ਦਿੱਲੀ ਵਿਚ ਨਾਨਕਸ਼ਾਹ ਫ਼ਕੀਰ ਫ਼ਿਲਮ ਦਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਨੌਜਵਾਨਾਂ ਨੇ ਆਪੋ ਆਪਣੇ ਪੱਧਰ 'ਤੇ ਦਿੱਲੀ ਦੇ ਸਿਨੇਮਾ ਨੁਮਾਇੰਦਿਆਂ ਨੂੰ ਮੰਗ ਪੱਤਰ ਦੇ ਕੇ,  ਅਗਲੇ ਹਫ਼ਤੇ ਫ਼ਿਲਮ ਜਾਰੀ ਨਾ ਕਰਨ ਦੀ ਮੰਗ ਕੀਤੀ।

nanak shah fakir

ਨਵੀਂ ਦਿੱਲੀ: (ਅਮਨਦੀਪ ਸਿੰਘ) ਸ਼੍ਰੋਮਣੀ ਕਮੇਟੀ ਵਲੋਂ ਵਿਵਾਦਾਂ ਵਿਚ ਘਿਰੀ ਫ਼ਿਲਮ 'ਨਾਨਕਸ਼ਾਹ ਫ਼ਕੀਰ' ਨੂੰ ਦਿਤੀ ਕਲੀਨ ਚਿੱਟ ਵਾਪਸ ਲੈਣ ਪਿਛੋਂ ਦਿੱਲੀ ਵਿਚ ਵੀ ਇਸ ਫ਼ਿਲਮ ਦਾ ਵਿਰੋਧ  ਸ਼ੁਰੂ ਹੋ ਚੁਕਾ ਹੈ।
' ਜੱਥਾ ਸ਼੍ਰੀ ਅਕਾਲ ਤਖ਼ਤ ਸਾਹਿਬ' ਦਿੱਲੀ ਯੂਨਿਟ ਮੁਹਿੰਮ ਅਧੀਨ ਸਿੱਖ ਨੌਜਵਾਨਾਂ ਨੇ ਆਪੋ ਆਪਣੇ ਪੱਧਰ 'ਤੇ ਦਿੱਲੀ ਦੇ ਮੁਖ ਸਿਨੇਮਾਘਰਾਂ ਵਿਚ ਜਾ ਕੇ, ਉਥੇ ਸਿਨੇਮਾ ਨੁਮਾਇੰਦਿਆਂ ਨੂੰ ਮੰਗ ਪੱਤਰ ਦੇ ਕੇ,  ਅਗਲੇ ਹਫ਼ਤੇ ਫ਼ਿਲਮ ਜਾਰੀ ਨਾ ਕਰਨ ਦੀ ਮੰਗ ਕੀਤੀ।
'ਸਪੋਕਸਮੈਨ' ਨਾਲ ਗੱਲਬਾਤ ਕਰਦੇ ਹੋਏ ਸ.ਦਮਨਦੀਪ ਸਿੰਘ ਨੇ ਦਸਿਆ, "ਅਸੀਂ ਸਿਨੇਮਾ ਘਰਾਂ ਦੇ ਨੁਮਾਇੰਦਿਆਂ ਨੂੰ ਬੇਨਤੀ ਪੱਤਰ ਦੇ ਕੇ ਕਿਹਾ ਹੈ ਕਿ ਇਹ ਫ਼ਿਲਮ ਸਿੱਖਾਂ ਦੇ ਸਿਧਾਂਤਾਂ 'ਤੇ ਸੱਟ ਮਾਰਦੀ ਹੈ ਇਸ ਲਈ ਇਸਨੂੰ ਪਰਦਾਪੇਸ਼ ਨਾ ਕੀਤਾ ਜਾਵੇ।"
ਵਾਈਸ ਆਫ ਵਾਈਸ ਜੱਥੇਬੰਦੀ ਦੇ ਮਨਪ੍ਰੀਤ ਸਿੰਘ, ਸ਼੍ਰੋਮਣੀ ਯੂਥ ਅਕਾਲ ਦਲ ਦਿੱਲੀ ਦੇ ਸਾਬਕਾ ਪ੍ਰਧਾਨ ਸ.ਦਮਨਦੀਪ ਸਿੰਘ, ਸ.ਮਨਮੀਤ ਸਿੰਘ, ਸ.ਪਰਮਵੀਰ ਸਿੰਘ, ਮਨਮੀਤ ਸਿੰਘ ਤੇ ਹੋਰ ਨੌਜਵਾਨਾਂ ਨੇ ਕਈ ਸਿਨੇਮਾ ਘਰਾਂ ਵਿਚ ਨਾਨਕਸ਼ਾਹ ਫ਼ਕੀਰ ਫ਼ਿਲਮ ਦੇ ਫਲੈਕਸ ਵੀ ਲੁਹਾ ਦਿਤੇ। ਨਰੈਣਾ, ਮੋਤੀ ਨਗਰ ਫਨ, ਵੈਵ ਸਿਨੇਮਾ, ਮੂਵੀ ਟਾਈਮ, ਪੈਸੀਫਿਕ ਮਾਲ, ਸੁਭਾਸ਼ ਨਗਰ ਤੇ ਹੋਰ ਸਿਨੇਮਿਆਂ ਵਿਚ ਜਾ ਕੇ, ਨੌਜਵਾਨਾਂ ਨੇ ਮੰਗ ਪੱਤਰ ਦਿਤੇ।
' ਜੱਥਾ ਸ਼੍ਰੀ ਅਕਾਲ ਤਖ਼ਤ ਸਾਹਿਬ' ਦਿੱਲੀ ਯੂਨਿਟ' ਦੇ ਲੈਟਰਹੈੱਡ 'ਤੇ ਸਿਨੇਮਾ ਘਰਾਂ ਨੂੰ ਦਿਤੇ ਬੇਨਤੀ ਪੱਤਰਾਂ ਵਿਚ ਕਿਹਾ ਗਿਆ ਹੈ, 'ਜਿਸ ਤਰ੍ਹਾਂ ਇਸਲਾਮ ਵਿਚ ਮੁਹੰਮਦ ਸਾਹਬ ਦੀ ਫ਼ੋਟੋਆਂ ਨਹੀਂ ਚਿਤਵੀਆਂ ਜਾ ਸਕਦੀਆਂ, ਉਸੇ ਤਰ੍ਹਾਂ ਸਿੱਖ ਧਰਮ ਵਿਚ ਵੀ ਗੁਰੂਆਂ ਦੀਆਂ ਫ਼ੋਟੋਆਂ ਦੀ ਮਨਾਹੀ ਹੈ। ਸਿੱਖਾਂ ਦੇ ਰੋਸ ਪਿਛੋਂ ਵੀ ਫਿਲਮ ਪਰਦਾਪੇਸ਼ ਹੋਣ ਦੀ ਸੂਰਤ ਵਿਚ ਸਿਨੇਮਾ ਘਰ ਜ਼ਿੰਮੇਵਾਰ ਹੋਣਗੇ।'