ਵਿਧਾਨ ਸਭਾ ਚੋਣਾਂ ਅਤੇ ਪੰਜਾਬ ਵਿਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ  ਚੋਣਾਂ ਵਿਚ ਮਿਲੀ ਹਾਰ ਤੋਂ ਬੁਰੀ ਤਰ੍ਹਾਂ ਨਾਲ ਬੁਖਲਾ ਚੁਕੇ ਸੁਖਬੀਰ ਸਿੰਘ ਬਾਦਲ ਦਾ ਬਿਆਨ ਸਾਬਤ ਕਰਦਾ ਹੈ ਕਿ ਉਹ ਨਾ ਤਾਂ ਸੱਚ ਬੋਲਣ ਦੀ ਹਿੰਮਤ ਰਖਦੇ ਹਨ, ਨਾ ਸੱਚ ਸੁਣਨ ਦੀ ਤੇ ਨਾ ਹੀ ਸੱਚ ਪੜ੍ਹਨ ਲਈ ਤਿਆਰ ਹਨ।

ਸੱਤਾ ਤਾਂ ਚਲੀ ਗਈ ਪਰ ਲਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਹੰਕਾਰ ਹਾਲੇ ਨਹੀਂ ਗਿਆ। ਜੋ ਵਿਅਕਤੀ ਅਪਣੇ ਪਿਤਾ ਨੂੰ ਭਰੀ ਰੈਲੀ ਵਿਚ ਅਪਣੇ ਪਿਤਾ ਸਮਾਨ ਬਜ਼ੁਰਗ ਦਸਦਾ ਹੋਵੇ ਉਸ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ। ਸੁਖਬੀਰ ਸਿੰਘ ਬਾਦਲ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਕਾਰਨ ਜਿਨ੍ਹਾਂ ਪੰਜਾਬੀਆਂ ਨੇ ਅਕਾਲੀ ਦਲ ਨੂੰ ਨਕਾਰ ਦਿਤਾ ਸੀ ਉਹ ਪੰਜਾਬੀ ਸ. ਬਾਦਲ ਦੇ ਇਸ ਤਥਾਕਥਿਤ ਬਾਈਕਾਟ ਦੇ ਸੱਦੇ ਨੂੰ ਨਕਾਰ ਦੇਣਗੇ। ਅਕਾਲੀ ਦਲ ਨੂੰ ਇਹ ਅਧਿਕਾਰ ਨਹੀਂ ਕਿ ਉਹ ਪ੍ਰੈਸ ਦੀ ਆਜ਼ਾਦੀ 'ਤੇ ਹਮਲਾ ਕਰੇ।

ਇਸ ਤੋਂ ਪਹਿਲਾਂ ਅਕਾਲੀ ਦਲ ਦੇ ਸੁਪਰੀਮੋ ਸ. ਪ੍ਰਕਾਸ਼ ਸਿੰਘ ਬਾਦਲ ਨੇ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਬਾਰੇ ਹੁਕਮਨਾਮਾ ਜਾਰੀ ਕਰਵਾ ਕੇ ਪੰਥ ਨਿਕਾਸੀ ਦਾ ਢੋਂਗ ਕਰ ਦਿਤਾ ਸੀ। 'ਰੋਜ਼ਾਨਾ ਸਪੋਕਸਮੈਨ' 'ਤੇ ਦੂਜਾ ਹਮਲਾ ਉਸ ਵੇਲੇ ਕੀਤਾ ਸੀ ਜਦ 'ਰੋਜ਼ਾਨਾ ਸਪੋਕਸਮੈਨ' ਜਾਰੀ ਹੋਇਆ ਸੀ। ਬਾਦਲ ਨੇ ਰੋਜ਼ਾਨਾ ਸਪੋਕਸਮੈਨ ਦਾ ਸੰਘ ਘੁਟਣ ਲਈ ਪੁਜਾਰੀਆਂ ਕੋਲੋਂ ਅਖੌਤੀ ਹੁਕਮਨਾਮਾ ਜਾਰੀ ਕਰਵਾ ਦਿਤਾ ਸੀ। ਪੰਥ ਨੇ ਪੁਜਾਰੀਆਂ ਦੇ 'ਰੋਜ਼ਾਨਾ ਸਪੋਕਸਮੈਨ' ਬਾਰੇ ਜਾਰੀ ਇਸ ਹੁਕਮਨਾਮੇ ਨੂੰ ਰੱਦ ਕਰ ਦਿਤਾ।

