ਆਉ ਬਾਬਾ ਨਾਨਕ ਸਾਹਿਬ ਦੇ ਸੱਚੇ ਸਿੱਖ ਬਣੀਏ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਬਾ ਨਾਨਕ ਨੇ ਧਾਰਮਕ ਕਰਮ ਕਾਂਡਾਂ ਵਿਚ ਉਲਝੀ ਹੋਈ ਮਨੁੱਖ ਜਾਤੀ ਲਈ ਧਰਮ ਦੇ ਸੱਚੇ ਅਰਥਾਂ ਉਪਰ ਪਈ ਹੋਈ ਸਮੇਂ ਦੀ ਗ਼ਰਦ ਨੂੰ ਹਟਾਇਆ।

Sikh

ਬਾਬਾ ਨਾਨਕ ਸਾਹਿਬ (Baba Nanak Sahib) ਨੇ ਧਰਮ ਨੂੰ ਆਤਮਾ ਤੇ ਪਰਮਾਤਮਾ ਵਿਚਲੇ ਅਧਿਆਤਮਕ ਸੰਵਾਦ, ਬ੍ਰਹਮ ਦੀ ਖੋਜ, ਦੁਨਿਆਵੀਂ ਸਵਾਦਾਂ, ਝਗੜਿਆਂ ਤੇ ਝਮੇਲਿਆਂ ਵਿਚ ਉਲਝੀ ਹੋਈ ਅਤ੍ਰਿਪਤ ਰੂਹ ਦੀ, ਰੂਹ ਦੇ ਹਕੀਕੀ ਮਾਲਕ ਨਾਲ ਮਿਲਣ ਦੀ ਤੜਪ, ਤ੍ਰਿਸ਼ਨਾ,  ਈਰਖਾ, ਨਫ਼ਰਤ, ਵੈਰ,  ਲਾਲਚ ਤੇ ਮੋਹ  ਵਿਚ ਫਸੀ ਹੋਈ  ਮਨੁੱਖ ਦੀ ਬਿਰਤੀ ਨੂੰ ਅਕਾਲ ਪੁਰਖ ਦੇ ਹੁਕਮ ਤੇ ਰਜ਼ਾ ਵਿਚ ਰਹਿਣ ਤੇ ਗੁਰੂ ਦੇ ਭਾਣੇ ਨੂੰ ਪ੍ਰਵਾਨ ਕਰਨ ਲਈ ਪ੍ਰੇਰਿਤ ਕਰਨ ਦੀ ਵਿਧੀ, ਵਾਹਿਗੁਰੂ ਨਾਲੋਂ ਟੁੱਟੀ ਹੋਈ ਸੁਰਤ ਨੂੰ ਸੇਧ ਦੇ ਕੇ ਵਾਹਿਗੁਰੂ (Waheguru) ਨਾਲ ਫਿਰ ਤੋਂ ਜੁੜਨ ਦੇ ਸਾਧਨ,  ਮਨ ਦੇ ਆਖੇ ਲੱਗ ਕੇ ਮਿਲਣ ਵਾਲੀ ਖ਼ੁਆਰੀ ਨੂੰ ਨਾਮ ਦੀ ਖ਼ੁਮਾਰੀ ਨਾਲ ਖ਼ਤਮ ਕਰਨ ਦੇ ਇਕ ਜ਼ਰੀਏ,  ਸਦੀਵੀ ਸੱਚ ਦੀ ਪ੍ਰਾਪਤੀ ਦੇ ਮਾਰਗ, ਨੇਕੀ ਤੇ ਸੱਚਾਈ ਦੇ ਰਾਹ ਉਪਰ ਚੱਲ ਕੇ  ਰੂਹਾਨੀ ਸੰਤੁਸ਼ਟੀ ਨੂੰ  ਪ੍ਰਾਪਤ ਕਰਨ ਦੇ ਮੁਕੱਦਸ ਉਪਰਾਲੇ, ਕਾਇਨਾਤ ਦੇ  ਜ਼ਰੇ-ਜ਼ਰੇ ਵਿਚੋਂ ਕਾਦਰ ਦੇ ਦਰਸ਼ਨ ਕਰਨ ਦੀ ਰੂਹਾਨੀ ਜੁਸਤਜੂ ਤੇ ਸਮੁੱਚੀ ਖ਼ਲਕਤ ਲਈ ਅਪਣੇ ਧੁਰ ਅੰਦਰ ਇਕ ਦਰਦ ਅਤੇ ਅਸੀਮ ਪਿਆਰ ਦੀ ਭਾਵਨਾ ਰੱਖਣ ਦੀ ਜੀਵਨ-ਜਾਚ ਦੇ ਰੂਪ ਵਿਚ ਪੇਸ਼ ਕੀਤਾ ਹੈ ।

