ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ 'ਤੇ ਬਣ ਰਹੀ ਫ਼ਿਲਮ 'ਤੇ ਰੋਕ ਲਗਾਉਣ ਸਬੰਧੀ ਰਾਜਪਾਲ ਨੂੰ ਦਿਤਾ ਮੰਗ ਪੱਤਰ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ 6 ਸਤੰਬਰ 1995 ਨੂੰ ਤਰਨਤਾਰਨ ਵਿਖੇ ਹੋਏ ਸਨ ਸ਼ਹੀਦ 

khalra mission

ਦਿਲਜੀਤ ਦੋਸਾਂਝ ਨੂੰ ਫ਼ਿਲਮ ਬਣਾਉਣ ਤੋਂ ਰੋਕਣ ਸਬੰਧੀ ਖਾਲੜਾ ਮਿਸ਼ਨ ਨੇ ਪੰਜਾਬ ਦੇ ਰਾਜਪਾਲ ਨੂੰ ਦਿਤਾ ਮੰਗ ਪੱਤਰ
ਚੰਡੀਗੜ੍ਹ :
ਖਾਲੜਾ ਮਿਸ਼ਨ ਵਲੋਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦਿੰਦਿਆਂ ਅਪੀਲ ਕੀਤੀ ਗਈ ਹੈ ਕਿ ਫ਼ਿਲਮ ਅਦਾਕਾਰ ਦਿਲਜੀਤ ਦੋਸਾਂਝ ਵਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ 'ਤੇ ਬਣਾਈ ਜਾ ਰਹੀ ਫ਼ਿਲਮ 'ਤੇ ਰੋਕ ਲਗਾਈ ਜਾਵੇ।

ਉਨ੍ਹਾਂ ਬੇਨਤੀ ਕੀਤੀ ਕਿ ਦਲਜੀਤ ਦੋਸਾਂਝ ਅਤੇ ਤਰੇਨ ਹਨੀ ਆਦਿ ਵੱਲੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ 'ਤੇ ਪੰਜਾਬ ਵਿੱਚ ਫ਼ਿਲਮ ਬਣਾਈ ਜਾ ਰਹੀ ਹੈ। ਭਾਈ ਜਸਵੰਤ ਸਿੰਘ ਦੀ ਜੀਵਨੀ 'ਤੇ ਬਣ ਰਹੀ ਫ਼ਿਲਮ ਸਬੰਧੀ ਉਨ੍ਹਾਂ ਨੇ ਉਸ ਜਗ੍ਹਾ 'ਤੇ ਪਹੁੰਚ ਕੇ ਧਰਨਾ ਦਿਤਾ ਅਤੇ ਕਿਹਾ ਕਿ ਇਹ ਧਰਨਾ ਲਗਾਤਾਰ ਜਾਰੀ ਰਹੇਗਾ ਜਿੰਨੀ ਦੇਰ ਤੱਕ ਇਸ 'ਤੇ ਰੋਕ ਨਹੀਂ ਲਗਾਈ ਜਾਂਦੀ ।

ਇਸ ਬਾਬਤ ਉਨ੍ਹਾਂ ਰਾਜਪਾਲ ਨੂੰ ਭੇਜੀ ਚਿੱਠੀ ਵਿਚ ਲਿਖਿਆ, ''ਭਾਈ ਜਸਵੰਤ ਸਿੰਘ ਖਾਲੜਾ ਜੋ ਕਿ ਸਿਖਾਂ ਦੇ ਸ਼੍ਰੋਮਣੀ ਸ਼ਹੀਦ ਹਨ।  ਮਨੁੱਖੀ ਅਧਿਕਾਰਾ ਦੀ ਲੜਾਈ ਲੜਦਿਆਂ 6 ਸਤੰਬਰ 1995 ਨੂੰ ਤਰਨ ਤਾਰਨ ਜ਼ਿਲ੍ਹਾ ਪੁਲਿਸ ਤੇ ਐਸ.ਐਸ.ਪੀ ਅਜੀਤ ਸਿੰਘ ਸੰਧੂ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਘਰੋਂ ਚੁੱਕ ਕੇ ਅਤੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ।

