Panthak News: ਐਲਾਨ ਦੇ 24 ਘੰਟੇ ਅੰਦਰ ਹੀ ਹਰਿਆਣਾ ਗੁਰਦਵਾਰਾ ਕਮੇਟੀ ਚੋਣਾਂ ਅਣਮਿਥੇ ਸਮੇਂ ਲਈ ਮੁਲਤਵੀ ਕੀਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਕਾਰਨ ਦਸਿਆ ਪਰ ਗ਼ੈਰ ਸਿੱਖਾਂ ਦੀਆਂ ਵੋਟਾਂ ਬਾਰੇ ਉਠੇ ਸਵਾਲਾਂ ਬਾਅਦ ਚੋਣਾਂ ਮੁਲਤਵੀ ਕਰਨ ਦੀ ਚਰਚਾ

Elections schedule for Haryana Sikh Gurdwara Management Committee withdrawn

Panthak News: ਹਰਿਆਣਾ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀਆਂ ਆਮ ਚੋਣਾਂ ਐਲਾਨ ਦੇ 24 ਘੰਟੇ ਅੰਦਰ ਹੀ ਮੁਲਤਵੀ ਕਰ ਦਿਤੀਆਂ ਗਈਆਂ ਹਨ। ਹਰਿਆਣਾ ਦੇ ਗੁਰਦਵਾਰਾ ਚੋਣ ਕਮਿਸ਼ਨਰ ਜਸਟਿਸ ਸੇਵਾ ਮੁਕਤ ਐਚ.ਐਸ. ਭੱਲਾ ਨੇ ਕਿਹਾ ਕਿ ਇਹ ਚੋਣਾਂ ਅਣਮਿਥੇ ਸਮੇਂ ਲਈ ਮੁਲਤਵੀ ਕੀਤੀਆਂ ਗਈਆਂ ਹਨ ਅਤੇ ਇਸ ਦਾ ਕਾਰਨ ਸਕੂਲਾਂ ਵਿਚ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦਾ ਹੋਣਾ ਹੈ ਪਰ ਚੋਣਾਂ ਮੁਲਤਵੀ ਹੋਣ ਬਾਅਦ ਇਹ ਚਰਚਾ ਹੈ ਕਿ ਅਸਲ ਵਿਚ ਐਲਾਨ ਹੁੰਦੇ ਹੀ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵਲੋਂ ਗ਼ੈਰ ਸਿੱਖ ਵੋਟਾਂ ਨੂੰ ਲੈ ਕੇ ਉਠਾਏ ਇਤਰਾਜ਼ਾਂ ਕਾਰਨ ਇਹ ਚੋਣਾਂ ਹੋਰ ਵਿਵਾਦਾਂ ਤੋਂ ਬਚਣ ਲਈ ਹਰਿਆਣਾ ਸਰਕਾਰ ਦੀ ਸਲਾਹ ’ਤੇ ਮੁਲਤਵੀ ਕੀਤੀਆਂ ਗਈਆਂ ਹਨ।

ਇਹ ਗੱਲ ਵੀ ਸਵਾਲ ਖੜੇ ਕਰਦੀ ਹੈ ਕਿ ਪ੍ਰੀਖਿਆਵਾਂ ਦਾ ਕਾਰਨ ਦਸਿਆ ਗਿਆ ਹੈ ਪਰ ਕੀ ਇਨ੍ਹਾਂ ਪ੍ਰੀਖਿਆਵਾਂ ਦੀ ਪਹਿਲਾਂ ਸਰਕਾਰ ਨੂੰ ਜਾਣਕਾਰੀ ਨਹੀਂ ਸੀ? ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਅਕਾਲੀ ਆਗੂਆਂ ਨੇ ਅੱਜ ਚੰਡੀਗੜ੍ਹ ਪ੍ਰੈਸ ਕਾਨਫ਼ਰੰਸ ਕਰ ਕੇ ਵੱਡੀ ਗਿਣਤੀ ਵਿਚ ਗ਼ੈਰ ਸਿੱਖਾਂ ਦੀਆਂ ਵੋਟਾਂ ਬਣਨ ਦਾ ਦੋਸ਼ ਲਾਉਂਦਿਆਂ ਸਮੀਖਿਆ ਕਰ ਕੇ ਚੋਣਾਂ ਕਰਵਾਉਣ ਦੀ ਮੰਗ ਕੀਤੀ ਸੀ।

ਇਸੇ ਤਰ੍ਹਾਂ ਦਾਦੂਵਾਲ ਨੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਬਣਨ ਦੇ ਦੋਸ਼ ਲਾਉਂਦੇ ਹੋਏ ਕਈ ਸਵਾਲ ਉਠਾਏ ਸਨ। ਗੁਰਦਵਾਰਾ ਕਮਿਸ਼ਨਰ ਨੇ ਬੀਤੇ ਦਿਨ ਨੋਟੀਫ਼ੀਕੇਸ਼ਨ ਜਾਰੀ ਕਰ ਕੇ ਹਰਿਆਣਾ ਗੁਰਦਵਾਰਾ ਚੋਣਾਂ 6 ਮਾਰਚ ਨੂੰ ਕਰਵਾਉਣ ਦਾ ਐਲਾਨ ਕੀਤਾ ਸੀ। ਚੋਣ ਕਮਿਸ਼ਨਰ ਨੇ ਕਿਹਾ ਕਿ ਹੁਣ ਚੋਣਾਂ ਮੁਲਤਵੀ ਕਰਨ ਲਈ ਨੋਟੀਫ਼ੀਕੇਸ਼ਨ ਡੀ ਨੋਟੀਫ਼ਾਈ ਕੀਤਾ ਗਿਆ ਹੈ। ਅਗਲੀ ਤਰੀਕ ਦਾ ਫ਼ੈਸਲਾ ਬਾਅਦ ਵਿਚ ਲਿਆ ਜਾਵੇਗਾ।

(For more Punjabi news apart from Panthak News: Elections schedule for Haryana Sikh Gurdwara Management Committee withdrawn, stay tuned to Rozana Spokesman)