ਬਾਬਾ ਨਾਨਕ (Baba Nanak) ਨੇ ਧਾਰਮਕ ਕਰਮ ਕਾਂਡਾਂ ਵਿਚ ਉਲਝੀ ਹੋਈ ਮਨੁੱਖ ਜਾਤੀ ਲਈ ਧਰਮ ਦੇ ਸੱਚੇ ਅਰਥਾਂ ਉਪਰ ਪਈ ਹੋਈ ਸਮੇਂ ਦੀ ਗ਼ਰਦ ਨੂੰ ਹਟਾਇਆ। ਉਨ੍ਹਾਂ ਨੇ ਫ਼ਿਰਕੂ ਤੇ ਸੰਕੀਰਣ ਮਾਨਸਿਕਤਾ ਦਾ ਸ਼ਿਕਾਰ ਹੋਏ ਮਜ਼ਹਬ ਨੂੰ ਸੱਭ ਤੋਂ ਪਹਿਲਾਂ ਅਖੌਤੀ ਮਜ਼ਹਬੀ ਰਹਿਨੁਮਾਵਾਂ ਦੀ ਗ੍ਰਿਫ਼ਤ ਵਿਚੋਂ ਆਜ਼ਾਦ ਕਰਵਾਉਣ  ਦਾ ਯਤਨ  ਕੀਤਾ। ਬਾਬਾ ਨਾਨਕ ਸਾਹਿਬ ਨੇ ਧਰਮ ਦੇ ਅਰਥਾਂ ਨੂੰ ਵਿਸ਼ਾਲਤਾ ਪ੍ਰਦਾਨ ਕਰਨ ਦੇ ਨਾਲ ਨਾਲ, ਧਰਮ ਨੂੰ ਮਨੁੱਖ ਦੀਆਂ ਰੂਹਾਨੀ ਲੋੜਾਂ ਦੀ ਪੂਰਤੀ ਦੇ ਨਾਲ ਸਮਾਜਕ ਸਰੋਕਾਰਾਂ ਨਾਲ ਜੋੜਿਆ।

ਬਾਬਾ ਨਾਨਕ ਸਾਹਿਬ ਨੇ ਲੋਕਾਂ ਨੂੰ ਸਪੱਸ਼ਟ ਕੀਤਾ ਕਿ ਅਸਲ ਵਿਚ ਧਰਮ ਕੋਈ ਕਰੜੀਆਂ ਸਰੀਰਕ ਕਿਰਿਆਵਾਂ ਰਾਹੀਂ ਜਾਂ ਘਰ ਦਾ ਤਿਆਗ ਕਰ ਕੇ ਜੰਗਲਾਂ ਵਿਚ ਸੱਚ ਦੀ ਪ੍ਰਾਪਤੀ ਲਈ ਭਟਕਣ ਦਾ ਨਾਮ ਨਹੀਂ ਤੇ ਨਾ ਹੀ ਧਰਮ ਖ਼ੁਦ ਨੂੰ ਧਾਰਮਕ ਹੋਣ ਦਾ ਭੇਖ ਪਾਲਣ ਦਾ ਕੋਈ  ਮਾਧਿਅਮ ਹੀ ਹੈ। ਬਾਬਾ ਨਾਨਕ ਸਾਹਿਬ ਨੇ ਇਹ ਵੀ ਸਪੱਸ਼ਟ ਕੀਤਾ ਕਿ ਬ੍ਰਹਮ ਨੂੰ ਸ਼ਬਦ ਗੁਰੂ ਵਿਚੋਂ ਖੋਜਿਆ ਜਾ ਸਕਦਾ ਹੈ।