ਉਹ ਸਾਰੀ ਸਿੱਖ ਕੌਮ ਦੇ ਸ਼੍ਰੋਮਣੀ ਸ਼ਹੀਦ ਹਨ ਤੇ ਜਿੰਨਾ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਖੇ ਸ਼ੁਸੋਭਿਤ ਹੈ। ਫ਼ਿਲਮ ਅਦਾਕਾਰ ਦਲਜੀਤ ਦੋਸਾਂਝ ਅਤੇ ਤਰੇਨ ਹਨੀ ਡੈਕਸਨ ਉਨ੍ਹਾਂ ਦੀ ਨਕਲ ਕਰਕੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਂਵਾ ਨੂੰ ਭੜਕਾ ਰਹੇ ਹਨ ਅਤੇ ਸ਼ਹੀਦਾਂ ਦੀ ਬੇਅਬਦੀ ਕਰ ਰਹੇ ਹਨ।'' ਉਨ੍ਹਾਂ ਕਿਹਾ ਕਿ ਉਪਰੋਕਤ ਕਾਰਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਨੂੰ ਅਜਿਹਾ ਕੰਮ ਕਰਨ ਤੋਂ ਰੋਕਿਆ ਜਾਵੇ ਤਾਂ ਜੋ ਸਿੱਖ ਸਮਾਜ ਅੰਦਰ ਅਤੇ ਪੰਜਾਬ ਅੰਦਰ ਸ਼ਾਂਤੀ ਤੇ ਸਦਭਾਵਨਾ ਬਣੀ ਰਹੇ।

ਰਾਜਪਾਲ ਨੂੰ ਸੌੰਪੇ ਈ ਮੰਗ ਪੱਤਰ 'ਤੇ ਹਰਮਨਦੀਪ ਸਿੰਘ ਸਰਹਾਲੀ ਪ੍ਰਧਾਨ ਖਾਲੜਾ ਮਿਸ਼ਨ, ਬਾਬਾ ਦਰਸ਼ਨ ਸਿੰਘ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਗੁਰਭੇਜ ਸਿੰਘ ਪਲਾਸੌਰ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਆਦਿ ਨੇ ਹਸਤਾਖਰ ਕੀਤੇ। ਧਰਨੇ 'ਤੇ ਮੌਜੂਦ ਨੁਮਾਇੰਦਿਆਂ ਨੇ ਦਸਿਆ ਕਿ ਉਨ੍ਹਾਂ ਵਲੋਂ ਪਹਿਲਾਂ ਵੀ ਫ਼ਿਲਮ ਟੀਮ ਨੂੰ ਇਸ ਦੀ ਸ਼ੂਟਿੰਗ ਰੋਕਣ ਲਈ ਕਿਹਾ ਸੀ ਪਰ ਉਨ੍ਹਾਂ ਨੇ ਮੁੜ ਫ਼ਿਲਮ ਬਣਾਉਣੀ ਸ਼ੁਰੂ ਕਰ ਦਿਤੀ ਹੈ।

ਜਿਸ ਦਾ ਉਨ੍ਹਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਇਸ ਫ਼ਿਲਮ ਨੂੰ ਪ੍ਰਵਾਨਗੀ ਦੇ ਦਿੰਦੇ ਹਨ ਤਾਂ ਅਸੀਂ ਮੁੜ ਵਿਚਾਰ ਕਰਾਂਗੇ ਕਿਉਂਕਿ 1934 ਵਿਚ ਸ਼੍ਰੋਮਣੀ ਕਮੇਟੀ ਵਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ ਜਿਸ ਤਹਿਤ ਕੋਈ ਵੀ ਗੁਰੂ ਸਾਹਿਬਾਨ ਜਾਂ ਸ਼ਹੀਦਾਂ ਦੀ ਨਕਲ ਨਹੀਂ ਕਰ ਸਕਦਾ। ਇਸ ਲਈ ਇਨ੍ਹਾਂ ਨੂੰ ਅਜਿਹੀਆਂ ਬੇਅਦਬੀਆਂ ਕਰਨ ਤੋਂ ਰੁਕਣਾ ਚਾਹੀਦਾ ਹੈ ਅਤੇ ਫ਼ਿਲਮ ਬੰਦ ਕਰਨੀ ਚਾਹੀਦੀ ਹੈ।