ਜੂਨ '84 ਸਮੇਂ ਸ੍ਰੀ ਅਕਾਲ ਤਖ਼ਤ ਤੇ ਹਮਲੇ ਦੇ ਤੱਥ ਉਜਾਗਰ ਕਰਨ ਲਈ ਐਸ.ਆਈ.ਟੀ ਦਾ ਗਠਨ ਹੋਵੇ-ਧਰਮੀ ਫ਼ੌਜੀ
ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਿਵਾਰ ਵੈਲਫ਼ੇਅਰ ਐਸੋਸੀਏਸ਼ਨ ਰਜਿ. ਦੀ ਅਹਿਮ ਮੀਟਿੰਗ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਦੀ ਅਗਵਾਈ....
ਧਾਰੀਵਾਲ : ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਿਵਾਰ ਵੈਲਫ਼ੇਅਰ ਐਸੋਸੀਏਸ਼ਨ ਰਜਿ. ਦੀ ਅਹਿਮ ਮੀਟਿੰਗ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਦੀ ਅਗਵਾਈ ਹੇਠ ਮੁੱਖ ਦਫ਼ਤਰ ਨੇੜੇ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਵਿਖੇ ਹੋਈ। ਜਿਸ ਵਿਚ ਜੂਨ 1984 ਦੌਰਾਨ ਸਿੱਖ ਕੌਮ ਅਤੇ ਸਿੱਖ ਧਾਰਮਿਕ ਸਥਾਨਾਂ ਦੀ ਤੋਪਾਂ ਟੈਂਕਾਂ ਨਾਲ ਕੀਤੀ ਬੇਅਦਬੀ ਬਾਰੇ ਚਰਚਾ ਕਰਦਿਆ ਧਰਮੀ ਫ਼ੌਜੀਆਂ ਦੀਆ ਕੁਰਬਾਨੀ ਨੂੰ ਯਾਦ ਕੀਤਾ ਗਿਆ। ਮੀਟਿੰਗ ਵਿਚ ਬੁਲਾਰਿਆਂ ਨੇ ਕਿਹਾ ਕਿ ਦਿੱਲੀ ਅਤੇ ਹੋਰ ਰਾਜਾਂ ਅੰਦਰ ਨਵੰਬਰ 1984 ਵਿਚ ਹੋਈ ਸਿੱਖ ਨਸਲਕੁਸ਼ੀ ਲਈ ਐਸ.ਆਈ.ਟੀ. ਦੇ ਗਠਨ ਅਤੇ ਅਕਤੂਬਰ 2015 ਵਿਚ ਬਰਗਾੜੀ ਵਿਖੇ
ਵਾਪਰੇ ਦੁਖਾਂਤ ਜਿਸ ਵਿਚ ਦੋ ਸਿੱਖ ਮਾਰੇ ਗਏ, ਵਾਸਤੇ ਮੋਰਚੇ ਲਗਾਉਣ ਵਿਚ ਸਿੱਖ ਸੰਗਤਾਂ ਨੇ ਭਾਰੀ ਉਤਸ਼ਾਹ ਦਿਖਾਇਆ। ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਕਿਹਾ ਕਿ ਪਿਛਲੇ ਦਿਨੀਂ ਕੁਝ ਲੋਕਾਂ ਵਲੋਂ ਗਾਂਧੀ ਦੇ ਬੁੱਤ ਨੂੰ ਗੋਲੀਆਂ ਮਾਰੀਆਂ ਤਾਂ ਉਨ੍ਹਾਂ ਦੇ ਪਰਚੇ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਜਦਕਿ ਜੂਨ 1984 ਵਿਚ ਵਾਪਰੇ ਵੱਡੇ ਦੁਖਾਂਤ ਲਈ ਕਿਸੇ ਵੀ ਰਾਜਨੇਤਾ ਨੇ ਆਵਾਜ਼ ਨਹੀਂ ਚੁੱਕੀ। ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਧਰਮੀ ਫ਼ੌਜੀਆਂ ਦਾ ਇਕ ਵਫ਼ਦ 12 ਫ਼ਰਵਰੀ ਨੂੰ ਪੰਜਾਬ ਵਿਧਾਨ ਸਭਾ ਚੰਡੀਗੜ ਅੱਗੇ ਪਹੁੰਚ ਕੇ ਆਪਣੇ ਸੰਦੇਸ਼ ਪੱਤਰ ਹਰ ਪਾਰਟੀ ਦੇ ਵਿਧਾਇਕ ਨੂੰ ਸੌਪ ਕੇ ਮੰਗ ਕਰਨਗੇ
ਕਿ ਧਰਮੀ ਫ਼ੌਜੀਆਂ ਦੀਆ ਮੁਸ਼ੱਕਲਾਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿਚ ਉਜਾਗਰ ਕੀਤਾ ਜਾਵੇ ਅਤੇ ਸ੍ਰੀ ਅਕਾਲ ਤਖ਼ਤ 'ਤੇ ਹਮਲੇ ਦੇ ਤੱਥ ਉਜਾਗਰ ਕਰਨ ਲਈ ਐਸ.ਟੀ.ਆਈ. ਦਾ ਗਠਨ ਕੀਤਾ ਜਾਵੇ। ਇਸ ਮੌਕੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ, ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ, ਪੰਜਾਬ ਪ੍ਰਧਾਨ ਮੇਵਾ ਸਿੰਘ, ਆਦਿ ਹਾਜ਼ਰ ਸਨ।