ਉਨ੍ਹਾਂ ਨੇ ਸ਼ਬਦ ਗੁਰੂ ਦੇ ਲੜ ਲੱਗਣ, ਸਦਾਚਾਰ ਦੇ ਰਾਹ ਉਪਰ ਤੁਰਨ ਤੇ  ਈਰਖਾ, ਨਫ਼ਰਤ,  ਸ਼ੰਕਿਆਂ ਤੇ ਆਪਸੀ  ਵੈਰ ਦਾ ਤਿਆਗ ਕਰਦੇ ਹੋਏ ਦਿਲ ਵਿਚ ਇਕੋ ਇਕ ਪ੍ਰਮਾਤਮਾ ਦਾ ਭੈਅ ਵਸਾਉਂਦੇ ਹੋਏ ਅਪਣੇ ਅੰਦਰ  ਰਹਿਮ,  ਪਿਆਰ,  ਸਦਭਾਵਨਾ, ਨਿਮਰਤਾ,  ਸੰਤੋਖ ਤੇ ਸ਼ਾਂਤ ਚਿੱਤ ਰਹਿਣ ਦੀ ਭਾਵਨਾ ਪੈਦਾ ਕਰਨ ਦੀ ਲੋੜ ਉਪਰ ਵਿਸ਼ੇਸ਼ ਜ਼ੋਰ ਦਿਤਾ।

ਬਾਬਾ ਨਾਨਕ ਸਾਹਿਬ ਨੇ ਮਨੁੱਖ ਜਾਤੀ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਧਰਮ ਕੋਈ ਅਜਿਹਾ ਬਣਾਉਟੀ ਗਹਿਣਾ ਨਹੀਂ ਹੈ ਕਿ ਜਿਸ ਨੂੰ ਪਹਿਨ ਕੇ ਪਲਕ ਝਪਕਦਿਆਂ ਮਨੁੱਖ ਪਾਕ-ਪਵਿੱਤਰ ਹੋ ਸਕਦਾ  ਹੈ ਜਾਂ ਫਿਰ ਇਨਸਾਨ ਛਿਣ ਭਰ ਵਿਚ ਸਾਰੇ ਗੁਨਾਹਾਂ ਤੋਂ ਮੁਕਤ ਹੋ ਸਕਦਾ ਹੈ। ਬਾਬਾ ਨਾਨਕ ਅਨੁਸਾਰ ਧਰਮ ਦੇ ਮਾਰਗ ਉਪਰ ਚਲਣਾ ਤਾਂ ਖੰਡੇ ਦੀ ਧਾਰ ਉਪਰ ਚਲਣ ਸਮਾਨ ਹੈ ਤੇ ਇਸ ਮਾਰਗ ਉਪਰ ਚਲਦੇ ਹੋਏ ਸੱਭ ਤੋਂ ਪਹਿਲਾਂ ਮਨੁੱਖ ਨੂੰ  ਅਪਣੀ ‘ਮੈ’ ਅਤੇ  ਅਪਣੀ ਹਸਤੀ ਨੂੰ ਮਿਟਾਉਂਦੇ ਹੋਏ ਖ਼ਾਲਕ ਦੀ ਰਜ਼ਾ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਪੈਂਦਾ  ਹੈ।

