ਸਿੱਖ ਇਤਿਹਾਸ ਨਾਲ ਛੇੜਛਾੜ ਕਰ ਕੇ ਗ਼ਲਤ ਤੱਥ ਕਿਤਾਬਾਂ ਵਿਚ ਦੇਣ ਵਾਲਿਆਂ ਵਿਰੁਧ ਪਰਚੇ ਦਰਜ ਹੋਣ : ਸਿਰਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਰਕਾਰ ਨੂੰ ਸੌਂਪਿਆ ਮੰਗ ਪੱਤਰ

Baldev Singh Sirsa

 

ਅੰਮ੍ਰਿਤਸਰ: : ਨਾਮਧਾਰੀਆਂ (ਕੂਕਿਆਂ) ਅਤੇ ਸ਼ੋ੍ਰਮਣੀ ਕਮੇਟੀ ਵਲੋਂ ਇਤਿਹਾਸ ਦੀਆਂ ਕਿਤਾਬਾਂ ਵਿਚ ਸਿੱਖ ਇਤਿਹਾਸ ਨਾਲ ਛੇੜਛਾੜ ਕਰ ਕੇ ਗ਼ਲਤ ਤੱਥ ਪੇਸ਼ ਕਰਨ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ  ਗਹਿਰੀ ਠੇਸ ਪਹੁੰਚ ਰਹੀ ਹੈ | ਇਸੇ ਤਰ੍ਹਾਂ ਸਕੂਲ ਬੋਰਡ ਦੀਆਂ 12ਵੀਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਵੀ ਹੋ ਰਿਹਾ ਹੈ | ਇਸ ਸਬੰਧ ਵਿਚ ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ, ਭਾਰਤੀ ਕਿਸਾਨ ਯੂਨੀਅਨ ਅਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਜਥੇਬੰਦੀਆਂ ਨੇ ਇਥੇ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ  ਭੇਜੇ ਮੰਗ ਪੱਤਰ ਵਿਚ ਸਿੱਖ ਇਤਿਹਾਸ ਨੂੰ  ਕਿਤਾਬਾਂ ਵਿਚ ਗ਼ਲਤ ਢੰਗ ਨਾਲ ਗ਼ਲਤ ਤੱਥਾਂ ਰਾਹੀਂ ਪੇਸ਼ ਕਰਨ ਵਾਲਿਆਂ ਵਿਰੁਧ ਜਾਂਚ ਕਰਵਾ ਕੇ ਫ਼ੌਜਧਾਰੀ ਪਰਚੇ ਦਰਜ ਕਰਨ ਦੀ ਮੰਗ ਕੀਤੀ ਹੈ |

ਡਿਪਟੀ ਕਮਿਸ਼ਨਰ ਅੰਮਿ੍ਤਸਰ ਰਾਹੀਂ ਮੁੱਖ ਮੰਤਰੀ ਨੂੰ  ਭੇਜੇ ਮੰਗ ਪੱਤਰ ਵਿਚ ਸਿਰਸਾ ਨੇ ਕਿਹਾ ਕਿ ਨਾਮਧਾਰੀ ਕੂਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾ ਕੇ ਅਪਣੇ ਆਪ ਨੂੰ  ਗੁਰੂ ਹੋਣ ਦਾ ਦਾਅਵਾ ਕਰਦੇ ਹਨ ਅਤੇ ਸਿੱਖ ਇਤਿਹਾਸ ਨੂੰ  ਗ਼ਲਤ ਤਰਕੇ ਨਾਲ ਪੇਸ਼ ਕਰਦੇ ਹਨ | ਇਸੇ ਤਰ੍ਹਾਂ ਸ਼ੋ੍ਰਮਣੀ ਕਮੇਟੀ ਦੀਆਂ ਕਿਤਾਬਾਂ ਵਿਚ ਸਿੱਖ ਗੁਰੂਆਂ ਤੇ ਇਤਿਹਾਸ ਬਾਰੇ ਬਹੁਤ ਇਤਰਾਜ਼ ਤੱਥ ਲਿਖੇ ਗਏ ਹਨ ਜਦਕਿ ਸ਼ੋ੍ਰਮਣੀ ਕਮੇਟੀ ਦਾ ਕੰਮ ਸਿੱਖ ਧਰਮ ਦਾ ਪ੍ਰਚਾਰ ਕਰਨਾ ਹੈ | ਬ੍ਹਾਰਵੀਂ ਜਮਾਤ ਦੀਆਂ ਕਿਤਾਬਾਂ ਵਿਚ ਗ਼ਲਤ ਤੱਥ ਛਾਪਣ ਵਾਲੇ ਪਬਲਿਸਰਾਂ ਤੇ ਲੇਖਕਾਂ ਵਿਰੁਧ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ | ਬਲਦੇਵ ਸਿੰਘ ਸਿਰਸਾ ਨਾਲ ਮੁੱਖ ਮੰਤਰੀ ਨੂੰ  ਮੰਗ ਪੱਤਰ ਭੇਜਣ ਵਾਲਿਆਂ ਵਿਚ ਸੁਰਿੰਦਰ ਸਿੰਘ, ਨਸੀਬ ਸਿੰਘ, ਤਰਸੇਮ ਸਿੰਘ, ਜਸਵੰਤ ਸਿੰਘ ਅਤੇ ਮਨਦੀਪ ਕੌਰ ਆਦਿ ਸ਼ਾਮਲ ਸਨ |