ਦਿੱਲੀ ਗੁਰਦਵਾਰਾ ਕਮੇਟੀ ਦੇ ਸਕੂਲ ਕਰੋੜਾਂ ਦੇ ਘਾਟੇ ਵਿਚ, ਸਰਨਿਆਂ ਨੇ ਬਾਦਲਾਂ ਨੂੰ ਦੋਸ਼ੀ ਗਰਦਾਨਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਤੇ.....

Harwinder Singh Sarna

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਤੇ ਕਮੇਟੀ ਵਿਚ ਐਮਰਜੈਂਸੀ ਵਰਗੇ ਹਾਲਾਤ ਬਣ ਚੁਕੇ ਹਨ, ਜਿਸ ਕਰ ਕੇ, ਸਰਕਾਰ ਨੂੰ ਤੁਰਤ ਕਮੇਟੀ ਭੰਗ ਕਰ ਕੇ, ਆਮ ਚੋਣਾਂ ਕਰਵਾਉਣ ਦਾ ਐਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪਿਛਲੇ ਕਈ ਸਾਲਾਂ ਤੋਂ ਕਰੋੜਾਂ ਦੇ ਘਾਟੇ ਵਿਚ ਚਲ ਰਹੇ ਹਨ, ਜਿਸ ਬਾਰੇ ਕਮੇਟੀ ਦੇ ਇਕ ਮੈਂਬਰ ਨੇ ਮੀਡੀਆ ਵਿਚ ਤਸਦੀਕ ਕੀਤਾ ਹੈ।  

ਜ਼ਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ ਮੈਂਬਰ ਤੇ ਕਮੇਟੀ ਦੇ ਸਲਾਹਕਾਰ ਸ.ਕੁਲਵੰਤ ਸਿੰਘ ਬਾਠ ਨੇ ਇਕ ਅੰਗ੍ਰੇਜ਼ੀ ਅਖਬਾਰ ਵਿਚ ਪ੍ਰਗਟਾਵਾ ਕੀਤਾ ਹੈ ਕਿ 'ਕਮੇਟੀ ਦੇ ਸਕੂਲ 38 ਕਰੋੜ ਰੁਪਏ ਦੇ ਘਾਟੇ ਵਿਚ ਹਨ, ਜਿਸ ਕਰ ਕੇ, ਅਧਿਆਪਕਾਂ ਤੇ ਹੋਰ ਸਟਾਫ਼ ਨੂੰ ਵੇਲੇ ਸਿਰ ਤਨਖ਼ਾਹਾ ਨਹੀਂ ਦਿਤੀਆਂ ਜਾ ਰਹੀਆ। ਅਧਿਆਪਕਾਂ ਦੀ ਸਾਲਾਨਾ ਤਨਖਾਹਾਂ 102 ਕਰੋੜ ਰੁਪਏ ਹਨ ਪਰ ਫ਼ੀਸਾਂ ਰਾਹੀਂ ਸਿਰਫ਼ 63 ਕਰੋੜ ਰੁਪਏ ਦੀ ਆਮਦਨੀ ਹੈ ਅਤੇ 6.57 ਕਰੋੜ ਰੁਪਏ ਦੀ ਫ਼ੀਸ ਮਾਫ਼ੀ ਹੋਈ ਹੈ।'ਇਸ ਪਿਛੋਂ ਸ. ਹਰਵਿੰਦਰ ਸਿੰਘ ਸਰਨਾ ਨੇ ਇਕ ਬਿਆਨ ਜਾਰੀ ਕਰ ਕੇ, ਕਮੇਟੀ ਨੂੰੰ ਘੇਰਦਿਆਂ ਕਿਹਾ, “ਕਿਹਾ ਸਾਡੇ ਪ੍ਰਬੰਧ ਵੇਲੇ ਸਾਰੇ ਸਕੂਲ