ਬਾਬਾ ਨਾਨਕ ਸਾਹਿਬ ਦੀ ਸਿੱਖੀ ਦਾ ਰਾਹ ਮਨੁੱਖ ਦੇ ਹੌਸਲਿਆਂ ਨੂੰ ਪਰਖਣ ਦੇ ਨਾਲ ਨਾਲ ਉਸ ਦੀ ਨਿਰੰਕਾਰ ਨਾਲ ਇਕ ਹੋਰ ਜਾਣ ਦੀ ਸ਼ਿੱਦਤ ਤੇ ਮਨੁੱਖ ਦੇ ਅਮਲਾਂ  ਨੂੰ ਵੀ ਪਰਖਦਾ ਹੈ। ਸਿੱਖੀ ਦਾ ਮਾਰਗ ਮਨੁੱਖ ਕੋਲੋਂ ਸੱਚ ਪ੍ਰਤੀ  ਸੰਪੂਰਨ ਸਮਰਪਣ ਦੀ ਮੰਗ ਕਰਦੇ ਹੋਏ ਮਨੁੱਖ ਕੋਲੋਂ ਸੱਚ ਲਈ ਖ਼ੁਦ ਨੂੰ ਫ਼ਨਾਹ ਕਰਨ ਦੀ ਹੱਦ ਤਕ ਜਾਣ ਦੀ ਉਮੀਦ ਵੀ ਰਖਦਾ ਹੈ। ਸੱਚੇ ਅਰਥਾਂ ਵਿਚ ਬਾਬਾ ਨਾਨਕ ਜੀ ਦਾ ਸਿੱਖ ਬਾਬੇ ਨਾਨਕ ਦੀ ਬਾਣੀ ਦੀ ਰੋਸ਼ਨੀ ਵਿਚ ਅਪਣੇ ਅੰਦਰ ਗਿਆਨ ਦਾ ਦੀਪਕ ਜਗਾਉਂਦਾ ਹੋਇਆ ਅਪਣੇ ਅੰਦਰ ਤੇ ਬਾਹਰ ਫੈਲੇ ਹੋਏ ਅਗਿਆਨਤਾ ਤੇ ਅੰਧਵਿਸ਼ਵਾਸ ਦੇ ਅੰਧਕਾਰ ਨੂੰ ਮਿਟਾਉਣ ਦਾ ਉਪਰਾਲਾ ਕਰਦਾ ਹੈ।

ਬਾਬਾ ਨਾਨਕ ਦੀ ਸਿੱਖੀ ਦਾ ਮਾਰਗ ਮਨੁੱਖ ਨੂੰ ਮਨੁੱਖਤਾ ਦੀ ਖ਼ਿਦਮਤ ਕਰਨ, ਪ੍ਰਭੂ ਦਾ ਸਿਮਰਨ ਕਰਨ,   ਸਹਿਜ ਅਵਸਥਾ ਵਿਚ ਵਿਚਰਨ ਤੇ  ਹਰ ਘੜੀ  ਰੱਬ ਦਾ ਸ਼ੁਕਰਾਨਾ ਅਦਾ ਕਰਦੇ ਰਹਿਣ ਨੂੰ ਅਪਣੀ ਜੀਵਨ ਸ਼ੈਲੀ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਇਲਾਹੀ  ਸੰਦੇਸ਼ ਦਿੰਦਾ ਹੈ। ਸਿੱਖੀ ਦੇ ਬੂਟੇ ਦੀ ਜੜ੍ਹ ਨੂੰ ਹਰਿਆ ਰੱਖਣ ਅਤੇ ਸਿੱਖੀ ਦੇ ਬੂਟੇ ਨੂੰ ਇਕ ਵਿਸ਼ਾਲ ਛਾਂਦਾਰ ਅਤੇ ਫੱਲਦਾਰ ਦਰੱਖ਼ਤ ਬਣਾਉਣ ਲਈ ਬੇਹੱਦ ਜ਼ਰੂਰੀ ਹੈ ਕਿ ਇਸ ਦੀ ਛਾਂ ਮਾਣਨ ਦੀ ਇੱਛਾ ਰੱਖਣ ਵਾਲੀਆਂ ਬਾਬਾ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਇਖ਼ਲਾਕੀ ਕਦਰਾਂ ਕੀਮਤਾਂ ਦਾ ਅਨੁਸਰਣ ਕਰਨ, ਅਪਣੀ ਸ਼ਖ਼ਸੀਅਤ ਨੂੰ ਗੁਰਮਤਿ ਅਨੁਸਾਰ ਢਾਲਣ, ਬਾਣੀ ਦੇ ਸੰਦੇਸ਼ ਦੀ ਪਾਲਣਾ ਤੇ ਬਾਣੇ ਦਾ ਸਤਿਕਾਰ ਕਰਦੇ ਹੋਏ ਸਮਾਜਕ-ਰਾਜਨੀਤਕ ਪੱਧਰ ਤੇ ਸੁਚੇਤ ਰੂਪ ਵਿਚ ਅਪਣੀ ਭੂਮਿਕਾ ਨਿਭਾਉਣ,  ਗੁਰੂ ਪੰਥ ਦੇ ਹਿਤਾਂ ਦੀ ਰਾਖੀ ਕਰਦੇ ਹੋਏ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਸ਼ਵਵਿਆਪੀ ਸੰਦੇਸ਼ ਦੀ ਪਾਲਣਾ  ਕਰਨ ਤੇ ਬਾਬੇ  ਨਾਨਕ ਦੀਆਂ ਸਿਖਿਆਵਾਂ ਤੇ ਫ਼ਿਲਾਸਫ਼ੀ ਨੂੰ ਵਿਸ਼ਵ ਦੇ ਹਰ ਹਿੱਸੇ ਵਿਚ ਪਹੁੰਚਾਉਣ ਵਿਚ ਅਪਣੀ ਕਿਰਿਆਸ਼ੀਲ, ਉਸਾਰੂ ਤੇ ਸਾਕਾਰਾਤਮਕ ਭੂਮਿਕਾ ਨਿਭਾਉਣ ਲਈ ਤਤਪਰ ਰਹਿਣ।

