Panthak News : ਸ਼੍ਰੋਮਣੀ ਕਮੇਟੀ ਵਲੋਂ ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਵੰਡੇ ਜਾ ਰਹੇ ਹਨ ਵੀਜ਼ਾ ਲੱਗੇ ਪਾਸਪੋਰਟ
Panthak News: ਪਾਕਿਸਤਾਨ 'ਚ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਉਣ ਲਈ 10 ਅਪ੍ਰੈਲ ਨੂੰ ਜੱਥਾ ਹੋਵੇਗਾ ਰਵਾਨਾ
ਵਿਸਾਖੀ ਮੌਕੇ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜੱਥੇ ਨਾਲ ਜਾਣ ਵਾਲੇ ਸ਼ਰਧਾਲੂਆਂ ਨੂੰ ਅੱਜ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਵੀਜ਼ਾ ਲੱਗੇ ਪਾਸਪੋਰਟ ਵੰਡੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਮੀਤ ਸਕੱਤਰ ਹਰਭਜਨ ਸਿੰਘ ਵਕਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜੱਥਾ ਕੱਲ੍ਹ ਸਵੇਰੇ ਯਾਨੀ 10 ਅਪ੍ਰੈਲ ਨੂੰ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਰਵਾਨਾ ਹੋਵੇਗਾ ਅਤੇ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਜਾਵੇਗਾ। ਪਾਕਿਸਤਾਨੀ ਹਾਈ ਕਮਿਸ਼ਨ ਵਲੋਂ ਇਸ ਵਾਰ 7000 ਦੇ ਕਰੀਬ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਹਨ।
ਪਾਕਿਸਤਾਨ ਸਰਕਾਰ ਨੇ ਵਿਸਾਖੀ ਦੇ ਤਿਉਹਾਰ ਲਈ ਭਾਰਤੀ ਸਿੱਖ ਸ਼ਰਧਾਲੂਆਂ ਨੂੰ 6,700 ਤੋਂ ਵੱਧ ਵੀਜ਼ਾ ਜਾਰੀ ਕੀਤੇ ਹਨ, ਜੋ 50 ਸਾਲਾਂ ਵਿਚ ਪਹਿਲੀ ਵਾਰ ਦੋਹਾਂ ਦੇਸ਼ਾਂ ਵਿਚਾਲੇ ਹੋਈ ਸਹਿਮਤੀ ਤੋਂ ਵੱਧ ਹੈ। ਈ.ਟੀ.ਪੀ.ਬੀ. ਦੇ ਵਧੀਕ ਸਕੱਤਰ ਸੈਫੁੱਲਾ ਖੋਖਰ ਨੇ ਕਿਹਾ, ‘‘ਪਾਕਿਸਤਾਨ-ਭਾਰਤ ਧਾਰਮਕ ਪ੍ਰੋਟੋਕੋਲ ਸਮਝੌਤਾ 1974 ਦੇ ਤਹਿਤ ਕਿਸੇ ਵੀ ਧਾਰਮਕ ਤਿਉਹਾਰ ਲਈ 3,000 ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਹੈ। ਸਰਕਾਰ ਨੇ ਧਾਰਮਕ ਮਾਮਲਿਆਂ ਦੇ ਮੰਤਰਾਲੇ ਅਤੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੀ ਵਿਸ਼ੇਸ਼ ਬੇਨਤੀ ’ਤੇ 6,751 ਵੀਜ਼ਾ ਜਾਰੀ ਕੀਤੇ ਹਨ ਜੋ 3,751 ਵਾਧੂ ਵੀਜ਼ਾ ਹਨ।’
ਭਾਰਤ ਤੋਂ ਸਿੱਖ ਸ਼ਰਧਾਲੂ 14 ਅਪ੍ਰੈਲ ਨੂੰ ਸਿੱਖ ਨਵੇਂ ਸਾਲ ਅਤੇ ਖ਼ਾਲਸੇ ਦੀ ਸਥਾਪਨਾ ਦੇ ਮੌਕੇ ’ਤੇ ਵਾਹਗਾ ਬਾਰਡਰ ਰਾਹੀਂ 10 ਅਪ੍ਰੈਲ ਨੂੰ ਇੱਥੇ ਪਹੁੰਚਣਗੇ। ਖੋਖਰ ਨੇ ਕਿਹਾ ਕਿ 50 ਸਾਲਾਂ ਤੋਂ ਵੱਧ ਸਮੇਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਸਰਕਾਰ ਨੇ ਸਿੱਖ ਸ਼ਰਧਾਲੂਆਂ ਨੂੰ ਦੋਹਾਂ ਦੇਸ਼ਾਂ ਵਿਚਾਲੇ ਸਹਿਮਤੀ ਤੋਂ ਵੀ ਜ਼ਿਆਦਾ ਵੀਜ਼ੇ ਜਾਰੀ ਕੀਤੇ ਹਨ।