ਸ਼੍ਰੋਮਣੀ ਕਮੇਟੀ ਗੁਰਦਵਾਰਿਆਂ ਦੇ ਪ੍ਰਬੰਧ ਵਿਚ ਸੁਧਾਰ ਲਿਆਉਣ ਵਿਚ ਸਫ਼ਲ ਹੋ ਸਕੇਗੀ ਬੀਬੀ ਜਗੀਰ ਕੌਰ?
ਗੁਰਦਵਾਰਿਆਂ ਵਿਚ ਪੰਥ ਪ੍ਰਵਾਨਤ ਰਹਿਤ ਮਰਿਆਦਾ ਨੂੰ ਇਕ ਸਾਰ ਲਾਗੂ ਕੀਤਾ ਜਾ ਸਕੇਗਾ?
ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਿਛਲੇ ਕਾਰਜਕਾਲਾਂ ਕਈ ਵਿਵਾਦਾਂ ਵਿਚ ਰਹਿਣ ਦੇ ਬਾਵਜੂਦ ਕਈ ਮਹੱਤਵਪੂਰਨ ਫ਼ੈਸਲੇ ਵੀ ਲਏ ਸਨ ਜਿਸ ਵਿਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾ ਇਕ ਅਹਿਮ ਮੰਨਿਆ ਜਾ ਸਕਦਾ ਹੈ। ਇਸੇ ਕਾਰਨ ਗਿਆਨੀ ਪੂਰਨ ਸਿੰਘ ਵਲੋਂ ਮੱਧ ਪ੍ਰਦੇਸ਼ ਦੇ ਗੁਨਾਂ ਸ਼ਹਿਰ ਤੋਂ ਫ਼ੈਕਸ ਦੁਆਰਾ ਬੀਬੀ ਜਗੀਰ ਕੌਰ ਨੂੰ ਸਿੱਖ ਪੰਥ ਵਿਚੋਂ ਖ਼ਾਰਜ ਕਰਨ ਦਾ ਫ਼ੈਸਲਾ ਸੁਣਾ ਦਿਤਾ ਗਿਆ ਸੀ। ਦਸ ਸਾਲ ਨਾਨਕਸ਼ਾਹੀ ਕੈਲੰਡਰ ਲਾਗੂ ਰਿਹਾ ਪਰ ਫਿਰ ਵਿਗਾੜ ਕੇ ਬਿਕਰਮੀ ਕੈਲੰਡਰ ਲਾਗੂ ਕਰ ਦਿਤਾ ਗਿਆ ਜਿਸ ਨਾਲ ਗੁਰੂ ਸਹਿਬਾਨ ਦੇ ਜਨਮ ਦਿਹਾੜੇ, ਜੋਤੀ ਜੋਤ ਸਮਾਉਣ ਦੇ ਦਿਨ ਅਤੇ ਸਿੱਖ ਧਰਮ ਦੇ ਹੋਰ ਅਹਿਮ ਦਿਹਾੜਿਆਂ ਨੂੰ ਲੈ ਕੇ ਭੰਬਲਭੂਸਾ ਬਣਿਆ ਰਹਿੰਦਾ ਹੈ।
ਸਾਕਾ ਨੀਲਾ ਤਾਰਾ ਅਕਾਲ ਤਖ਼ਤ ਤੋਂ 6 ਜੂਨ ਹੀ ਮਨਾਇਆ ਜਾਂਦਾ ਹੈ ਪਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਕਦੇ ਵੀ ਕੋਈ ਸਥਿਰਤਾ ਨਹੀਂ। ਇਸ ਸਾਲ 6 ਜੂਨ ਕਦੇ ਵੀ ਨਾ ਭੁਲਣ ਵਾਲੇ ਦਿਨ ਗੁਰੂ ਹਰਿ ਗੋਬਿੰਦ ਸਹਿਬ ਦਾ ਜਨਮ ਦਿਹਾੜਾ ਮਨਾਇਆ ਗਿਆ। ਸੋਸ਼ਲ ਮੀਡੀਏ ਦੁਆਰਾ ਸਿੱਖ ਇਕ ਦੂਸਰੇ ਨੂੰ ਵਧਾਈਆਂ ਦੇ ਰਹੇ ਸਨ ਕਿਧਰੇ ਇਹ ਸਾਕਾ 6 ਜੂਨ ਭੁਲਾਉਣ ਲਈ ਹੀ ਤਾਂ ਨਹੀਂ। ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਵਿਸਾਖ ਜਾਂ ਕੱਤਕ ਛੱਡ ਕੇ ਮੱਘਰ ਦੇ ਮਹੀਨੇ ਵਿਚ ਮਨਾਇਆ ਗਿਆ। ਬੀਬੀ ਜਗੀਰ ਕੌਰ ਨੇ ਗੁਰਦਵਾਰਿਆਂ ਦੇ ਮੈਨੇਜਰਾਂ ਦੀ ਮੀਟਿੰਗ ਬੁਲਾ ਕੇ ਜਵਾਬ ਦੇਹ ਬਣਾਉਣ ਦੇ ਨਾਲ ਸੰਗਤ ਦੇ ਸੁਝਾਵਾਂ ਨੂੰ ਵੀ ਅਹਿਮੀਅਤ ਦੇਣ ਅਤੇ ਪੰਥ ਪ੍ਰਵਾਨਤ ਸਿਖ ਰਹਿਤ ਮਰਿਆਦਾ ਦੀ ਪਾਲਣਾ ਕਰਨ ਦੀਆਂ ਵੀ ਹਦਾਇਤਾਂ ਦਿਤੀਆਂ ਹਨ।
