ਭਰਤੀ ਘੁਟਾਲੇ 'ਚ ਜਥੇਦਾਰ ਟੌਹੜਾ ਦਾ ਨਾਂ ਘਸੀਟਣਾ ਗਲਤ : ਪੰਜੋਲੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸ਼੍ਰੋਮਣੀ ਕਮੇਟੀ ਦੇ ਸਾਧਨਾਂ ਨੂੰ ਕਦੇ ਵੀ ਆਪਣੀ ਨਿੱਜੀ ਜਾਂ ਕਿਸੇ ਰਿਸ਼ਤੇਦਾਰ ਦੀ ਭਲਾਈ ਲਈ ਨਹੀਂ ਵਰਤਿਆ

sgpc

ਫਤਹਿਗੜ੍ਹ ਸਾਹਿਬ: (ਸੁਰਜੀਤ ਸਿੰਘ ਸਾਹੀ) ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਆਪਣੇ ਸਮੇਂ ਕੀਤੀਆਂ ਨਿਯੁੱਕਤੀਆਂ ਦੇ ਮਾਮਲੇ ਵਿਚ ਮਰਹੂਮ ਨੇਤਾ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਨਾਂ ਘਟੀਸ ਕੇ ਆਪਣੇ ਆਪ ਨੂੰ ਸਹੀ ਸਾਬਤ ਸਿੱਧ ਕਰਨ ਦੀ ਕੋਸਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸ਼੍ਰੋਮਣੀ ਕਮੇਟੀ ਦੇ ਸਾਧਨਾਂ ਨੂੰ ਕਦੇ ਵੀ ਆਪਣੀ ਨਿੱਜੀ ਜਾਂ ਕਿਸੇ ਰਿਸ਼ਤੇਦਾਰ ਦੀ ਭਲਾਈ ਲਈ ਨਹੀਂ ਵਰਤਿਆ। ਜਥੇਦਾਰ ਪੰਜੋਲੀ ਨੇ ਕਿਹਾ ਕਿ ਹੁਣ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਪ੍ਰੋ. ਬਡੂੰਗਰ ਨੇ ਆਪਣੇ ਕਾਰਜ ਕਾਲ ਦੌਰਾਨ ਆਪਣੇ  ਰਿਸਤੇਦਾਰਾਂ ਬਿਨਾਂ ਉਨ੍ਹਾਂ  ਨੇ ਆਪਣੇ ਦੂਰ ਦੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਅਤੇ ਆਪਣੇ ਚਹੇਤੇ  ਮੁਲਾਜ਼ਮਾਂ ਦੇ ਰਿਸ਼ਤੇਦਾਰਾਂ ਨੂੰ ਵੀ ਬਿਨਾਂ ਕਿਸੇ ਲੋੜ ਤੋਂ ਭਰਤੀ ਕੀਤਾ। ਉਨ੍ਹਾਂ  ਕਿਹਾ ਕਿ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਕਮੇਟੀ ਵਿਚ ਭਰਤੀਆਂ ਦੀ ਜਾਂਚ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਲੋਂ ਸੇਵਾ ਸੰਭਾਲ ਦੇ ਵਰ੍ਹੇ 1973 ਤੋਂ ਕਰਨ ਦੀ ਮੰਗ ਕਰਕੇ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ ਜਦੋਂ ਕਿ ਉਸ ਨੂੰ ਇਹ ਚੰਗੀ ਤਰਾਂ ਪਤਾ ਹੈ ਕਿ 1999 ਤੋਂ 2004 ਦੌਰਾਨ ਜਥੇਦਾਰ ਟੌਹੜਾ ਦੀ ਕਾਰਗੁਜ਼ਾਰੀ ਦੀ ਹਰ ਪੱਖੋਂ ਜਾਂਚ ਕੀਤੀ ਗਈ ਸੀ, ਪਰ ਇਸ ਵਿਚੋਂ ਕੁਝ ਵੀ ਨਹੀਂ ਸੀ ਨਿਕਲਿਆ। ਉਹਨਾਂ ਕਿਹਾ ਕਿ ਇਸ ਅਰਸੇ ਦੌਰਾਨ ਕ੍ਰਿਪਾਲ ਸਿੰਘ ਬਡੂੰਗਰ ਖੁਦ ਵੀ ਪ੍ਰਧਾਨ ਰਹੇ ਸਨ।