ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਦਿੱਤੀ ਰਾਹਤ, 10,000 ਤੱਕ ਮਿਲੇਗਾ ਵਜ਼ੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਣੇ ਵਿਦਿਅਕ ਅਦਾਰਿਆਂ ਵਿਚ ਪੜ੍ਹਨ ਵਾਲੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇਵੇਗੀ। ਇਹ ਫ਼ੈਸਲਾ ਅੱਜ ਇੱਥੇ ਐਸ.ਜੀ.ਪੀ.ਸੀ...

Bhai Gobind Singh Longowal

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਣੇ ਵਿਦਿਅਕ ਅਦਾਰਿਆਂ ਵਿਚ ਪੜ੍ਹਨ ਵਾਲੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇਵੇਗੀ। ਇਹ ਫ਼ੈਸਲਾ ਅੱਜ ਇੱਥੇ ਐਸ.ਜੀ.ਪੀ.ਸੀ ਦੀ ਹੋਈ ਅੰਤਰਿੰਗ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ। ਇਸ ਤੋਂ ਇਲਾਵਾ ਮੀਟਿੰਗ ਨੂੰ 30 ਮਾਰਚ ਨੂੰ ਸ਼੍ਰੋਮਣੀ ਦਾ ਬਜਟ ਇਜ਼ਲਾਸ ਸੱਦਣ ਦਾ ਵੀ ਫ਼ੈਸਲਾ ਲਿਆ ਹੈ, ਜੋ ਕਿ ਸ਼੍ਰੀ ਅੰਮ੍ਰਿਤਸਰ ਸਥਿਤ ਮੁੱਖ ਦਫ਼ਤਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗਾ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਵਜ਼ੀਫ਼ੇ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ,

ਜਿਨ੍ਹਾਂ ਦੇ ਮਾਤਾ-ਪਿਤਾ ਵੀ ਅੰਮ੍ਰਿਤਧਾਰੀ ਹੋਣਗੇ। ਵਜ਼ੀਫ਼ਾ ਰਾਸ਼ੀ ਛੇਵੀਂ ਤੋਂ ਦਸਵੀਂ ਤੱਕ 35,00 ਰੁਪਏ, 11ਵੀਂ ਤੋਂ 12ਵੀਂ ਤੱਕ 5,000 ਰੁਪਏ, ਗ੍ਰੇਜੂਏਟ ਲਈ 8,000 ਰੁਪਏ ਤੇ ਪੋਸਟ-ਗ੍ਰੈਜੂਏਟ ਪੱਧਰ ਲਈ 10,000 ਰੁਪਏ ਸਾਲਾਨਾ ਰੱਖੀ ਹੈ। ਇਸ ਤੋ ਇਲਾਵਾ ਵੱਖ-ਵੱਖ ਖੇਡਾਂ ਵਿਚ ਪ੍ਰਾਪਤੀ ਕਰਨ ਵਾਲੇ ਗੁਰਸਿੱਖ ਖਿਡਾਰੀਆਂ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤੇ ਜਾਣਗੇ। ਅੱਜ ਵੀ ਮੀਟਿਗ ਵਿਚ ਸ਼੍ਰੋਮੀ ਕਮੇਟੀ ਦੀਆਂ ਤਿੰਨ ਪ੍ਰੈਸਾਂ ਨੂੰ ਇਕ ਥਾਂ ਕਰਨ ਦੀ ਪ੍ਰਵਾਨਗੀ ਦਿੰਦਿਆ ਇਥੇ ਲੋਡ ਅਨੁਸਾਰ ਕਾਗਜ਼ ਤੇ ਹੋਰ ਸਮੱਗਰੀ ਲਈ ਇਕ ਕੇਂਦਰੀ ਸਟੋਰ ਸਥਾਪਤ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ।

ਇਸ ਦੇ ਨਾਲ ਹੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਵੱਲੋਂ ਭੇਟ ਕੀਤੇ ਜਾਂਦੇ ਰਾਸ਼ਨ ਲਈ ਦੋ ਸਟੋਰ ਕਾਇਮ ਕੀਤੇ ਜਾਣਗੇ। ਜੰਮੂ-ਕਸ਼ਮੀਰ ਵਿਚ ਪੈਂਦੇ ਤਿੰਨ ਗੁਰਦਿਆਰਿਆਂ ਗੁਰਦੁਆਰਾ ਸਿੰਘ ਸਭਾ ਪੰਗਧੋਰ ਸਾਂਬਾ, ਸ਼੍ਰੀ ਗੁਰੂ ਸਿੰਘ ਸਭਾ ਖਾਲਸਾ ਕਲੋਨੀ ਕਰਥੋਲੀ ਬੜੀ ਬ੍ਰਾਹਮਣਾਂ ਜੰਮੂ ਅਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਗੋਵਾਲੀ ਆਰਐਸ ਪੁਰਾ ਜੰਮੂ ਦੀਆਂ ਇਮਾਰਤਾਂ ਲਈ ਇਕ-ਇਕ ਲੱਖ ਰੁਪਏ ਦੀ ਸਹਾਇਤਾ ਨੂੰ ਪ੍ਰਵਾਨਗੀ ਵੀ ਦਿੱਤੀ ਗਈ ਹੈ। ਇਕ ਸ਼ੋਕ ਮਤਾ ਪਾਸ ਕਰਕੇ ਪ੍ਰਸਿੱਧ ਸਿੱਖ ਇਤਿਹਾਸਕਾਰ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਨੂੰ ਵੀ ਸ਼ਰਧਾਜ਼ਲੀ ਦਿੱਤੀ ਗਈ।