ਹੈਰਾਨਗੀ ਦੀ ਗੱਲ ਇਹ ਰਹੀ ਕਿ ਜਿਨ੍ਹਾਂ ਪੁਜਾਰੀਆਂ ਨੇ ਰੋਜ਼ਾਨਾ ਸਪੋਕਸਮੈਨ ਤੇ ਇਸ ਦੇ ਸੰਪਾਦਕ ਬਾਰੇ ਹੁਕਮਨਾਮਾ ਜਾਰੀ ਕੀਤਾ ਸੀ ਸਮਾਂ ਆਉਣ 'ਤੇ ਖ਼ੁਦ ਉਹ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਨੂੰ ਫ਼ੋਨ ਕਰ ਕੇ ਉਨ੍ਹਾਂ ਦੀ ਪੰਥ ਪ੍ਰਸਤੀ ਲਈ ਧਨਵਾਦ ਕਰਦੇ ਰਹੇ। ਜਦ ਅਕਾਲੀ ਦਲ ਦੇ ਭਾਈਵਾਲਾਂ ਦੀ ਸ਼ਹਿ 'ਤੇ ਸਿੱਖਾਂ ਦੀ ਆਜ਼ਾਦ ਹਸਤੀ ਤੇ ਅਡਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਘਾਣ ਕੀਤਾ ਜਾ ਰਿਹਾ ਸੀ ਤਾਂ ਉਸ ਵੇਲੇ ਕੀਤੇ ਜਾ ਰਹੇ ਇਸ ਘਾਣ ਵਿਰੁਧ ਸੱਭ ਤੋਂ ਪਹਿਲੀ ਆਵਾਜ਼ ਬੁਲੰਦ ਕਰਨ ਵਾਲ ਰੋਜ਼ਾਨਾ ਸਪੋਕਸਮੈਨ  ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨੂੰ ਧਨਵਾਦ ਕਰਨ ਲਈ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਆਪ ਫ਼ੋਨ ਕੀਤਾ ਸੀ।

ਗਿਆਨੀ ਵੇਦਾਂਤੀ ਨੇ ਆਪ ਕਿਹਾ ਸੀ ਕਿ ਉਸ ਸਮੇਂ ਦੇ ਹਾਲਤ ਹੀ ਅਜਿਹੇ ਸਨ ਜਿਸ ਕਾਰਨ ਮੈਨੂੰ ਉਹ ਫ਼ੈਸਲਾ ਲੈਣਾ ਪਿਆ ਸੀ। ਦੁਨੀਆਂ ਭਰ ਵਿਚ ਰੋਜ਼ਾਨਾ ਸਪੋਕਸਮੈਨ ਇਕੋ ਇਕ ਅਜਿਹਾ ਅਖ਼ਬਾਰ ਹੈ ਜਿਸ ਨਾਲ ਉਸ ਦੇ ਅਪਣੇ ਧੱਕਾ ਕਰ ਰਹੇ ਹਨ ਤੇ ਪਹਿਲੀ ਵਾਰ ਹੈ ਕਿ ਪ੍ਰੈਸ ਦੀ ਆਜ਼ਾਦੀ 'ਤੇ ਹਮਲਾ ਕੀਤਾ ਜਾ ਰਿਹਾ ਹੈ ਤੇ ਉਹ ਵੀ ਇਕ ਅਜਿਹੀ ਰਾਜਨੀਤਕ ਪਾਰਟੀ ਇਹ ਸਾਰਾ ਕੁੱਝ ਕਰ ਰਹੀ ਹੈ ਜਿਸ ਦਾ ਅਪਣਾ ਵਜੂਦ ਖ਼ਤਰੇ ਵਿਚ ਹੈ। ਸ਼ਾਇਦ ਸੁਖਬੀਰ ਸਿੰਘ ਬਾਦਲ ਇਹ ਭੁੱਲ ਗਏ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀ ਸਰਕਾਰ ਦੇ ਕਾਰਜਕਾਲ ਵਿਚ ਹੀ ਹੋਈ।

ਬਤੌਰ ਸਿੱਖ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਨੇ ਜੇਕਰ ਹਜ਼ੂਰੀ ਪੱਤਰਕਾਰਾਂ ਤੇ ਦਰਬਾਰੀ ਪੱਤਰਕਾਰਾਂ ਵਾਂਗ ਅਕਾਲੀ ਦਲ ਦੇ ਰੋਲ ਤੇ ਜੀ ਹਜ਼ੂਰੀ ਨਹੀਂ ਕੀਤੀ ਤਾਂ ਇਹ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਦੀ ਪੰਥਕ ਦਰਦ ਤੇ ਪੰਥ ਪ੍ਰਸਤੀ ਹੈ। ਅਜਿਹਾ ਕਰ ਕੇ ਸ. ਬਾਦਲ ਨੇ ਪੰਜਾਬੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਸ. ਬਾਦਲ ਇਹ ਭੁੱਲ ਗਏ ਹਨ ਕਿ ਜੋ ਅਖ਼ਬਾਰ ਉਨ੍ਹਾਂ ਦੀ ਸ਼੍ਰੋਮਣੀ ਕਮੇਟੀ ਵਲ ਕਰਵਾਏ ਝੂਠੇ ਪਰਚਿਆਂ ਤੋਂ ਨਹੀਂ ਡਰੀ ਉਹ ਇਨ੍ਹਾਂ ਗਿੱਦੜ ਭਬਕੀਆਂ ਤੋਂ ਕਿਉਂ ਡਰੇਗੀ?