ਮੁਨਾਫ਼ੇ ਵਿਚ ਸਨ ਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹਾਂ ਦਾ ਭੁਗਤਾਨ ਕਰਨ ਨਾਲ ਬਚਤ ਵੀ ਹੁੰਦੀ ਸੀ, ਜਿਸ ਨਾਲ ਸਕੂਲਾਂ ਦੇ ਵਿਕਾਸ ਕਾਰਜ ਪੂਰੇ ਕੀਤੇ ਜਾਂਦੇ ਸਨ, ਪਰ 2013 ਵਿਚ ਜਦੋਂ ਤੋਂ ਬਾਦਲ ਦਲ ਨੇ ਗੁਰਦਵਾਰਾ ਕਮੇਟੀ ਦਾ ਪ੍ਰਬੰਧ ਸੰਭਾਲਿਆ ਹੈ, ਉਦੋਂ ਤੋਂ ਸਕੂਲਾਂ ਦੇ ਮਾਲੀ ਹਾਲਾਤ ਅਤਿ ਮਾੜੇ ਹੋ ਗਏ ਹਨ। ਸਕੂਲ ਸੰਕਟ ਵਿਚ ਪੁੱਜ ਗਏ ਹਨ ਜੇ ਹਾਲਾਤ ਕਾਬੂ ਨਾ ਕੀਤੇ ਗਏ ਤਾਂ ਸਕੂਲ ਬੰਦ ਹੋ ਜਾਣਗੇ ਜੋ ਸਿੱਖ ਕੌਮ ਲਈ ਨਮੋਸ਼ੀ ਵਾਲੀ ਹਾਲਤ ਹੋਵੇਗੀ।'' ਸ.ਸਰਨਾ ਨੇ ਕਿਹਾ, “ਦਿੱਲੀ ਕਮੇਟੀ ਦੇ ਮੈਂਬਰ ਅਨੁਸਾਰ ਗੁਰੂ ਹਰਕਿਸ਼ਨ ਪਬਲਿਕ ਸਕੂਲ 38 ਕਰੋੜ ਦੇ ਘਾਟੇ 'ਚ ਚਲ ਰਹੇ ਹਨ, ਜਿਸ ਕਾਰਨ ਮੁਲਾਜ਼ਮਾਂ ਨੂੰ ਵੇਲੇ  ਸਿਰ ਤਨਖਾਹਾਂ ਵੀ

ਨਹੀਂ ਮਿਲ ਰਹੀਆ। ਮੈਂਬਰ ਮੁਤਾਬਕ ਲੋਨੀ ਰੋਡ ਸਕੂਲ 2.31 ਕਰੋੜ, ਵਸੰਤ ਵਿਹਾਰ 3.15 ਕਰੋੜ, ਹਰਗੋਬਿੰਦ ਇਨਕਲੇਵ 2.47 ਕਰੋੜ, ਹੇਮਕੁੰਟ ਕਾਲੋਨੀ 3.84 ਕਰੋੜ,  ਕਾਲਕਾ ਜੀ 3.47 ਕਰੋੜ, ਨਾਨਕ ਪਿਆਓ 4.26 ਕਰੋੜ, ਪੰਜਾਬੀ ਬਾਗ਼ 3.72 ਕਰੋੜ, ਫਤਿਹ ਨਗਰ 4.16 ਕਰੋੜ , ਕਰੋਲ ਬਾਗ਼ 3.40 ਕਰੋੜ , ਤਿਲਕ ਨਗਰ 2.19 ਕਰੋੜ, ਧੱਕਾ ਧੀਰ ਪੁਰ 1.70 ਕਰੋੜ ਦੇ ਸਾਲਾਨਾ ਘਾਟੇ ਤੇ ਚੱਲ ਰਹੇ ਹਨ। ਮੈਂਬਰ ਦਾ ਕਹਿਣਾ ਹੈ ਕਿ ਸਕੂਲਾ ਦੀਆ ਤਨਖਾਹਾ 102 ਕਰੋੜ ਸਲਾਨਾ ਹਨ ਤੇ ਸਕੂਲ 'ਚ ਆਉਣ ਵਾਲਿਆ ਫੀਸਾ ਕੇਵਲ 63 ਕਰੋੜ ਹਨ ਕਿਉਂਕਿ 6.57 ਕਰੋੜ ਦੀਆ ਫੀਸਾ ਮਾਫ ਕੀਤੀਆ ਜਾਦੀਆ ਹਨ ਤੇ ਫ਼ੀਸਾ ਹੀ ਕੇਵਲ ਸਕੂਲਾ ਦੀ ਆਮਦਨੀ ਦਾ ਸਰੋਤ ਹਨ।''