Panthak News: ਖ਼ਾਲਸਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜੇ ਸੁਖਬੀਰ ਬਾਦਲ ਨੂੰ ਕਦੇ ਮੂੰਹ ਨਾ ਲਾਵੇ : ਪੰਜੌਲੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Panthak News: ਕਿਹਾ, ਸ਼੍ਰੋਮਣੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਵਿਰੁਧ ਚਲਦੀ ਜਾਂਚ ਤੁਰਤ ਬੰਦ ਕਰੇ

Karnail Singh Panjoli Panthak news in punjabi

ਅੰਮ੍ਰਿਤਸਰ  (ਸੁਖਵਿੰਦਰਜੀਤ ਸਿੰਘ ਬਹੋੜੂ): ਸੀਨੀਅਰ ਪੰਥਕ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਸਮੂਹ ਸਿੱਖ ਜਗਤ ਨੂੰ ਸੱਦਾ ਦਿਤਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜੇ ਸੁਖਬੀਰ ਸਿੰਘ ਬਾਦਲ ਤੇ ਉਸ ਦੇ ਸਾਥੀਆਂ ਨੂੰ ਕਦੇ ਵੀ ਮੂੰਹ ਨਾ ਲਾਉਣ।  ਜਥੇਦਾਰ ਪੰਜੋਲੀ ਨੇ ਅੱਜ ਇਥੇ ਜਾਰੀ ਕੀਤੇ ਗਏ ਅਪਣੇ ਇਕ ਲਿਖਤੀ ਬਿਆਨ ਵਿਚ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੇ ਸੱਭ ਕੱੁਝ ਜਾਣਦਿਆਂ ਹੋਇਆਂ ਵੀ ਸਿਰਫ਼ ਚੌਧਰ ਤੇ ਹਉਮੈ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਹੋਏ ਇਤਿਹਾਸਕ ਹੁਕਮਨਾਮਿਆਂ ਨੂੰ ਲਾਗੂ ਨਾ ਕਰਨ ਦਾ ਬਜਰ ਗੁਨਾਹ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਨਾਮਿਆਂ ਦੇ ਲਾਗੂ ਹੋਣ ਨਾਲ ਅਕਾਲੀ ਦਲ ਤੋਂ ਇਕ ਪ੍ਰਵਾਰ ਦਾ ਗਲਬਾ ਖ਼ਤਮ ਹੋ ਕੇ ਅਕਾਲੀ ਏਕਤਾ ਰਾਹੀਂ ਪੰਥਕ ਸ਼ਕਤੀ ਇਕੱਠੀ ਹੋਣ ਦਾ ਰਾਹ ਖੁਲ੍ਹਣਾ ਸੀ। ਪਰ ਸੁਖਬੀਰ ਸਿੰਘ ਬਾਦਲ ਨੂੰ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਨਹੀਂ ਪੰਥ ਦੀਆਂ ਸਿਆਸੀ ਤੇ ਧਾਰਮਕ ਸੰਸਥਾਵਾਂ ਉਪਰ ਅਪਣੇ ਪ੍ਰਵਾਰ ਦਾ ਗਲਬੇ ਤੋਂ ਬਿਨਾਂ ਹੋਰ ਕੱੁਝ ਵੀ ਮਨਜ਼ੂਰ ਨਹੀਂ ਹੈ।

ਪੰਥਕ ਆਗੂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਇਕ ਵਾਰ ਫਿਰ ਅਕਾਲੀ ਦਲ ਨੂੰ ਤਖ਼ਤ ਸਾਹਿਬ ਦੇ ਹੁਕਮਨਾਮੇ ਇੰਨ-ਬਿੰਨ ਲਾਗੂ ਕਰਨ ਦੀ ਨਸੀਹਤ ਦੇਣ ਤੋਂ ਬਾਅਦ ਕਿਸੇ ਸਿੱਖ ਨੂੰ ਵੀ ਇਹ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਸੁਖਬੀਰ ਸਿੰਘ ਬਾਦਲ ਤੇ ਉਸ ਦੇ ਸਾਥੀ ਅਪਣੇ ਸੌੜੇ ਸਿਆਸੀ ਹਿਤਾਂ ਲਈ ਹੁਕਮਨਾਮੇ ਮੰਨਣ ਤੋਂ ਇਨਕਾਰੀ ਹਨ। ਉਨ੍ਹਾਂ ਗਿਆਨੀ ਰਘਬੀਰ ਸਿੰਘ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਰੁਧ ਇਕ ਪੁਰਾਣੇ ਕੇਸ ਦੇ ਬਹਾਨੇ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਜਾ ਰਹੀ ਜਾਂਚ-ਪੜਤਾਲ ਨੂੰ ਮੁੱਢੋਂ ਰੱਦ ਕਰ ਕੇ ਇਹ ਸਪਸ਼ਟ ਕਰ ਦਿਤਾ ਗਿਆ ਹੈ ਕਿ ਤਖ਼ਤ ਸਾਹਿਬਾਨ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਹਨ।

ਜਥੇਦਾਰ ਪੰਜੋਲੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਅੰਤਿ੍ਰੰਗ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਤੁਰਤ ਅਪਣੀ ਮੀਟਿੰਗ ਬੁਲਾ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਕੇਸ ਦੀ ਜਾਂਚ ਬੰਦ ਕਰ ਕੇ ਇਸ ਲਈ ਕਮੇਟੀ ਨੂੰ ਭੰਗ ਕਰਨ। ਉਨ੍ਹਾਂ ਕਿਹਾ ਕਿ ਇਸ ਸਮੇਂ ਦੀ ਸਥਿਤੀ ਵਿਚ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਵਿਚ ਖੜੀ ਨਜ਼ਰ ਆ ਰਹੀ ਹੈ ਜਦੋਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਨੂੰ ਲਾਗੂ ਕਰਨ ਤੇ ਕਰਾਉਣ ਦਾ ਸੱਭ ਤੋਂ ਪਹਿਲਾ ਫ਼ਰਜ਼ ਹੀ ਸ਼੍ਰੋਮਣੀ ਕਮੇਟੀ ਦਾ ਹੈ।

ਪੰਥਕ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੇ ਹੋਰਨਾਂ ਅਕਾਲੀ ਆਗੂਆਂ ਨੂੰ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਦੀਆਂ ਚਾਲਾਂ ਤੇ ਸੌੜੀ ਸਿਆਸਤ ਨੂੰ ਸਮਝਣ ਜਿਸ ਨੇ ਬੜੀ ਚਲਾਕੀ ਨਾਲ ਅਸਤੀਫ਼ਾ ਦੇਣ ਦਾ ਢੌਂਗ ਰਚ ਕੇ ਅਪਣੇ ਆਪ ਨੂੰ ਲਾਂਭੇ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਦੇ ਰਾਹ ਤੋਰ ਦਿਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਉਣ ਤੇ ਇਸ ਸਰਬਉੱਚ ਸੰਸਥਾ ਦੇ ਹੁਕਮਨਾਮਿਆਂ ਤੋਂ ਭਗੌੜੇ ਹੋਣ ਵਾਲੇ ਸਿੱਖਾਂ ਦਾ ਕੀ ਹਸ਼ਰ ਹੁੰਦਾ ਹੈ।