ਨਾਨਕਸ਼ਾਹੀ ਕੈਲੰਡਰ ਦੇ ਸ਼ਰੀਕ ਵਜੋਂ ਇਕ ਹੋਰ ਕੈਲੰਡਰ ਅਕਾਲ ਤਖ਼ਤ ਵਿਖੇ ਪੁੱਜਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੈਲੰਡਰ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੇ ਕੀਤਾ ਤਿਆਰ

Sri Akal Takht Sahib

 ਅਕਾਲ ਤਖ਼ਤ ਦੇ ਜਥੇਦਾਰ ਨੇ ਕੈਲੰਡਰ ਦੇ ਦੋਹਾਂ ਨਿਰਮਾਤਾਵਾਂ ਦੀ ਮੀਟਿੰਗ ਰਖਣ ਦਾ ਵਿਸ਼ਵਾਸ ਦਿਵਾਇਆ

ਅੰਮ੍ਰਿਤਸਰ  (ਚਰਨਜੀਤ ਸਿੰਘ): ਸਿੱਖਾਂ ਦੀ ਅਜ਼ਾਦ ਹਸਤੀ ਤੇ ਅਡਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦੇ ਸ਼ਰੀਕ ਵਜੋਂ ਇਕ ਹੋਰ ਕੈਲੰਡਰ ਅਕਾਲ ਤਖ਼ਤ ਸਾਹਿਬ ਵਿਖੇ ਆ ਚੁੱਕਾ ਹੈ। ਇਹ ਕੈਲੰਡਰ ਕਰਨਲ ਸੁਰਜੀਤ ਸਿੰਘ ਨਿਸ਼ਾਨ ਦੁਆਰਾ ਤਿਆਰ ਕੀਤਾ ਹੈ ਜਿਸ ਦੀਆਂ ਤਰੀਕਾਂ ਆਉਣ ਵਾਲੇ ਸਮੇਂ ਵਿਚ ਨਵਾਂ ਭੰਬਲਭੂਸਾ ਪੈਦਾ ਕਰਨਗੀਆਂ। ਕਰਨਲ ਨਿਸ਼ਾਨ ਸਿੰਘ ਦੀਆਂ ਤਰੀਕਾਂ ਸੂਰਜੀ ਕੈਲੰਡਰ, ਚੰਦਰ ਕੈਲੰਡਰ ਨਾਲ ਸਾਂਝੀਆਂ ਮੇਲ ਖਾਂਦੀਆਂ ਹਨ।

ਫ਼ਿਲਹਾਲ ਜਥੇਦਾਰ ਹਰਪ੍ਰੀਤ ਸਿੰਘ ਨੇ ਕੈਲੰਡਰ ਦੇ ਦੋਹਾਂ ਨਿਰਮਾਤਾਵਾਂ ਦੀ ਮੀਟਿੰਗ ਜਲਦ ਰਖਣ ਦਾ ਵਿਸ਼ਵਾਸ ਦਿਵਾਇਆ ਹੈ। 'ਜਥੇਦਾਰ' ਨੇ ਕਿਹਾ ਹੈ ਕਿ ਇਸ ਮਾਮਲੇ 'ਤੇ ਇਕ ਕਮੇਟੀ ਬਣਾਈ ਜਾਵੇਗੀ ਜਿਸ ਵਿਚ ਦੋਹਾਂ ਧਿਰਾਂ ਦੇ ਦੋ-ਦੋ ਨੁਮਾਇੰਦੇ ਰੱਖੇ ਜਾਣਗੇ। ਦਸਣਯੋਗ ਹੈ ਕਿ ਇਸ ਕੈਲੰਡਰ ਨੂੰ ਸੰਤ ਸਮਾਜ ਵੀ ਹਮਾਇਤ ਕਰੇਗਾ। ਉਪਰੀ ਨਜ਼ਰ ਨਾਲ ਦੋਹਾਂ ਕੈਲੰਡਰਾਂ ਨੂੰ ਦੇਖਿਆ ਜਾਵੇ ਤਾਂ ਇਨ੍ਹਾਂ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ।

ਜਿਥੇ ਪ੍ਰਵਾਸੀ ਭਾਰਤੀ ਪਾਲ ਸਿੰਘ ਪੁਰੇਵਾਲ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ 15 ਅਪ੍ਰੈਲ 1469 ਨੂੰ ਮੰਨਦੇ ਹਨ, ਜੋ ਕਿ ਸਿੱਖ ਇਤਿਹਾਸ ਦੇ ਮੂਲ ਸਰੋਤਾਂ ਮੁਤਾਬਕ ਢੁਕਵੀ ਹੈ ਤੇ ਸ਼੍ਰੋਮਣੀ ਕਮੇਟੀ ਵੀ ਇਸ ਦਿਹਾੜੇ ਦੀ ਤਰੀਕ ਨੂੰ ਅਪਣੀਆਂ ਇਤਿਹਾਸਕ ਪੁਸਤਕਾਂ ਵਿਚ ਮੰਨਦੀ ਹੈ। ਉਥੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਇਹ ਦਿਹਾੜਾ 20 ਅਕਤੂਬਰ 1469 ਮੰਨਦੇ ਹੋਏ ਮੌਜੂਦਾ ਸਮੇਂ ਵਿਚ ਇਸ ਦਿਹਾੜੇ ਦੀ ਤਰੀਕ 29 ਅਕਤੂਬਰ ਦਸ ਰਹੇ ਹਨ।

ਇਸ ਦੇ ਨਾਲ-ਨਾਲ ਸ. ਪੁਰੇਵਾਲ ਦੇ ਕੈਲੰਡਰ ਮੁਤਾਬਕ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 9 ਅਕਤੂਬਰ ਸੀ ਪਰ ਕਰਨਲ ਨਿਸ਼ਾਨ ਨੇ ਇਹ ਦਿਹਾੜਾ 24 ਸਤੰਬਰ ਦਸਿਆ ਹੈ। ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ 16 ਜੂਨ ਦੀ ਬਜਾਏ 30 ਮਈ ਜਾਂ 9 ਜੂਨ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਦੀ ਥਾਂ 'ਤੇ 22 ਦਸੰਬਰ ਜਾਂ 1 ਜਨਵਰੀ ਮੰਨ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ 1 ਸਤੰਬਰ ਨੂੰ ਨਾ ਹੋ ਕੇ 16 ਅਗੱਸਤ ਜਾਂ 26 ਅਗੱਸਤ ਦਸਿਆ ਹੈ। ਇਹ ਕੈਲੰਡਰ ਪੰਥਕ ਹਲਕਿਆਂ ਵਿਚ ਨਵਾਂ ਵਾਵੇਲਾ ਪਾਉਣ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਵੇਗਾ।