ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ 'ਤੇ ਜਥਾ ਪਾਕਿਸਤਾਨ ਭੇਜਣ ਤੋਂ ਕੀਤਾ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੂਲ ਨਾਨਕਸ਼ਾਹੀ  ਕੈਲੰਡਰ ਤੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਉਠੇ ਵਿਵਾਦ ਨੇ ਇਕ ਵਾਰੀ ਫਿਰ ਅਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿਤਾ ਹੈ ਤੇ ਸ਼੍ਰੋੋਮਣੀ ਕਮੇਟੀ....

Bhai Gobind Singh Longowal

ਅੰਮ੍ਰਿਤਸਰ: ਮੂਲ ਨਾਨਕਸ਼ਾਹੀ  ਕੈਲੰਡਰ ਤੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਉਠੇ ਵਿਵਾਦ ਨੇ ਇਕ ਵਾਰੀ ਫਿਰ ਅਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿਤਾ ਹੈ ਤੇ ਸ਼੍ਰੋੋਮਣੀ ਕਮੇਟੀ ਨੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਮੂਲ ਨਾਨਕਸ਼ਾਹੀ ਅਨੁਸਾਰ 16 ਜੂਨ ਨੂੰ ਪੰਚਮ ਪਾਤਸ਼ਾਹ ਦੀ ਸ਼ਹੀਦੀ ਦਿਹਾੜਾ ਮਨਾਉਣ ਦੇ ਐਲਾਨ ਕਰਨ ਤੋਂ ਬਾਅਦ ਜਥਾ ਨਾ ਭੇਜਣ ਦਾ ਫ਼ੈਸਲਾ ਕੀਤਾ ਹੈ।

ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਜਥਾ ਨਾ ਭੇਜਣ ਦਾ ਫ਼ੈਸਲਾ ਲੈ ਕੇ ਪੰਥ ਵਿਰੋਧੀ ਉਨ੍ਹਾਂ ਸ਼ਕਤੀਆਂ ਨੂੰ ਖ਼ੁਸ਼ ਕੀਤਾ ਹੈ ਜਿਹੜੀਆਂ ਸਿੱਖਾਂ ਦੇ ਪਾਕਿ ਨਾਲ ਸੁਖਾਵੇ ਸਬੰਧਾਂ ਨੂੰ ਵੇਖ ਕੇ ਪਹਿਲਾਂ ਹੀ ਬਰਦਾਸ਼ਤ ਨਹੀਂ ਕਰਦੀਆਂ। ਵੈਸੇ ਵੇਖਿਆ ਜਾਵੇ ਤਾਂ ਗੁਰੂ ਸਾਹਿਬ ਨਾਲ ਸਬੰਧਤ ਗੁਰਪੁਰਬ ਸੰਗਤਾਂ ਸਾਰਾ ਸਾਲ ਹੀ ਮਨਾਉਂਦੀਆਂ ਰਹਿੰਦੀਆਂ ਹਨ ਤੇ ਡਾਲਰਾਂ ਤੇ ਪੌਡਾਂ ਦੀਆਂ ਧਰਤੀ 'ਤੇ ਹੋਣ ਵਾਲੇ ਸਮਾਗਮਾਂ ਵਿਚ ਤਖ਼ਤਾਂ ਦੇ ਜਥੇਦਾਰ ਵੀ ਸ਼ਾਮਲ ਹੁੰਦੇ ਹਨ ਪਰ ਉਸ ਸਮੇਂ 'ਜਥੇਦਾਰਾਂ' ਜਾਂ ਸ਼੍ਰੋਮਣੀ ਕਮੇਟੀ ਦੇ ਆਹੁਦੇਦਾਰਾਂ ਨੂੰ ਕੈਲੰਡਰ ਦਾ ਵਖਰੇਵਾਂ ਕਦੇ ਨਜ਼ਰ ਨਹੀਂ ਆਇਆ।

ਸੰਨ 2000 ਵਿਚ ਜਦੋਂ ਪਹਿਲੀ ਵਾਰੀ ਪਾਕਿਤਸਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤਾਂ ਉਸ ਸਮੇਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਸੀ ਜਿਸ ਨੇ ਰੋਸ ਵਜੋਂ ਜਥੇ ਭੇਜਣੇ ਬੰਦ ਕਰ ਦਿਤੇ ਸਨ ਪਰ ਨਵੰਬਰ 2000 ਵਿਚ ਜਥੇਦਾਰ ਜਗਦੇਵ ਸਿੰਘ ਤਲਵੰਡੀ ਜਦੋਂ ਪ੍ਰਧਾਨ ਬਣੇ ਤਾਂ ਉਨ੍ਹਾਂ ਨੇ ਬੀਬੀ ਜਗੀਰ ਕੌਰ ਦੇ ਫ਼ੈਸਲੇ ਨੂੰ ਪਲਟਦਿਆਂ ਕਿਹਾ ਕਿ ਆਪਸੀ ਝਗੜੇ ਝਮੇਲੇ ਤਾਂ ਚਲਦੇ ਹੀ ਰਹਿੰਦੇ ਹਨ ਪਰ ਉਹ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨਗੇ ਤੇ ਜਥੇ ਜਾਰੀ ਰਹਿਣਗੇ ਤੇ ਉਨ੍ਹਾਂ ਨੇ ਖ਼ੁਦ ਜਥੇ ਨੂੰ ਰਵਾਨਾ ਕੀਤਾ ਸੀ।  

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ,''ਉਹ ਪਾਕਿ ਸਰਕਾਰ, ਪਾਕਿਸਤਾਨ ਔਕਾਫ਼ ਬੋਰਡ ਤੇ ਪਾਕਿ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਲਿਖ ਕੇ ਦਬਾਅ ਬਣਾ ਰਹੇ ਹਨ ਕਿ ਜਥੇ ਗੁਰੂ ਸਾਹਿਬ ਦੇ ਹਰ ਪੁਰਬ ਤੇ ਜਾਣ ਦੀ ਆਗਿਆ ਦਿਤੀ ਜਾਵੇ ਤੇ ਜਦੋਂ ਵੀ ਕੋਈ ਜਥਾ ਦਰਸ਼ਨਾਂ ਲਈ ਜਾਣਾ ਚਾਹੇ ਤਾਂ ਉਸ ਨੂੰ ਵੀ ਬਿਨਾਂ ਝਿਜਕ ਵੀਜ਼ੇ ਦਿਤੇ ਜਾਣ ਪਰ ਦੂਜੇ ਪਾਸੇ ਜੇਕਰ ਸ਼੍ਰੋਮਣੀ ਕਮੇਟੀ ਸ਼ਰਤਾਂ ਤਹਿਤ ਜਥੇ ਭੇਜਣ ਦੀ ਗੱਲ ਕਰਦੀ ਹੈ

ਤਾਂ ਸ਼੍ਰੋਮਣੀ ਕਮੇਟੀ ਦਾ ਇਹ ਫ਼ੈਸਲਾ ਸੰਗਤਾਂ ਪ੍ਰਵਾਨ ਨਹੀਂ ਕਰਨਗੀਆਂ। ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਅਪੀਲ ਕਰਦੇ ਹਨ ਕਿ ਉਹ ਅਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਤੇ ਸ਼ਰਤਾਂ ਤਹਿਤ ਜਥਾ ਭੇਜਣ ਦੀ ਬਜਾਏ ਦੂਸਰੇ ਮੁਲਕ ਪਾਕਿਸਤਾਨ ਸਰਕਾਰ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਜਥਾ ਭੇਜੇ ਤਾਕਿ ਸ਼ਰਧਾਲੂਆ ਦੀ ਸ਼ਰਧਾ ਨੂੰ ਕੋਈ ਠੇਸ ਨਾ ਪੁੱਜੇ।