ਮੈਨੇਜਰਾਂ ਨੂੰ ਰਹਿਤ ਮਰਿਆਦਾ ਦੇ ਧਾਰਨੀ ਹੋਣ, ਸੰਗਤ ਦੀਆਂ ਭਾਵਨਾਵਾਂ ਦਾ ਖ਼ਿਆਲ ਰਖਣ ਅਤੇ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਾ ਕਰਨ ਦੀਆਂ ਅਤੇ ਪ੍ਰਬੰਧ ਨੂੰ ਸੁਚਾਰੂ ਤਰੀਕੇ ਕਰਨ ਲਈ ਕਿਹਾ ਹੈ। ਸ੍ਰੀ ਦਰਬਾਰ ਸਹਿਬ ਦੇ ਰਾਗੀ ਜਥਿਆਂ ਨੂੰ ਸਿੱਖ ਕੀਰਤਨ ਦੀ ਪ੍ਰੰਪਰਾ ਦੀ ਰੋਸ਼ਨੀ ਵਿਚ ਸੇਵਾਵਾਂ ਨਿਭਾਉਣ ਲਈ ਕਿਹਾ ਹੈ। ਅਕਾਲ ਤਖ਼ਤ ਤੋਂ ਪੰਥ ਪ੍ਰਵਾਨਤ ਰਹਿਤ ਮਰਿਆਦਾ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਾ ਕਰਨਾ ਜਾਂ ਡੇਰਿਆਂ ਵਿਚ ਪੰਥ ਪ੍ਰਵਾਨਤ ਇਕਸਾਰ ਮਰਿਆਦਾ ਲਾਗੂ ਹੋ ਸਕੇਗੀ?
ਕਿਉਂਕਿ ਕੋਈ ਵੀ ਡੇਰਾ ਇਸ ਮਰਿਆਦਾ ਦੀ ਪਾਲਣਾ ਨਹੀਂ ਕਰਦਾ। ਉਲਟਾ ਮਰਿਆਦਾ ਨੂੰ ਮੰਨਣ ਅਤੇ ਪ੍ਰਚਾਰਨ ਵਾਲਿਆਂ ਨੂੰ ਹੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਥ ਦਾ ਅਹਿਮ ਅੰਗ ਰਹੇ ਮਿਸ਼ਨਰੀ ਕਾਲਜ ਜਿਨ੍ਹਾਂ ਦਾ ਸ੍ਰੀ ਅਨੰਦਪੁਰ ਸਹਿਬ ਦੇ ਮਤੇ ਵਿਚ ਵੀ ਜ਼ਿਕਰ ਹੈ ਕਿ ਪ੍ਰਚਾਰ ਪਸਾਰ ਲਈ ਉਨ੍ਹਾਂ ਦਾ ਵੀ ਸਹਿਯੋਗ ਲਿਆ ਜਾਵੇਗਾ ਪਰ ਹੁਣ ਉਨ੍ਹਾਂ ਦਾ ਕਦੇ ਵੀ ਕਿਸੇ ਵੀ ਮਤੇ ਵਿਚ ਜ਼ਿਕਰ ਤਕ ਨਹੀਂ ਹੁੰਦਾ। ਇਹ ਸੰਸਥਾਵਾਂ ਹੀ ਅਕਾਲ ਤਖ਼ਤ ਤੋਂ ਪੰਥ ਪ੍ਰਵਾਨਤ ਰਹਿਤ ਮਰਿਆਦਾ ਤੇ ਪਹਿਰਾ ਦੇਣ ਲਈ ਨਿਸ਼ਕਾਮ ਤੌਰ ਤੇ ਧਰਮ ਦੇ ਪ੍ਰਚਾਰ ਲਈ ਹਮੇਸ਼ਾ ਅੱਗੇ ਆਏ ਹਨ। ਕੀ ਪਹਿਲਾਂ ਵਾਂਗ ਸਾਰੀਆਂ ਸੰਸਥਾਵਾਂ ਨੂੰ ਮੁੜ ਦੁਬਾਰਾ ਇਕ ਲੜੀ ਵਿਚ ਪ੍ਰੋਣ ਲਈ ਬੀਬੀ ਜਗੀਰ ਕੌਰ ਕਾਮਯਾਬ ਹੋ ਸਕਣਗੇ?