Punjab News: ਜੂਨ 84 ਦੇ ਸ਼ਹੀਦਾਂ ਦੀ ਯਾਦ ’ਚ ਤਿਆਰ ਕੀਤੀ ਗਈ ਸ਼ਹੀਦੀ ਗੈਲਰੀ ਦਾ ਉਦਘਾਟਨ
ਸ਼੍ਰੋਮਣੀ ਕਮੇਟੀ ਵੱਲੋਂ ਇਸ ਕਾਰਜ ਦੀ ਸੇਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਸੌਂਪੀ ਗਈ ਸੀ
Punjab News: ਅੰਮ੍ਰਿਤਸਰ : ਜੂਨ 1984 ’ਚ ਸਿੱਖ ਕੌਮ ਦੇ ਸਰਵਉੱਚ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਕਰਵਾਏ ਗਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ/ਸਿੰਘਣੀਆਂ ਦੀ ਯਾਦ ਵਿਚ ਤਿਆਰ ਕਰਵਾਈ ਗਈ ਸ਼ਹੀਦੀ ਗੈਲਰੀ ਅੱਜ ਅਰਦਾਸ ਉਪਰੰਤ ਸੰਗਤ ਅਰਪਣ ਕੀਤੀ ਗਈ। ਇਹ ਸ਼ਹੀਦੀ ਗੈਲਰੀ ਸ਼ਹੀਦ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਸ਼ਹੀਦ ਜਨਰਲ ਸੁਬੇਗ ਸਿੰਘ ਅਤੇ ਸ਼ਹੀਦ ਬਾਬਾ ਠਾਰਾ ਸਿੰਘ ਨੂੰ ਸਮਰਪਿਤ ਕੀਤੀ ਗਈ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਇਸ ਕਾਰਜ ਦੀ ਸੇਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਸੌਂਪੀ ਗਈ ਸੀ। ਇਸ ਸ਼ਹੀਦੀ ਗੈਲਰੀ ਵਿਚ 1984 ਦੇ ਘੱਲੂਘਾਰੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਢਹਿ-ਢੇਰੀ ਹੋਈ ਇਮਾਰਤ ਦਾ ਮਾਡਲ, ਸ਼ਹੀਦ ਹੋਏ ਸਿੰਘ/ਸਿੰਘਣੀਆਂ ਦੀ ਤਸਵੀਰਾਂ ਲਗਾਈਆਂ ਗਈਆਂ ਹਨ। ਇਸ ਦੇ ਨਾਲ ਹੀ ਡਿਜੀਟਲ ਰੂਪ ਵਿਚ ਘੱਲੂਘਾਰੇ ਦੇ ਇਤਿਹਾਸ ਨੂੰ ਬਿਆਨ ਕਰਦੀ ਡਾਕੂਮੈਂਟਰੀ ਵਿਖਾਉਣ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਸ਼ਹੀਦੀ ਗੈਲਰੀ ਸੰਗਤ ਅਰਪਣ ਕਰਨ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਪੰਥ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।
ਇਸ ਮੌਕੇ ਗੱਲ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਸ਼ਹੀਦੀ ਗੈਲਰੀ ਉਨ੍ਹਾਂ ਸ਼ਹੀਦਾਂ ਦੀ ਸਦੀਵੀ ਯਾਦਗਾਰ ਹੈ, ਜਿਨ੍ਹਾਂ ਨੇ ’84 ਦੇ ਘੱਲੂਘਾਰੇ ਸਮੇਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਆਉਣ ਵਾਲੀ ਪੀੜ੍ਹੀ ਨੂੰ ਇਸ ਘੱਲੂਘਾਰੇ ਦੌਰਾਨ ਵਾਪਰੇ ਦੁਖਾਂਤ ਦੇ ਨਾਲ-ਨਾਲ ਸ਼ਹੀਦ ਹੋਏ ਸਿੰਘਾਂ/ਸਿੰਘਣੀਆਂ ਬਾਰੇ ਵੀ ਜਾਣਕਾਰੀ ਦੇਵੇਗੀ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਸ਼ਹੀਦੀ ਗੈਲਰੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣੇਗੀ ਅਤੇ ਸੰਗਤਾਂ ਇਥੋਂ ਕੌਮੀ ਜਜ਼ਬਾ ਹਾਸਲ ਕਰਨਗੀਆਂ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਸਮੇਂ ਪਰਕਰਮਾ ਵਿਚ ਗੁਰਦੁਆਰਾ ਝੰਡਾ-ਬੁੰਗਾ ਸਾਹਿਬ ਦੇ ਨਜ਼ਦੀਕ ਇਸ ਸ਼ਹੀਦੀ ਗੈਲਰੀ ਵਿਚ ਵੀ ਜ਼ਰੂਰ ਆਉਣ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਜ਼ਾਦੀ ਤੋਂ ਪਹਿਲਾਂ ਸਮੇਂ ਦੀਆਂ ਹਕੂਮਤਾਂ ਨੇ ਕਈ ਵਾਰ ਸਿੱਖ ਗੁਰਧਾਮਾਂ ’ਤੇ ਹਮਲੇ ਕੀਤੇ। ਅਜ਼ਾਦ ਭਾਰਤ ਵਿਚ ਸਮੇਂ ਦੀ ਕਾਂਗਰਸ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰਵਾ ਕੇ ਅਨੇਕਾਂ ਸਿੱਖਾਂ ਨੂੰ ਸ਼ਹੀਦ ਕੀਤਾ। ਉਨ੍ਹਾਂ ਕਿਹਾ ਕਿ ਹਕੂਮਤ ਵੱਲੋਂ ਦਿੱਤੇ ਗਏ ਇਹ ਜ਼ਖ਼ਮ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕਦੀ। ਸ਼ਹੀਦਾਂ ਦੀ ਯਾਦ ਵਿਚ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਬਣਾਈ ਗਈ ਇਹ ਸ਼ਹੀਦੀ ਗੈਲਰੀ ਸੰਗਤ ਨੂੰ ਹਮੇਸ਼ਾ ਉਨ੍ਹਾਂ ਸ਼ਹੀਦਾਂ ਦੀ ਯਾਦ ਦਿਵਾਉਂਦੀ ਰਹੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਰਕਾਰਾਂ ਅੱਜ ਵੀ ਲੁਕਵੇਂ ਢੰਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਕਮਜ਼ੋਰ ਕਰਨ ਲਈ ਯਤਨਸ਼ੀਲ ਹਨ, ਜਿਸ ਦੇ ਟਾਕਰੇ ਲਈ ਕੌਮ ਨੂੰ ਇਕਜੁਟ ਹੋਣ ਦੀ ਲੋੜ ਹੈ।
ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਸਮਾਗਮ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਸ਼ਹੀਦੀ ਗੈਲਰੀ ਦੀ ਸੇਵਾ ਵਿਚ ਸਹਿਯੋਗ ਕਰਨ ਵਾਲੀਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਕੌਮੀ ਕਾਰਜ ਦੀ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਦਮਦਮੀ ਟਕਸਾਲ ਨੂੰ ਸੌਂਪੀ ਗਈ ਸੀ, ਜਿਸ ਨੂੰ ਸੰਗਤਾਂ ਦੇ ਸਹਿਯੋਗ ਨਾਲ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦੀ ਗੈਲਰੀ ਵਿਚ ਘੱਲੂਘਾਰੇ ਦੌਰਾਨ ਧਰਮ ਦੀ ਰੱਖਿਆ ਲਈ ਸ਼ਹਾਦਤਾਂ ਦੇਣ ਵਾਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਨਾਲ-ਨਾਲ ਨਿਰਦੋਸ਼ ਸਿੰਘਾਂ-ਸਿੰਘਣੀਆਂ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ। ਇਸੇ ਦੌਰਾਨ ਕਾਰਸੇਵਾ ਦੀ ਸੰਪੂਰਨਤਾ ਦੇ ਸ਼ੁਕਰਾਨੇ ਵਜੋਂ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।