ਅਕਾਲ ਤਖ਼ਤ ਸਰਕਾਰਾਂ ਤੋਂ ਨਹੀਂ ਢਾਹਿਆ ਗਿਆ, ਸਾਨੂੰ ਢਾਹੁਣਾ ਪਵੇਗਾ : ਨੇਕੀ ਨਿਊਜ਼ੀਲੈਂਡ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹਰਨੇਕ ਨੇਕੀ ਨਿਊਜ਼ੀਲੈਂਡ ਨੇ ਅਕਾਲ ਤਖ਼ਤ 'ਤੇ ਕੀਤਾ ਹਮਲਾ ; ਅਕਾਲ ਤਖ਼ਤ ਤੇ ਸ੍ਰੀ ਦਰਬਾਰ ਸਾਹਿਬ ਨੂੰ ਕਿਹਾ ਮੜ੍ਹੀ

Harnek Singh Newzealand

ਮਾਨਸਾ : ਸੋਸ਼ਲ ਮੀਡੀਆ 'ਤੇ ਹਰਨੇਕ ਨੇਕੀ ਨਿਊਜ਼ੀਲੈਂਡ ਵਲੋਂ ਇਕ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਅਕਾਲ ਤਖ਼ਤ 'ਤੇ ਵੱਡਾ ਹਮਲਾ ਕੀਤਾ ਹੈ। ਨੇਕੀ ਵਲੋਂ ਇਸ ਵੀਡੀਉ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਮੁੜ ਭੜਕਾ ਕੇ ਪੰਜਾਬ ਵਿਚਲੀ ਅਮਨ ਸ਼ਾਂਤੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਦੂਜੇ ਪਾਸੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਪਾਗ਼ਲ ਵਿਅਕਤੀ ਬਕਵਾਸ ਮਾਰਨ ਦਾ ਆਦੀ ਹੈ। ਸਿਮਰਨਜੀਤ ਸਿੰਘ ਮਾਨ ਨੇ ਨੇਕੀ ਨੂੰ ਵੰਗਾਰਦਿਆਂ ਕਿਹਾ,''ਇਹ ਕੰਮ ਭੇਡਾਂ ਮੁੰਨਣ ਵਾਲੀ ਧਰਤੀ ਨਿਊਜ਼ੀਲੈਂਡ 'ਤੇ ਬੈਠ ਕੇ ਨਹੀਂ ਹੋਣਾ ਜੇ ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਢਾਹੁਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੰਜਾਬ ਆਉਣਾ ਪਵੇਗਾ ਛੇਤੀ ਆ ਜਾਉ।''

ਹਰਨੇਕ ਨੇਕੀ ਨਿਊਜ਼ੀਲੈਂਡ ਦੀ ਸੋਸ਼ਲ ਮੀਡੀਆ 'ਤੇ ਚਰਚਿਤ ਹੋ ਰਹੀ ਵੀਡੀਉ ਵਿਚ ਹਰਨੇਕ ਨੇਕੀ ਨਿਊਜ਼ੀਲੈਂਡ ਵਲੋਂ ਇਕ ਇੰਟਰਵਿਊ ਵਿਚ ਕਿਹਾ ਜਾ ਰਿਹਾ ਹੈ ਕਿ ਅਕਾਲ ਤਖ਼ਤ ਸਰਕਾਰਾਂ ਤੋਂ ਨਹੀਂ ਢਾਹਿਆ ਗਿਆ ਇਹ ਹੁਣ ਸਾਨੂੰ ਢਾਹੁਣਾ ਪਵੇਗਾ। ਨੇਕੀ ਨੇ ਵੀਡੀਉ ਵਿਚ ਕਿਹਾ ਕਿ ਅਕਾਲ ਤਖ਼ਤ ਤੇ ਸ੍ਰੀ ਦਰਬਾਰ ਸਾਹਿਬ ਇਕ ਮੜ੍ਹੀ ਹੈ ਜੋ ਸਾਡੇ ਉਤੇ ਥੋਪੀ ਗਈ ਹੈ। ਉਸ ਨੇ ਕਿਹਾ ਕਿ ਪੰਜਾਬ ਅਤੇ ਭਾਰਤ ਦੀ ਪੁਲਿਸ ਅਤੇ ਫ਼ੌਜ ਦਾ ਸਿਸਟਮ ਇੰਨਾ ਖ਼ਤਰਨਾਕ ਨਹੀਂ ਜਿੰਨੇ ਖ਼ਤਰਨਾਕ ਅਕਾਲ ਤਖ਼ਤ ਤੇ ਦਰਬਾਰ ਸਾਹਿਬ ਹਨ। ਇਹ ਸ਼ਖ਼ਸ ਕਾਫ਼ੀ ਲੰਬੇ ਸਮੇਂ ਤੋਂ ਸਿੱਖ ਕੌਮ ਅਤੇ ਸਿੱਖਾਂ ਦੇ ਧਾਰਮਕ ਸਥਾਨਾਂ ਵਿਰੁਧ ਜ਼ਹਿਰ ਉਗਲਦਾ ਆ ਰਿਹਾ ਹੈ। 

ਇਸ ਮਾਮਲੇ ਸਬੰਧੀ ਜਦ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਉਨ੍ਹਾਂ ਦੇ ਮੋਬਾਈਲ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਸਿਰਫ਼ ਇੰਨਾ ਹੀ ਕਿਹਾ ਕਿ ਇਹ ਪਾਗ਼ਲ ਆਦਮੀ ਹੈ। ਨਿਊਜ਼ੀਲੈਂਡ ਵਿਖੇ ਇਕ ਬੰਦ ਕਮਰੇ ਵਿਚ ਰਹਿ ਕੇ ਬਕਵਾਸ ਕਰਦਾ ਰਹਿੰਦਾ ਹੈ। ਅਕਾਲ ਤਖ਼ਤ ਸਾਹਿਬ ਵਲੋਂ ਪੰਥ ਵਿਚੋਂ ਛੇਕਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਨੇ ਸੰਪਰਕ ਕਰਨ 'ਤੇ ਕਿਹਾ ਕਿ ਜੇਕਰ ਉਹ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਨੂੰ ਢਾਹੁਣਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਕੰਮ ਲਈ ਪੰਜਾਬ ਵਿਚ ਆਉਣਾ ਪਵੇਗਾ ਕਿਉਂਕਿ ਭੇਡਾਂ ਮੁੰਨਣ ਵਾਲੇ ਦੇਸ਼ ਨਿਊਜ਼ੀਲੈਂਡ ਵਿਚ ਬਹਿ ਕੇ ਇਹ ਕੰਮ ਨਹੀਂ ਹੋਣਾ।