ਬਾਬਾ ਨਾਨਕ ਜੀ ਦੇ ਸਿੱਖ (Sikh) ਨੂੰ ਆਉਣ ਵਾਲੀਆਂ ਨਸਲਾਂ ਲਈ ਇਕ ਅਜਿਹੇ ਸਮਾਜਕ ਅਤੇ ਆਰਥਕ ਢਾਂਚੇ ਦੀ ਸਿਰਜਣਾ ਜਿਸ ਦਾ ਸੰਕਲਪ ਬਾਬੇ ਨਾਨਕ ਨੇ ਪੇਸ਼ ਕੀਤਾ ਹੈ,   ਨੂੰ ਅਮਲੀ ਰੂਪ ਦੇਣ ਵਿਚ ਸੰਜੀਦਗੀ ਤੇ ਪ੍ਰਤੀਬੱਧਤਾ ਨਾਲ ਅਪਣੀ ਭੂਮਿਕਾ ਨਿਭਾਉਣ ਦਾ ਅਹਿਦ ਕਰਨਾ ਚਾਹੀਦਾ ਹੈ।

ਅਜੋਕੇ ਸਮੇਂ ਵਿਚ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬਾਬੇ ਨਾਨਕ ਦੇ ਦਰ ਦੀਆਂ ਬਰੂਹਾਂ ਉਪਰ ਸੰਗਤੀ ਰੂਪ ਵਿਚ ਇਹ ਜੋਦੜੀ ਕਰਨੀ ਚਾਹੀਦੀ ਹੈ ਕਿ ਵਾਹਿਗੁਰੂ ਸਾਨੂੰ ਇਹ ਤੌਫ਼ੀਕ ਦੇਵੇ ਕਿ ਅਪਣੇ ਕਿਰਦਾਰ ਤੇ ਇਖਲਾਕ ਰਾਹੀਂ ਅਮਲੀ ਜੀਵਨ ਵਿਚ ਵਿਚਰਦੇ ਹੋਏ ਸਾਡੀਆਂ ਪੈੜਾਂ ਸਾਰੇ ਜ਼ਮਾਨੇ ਨੂੰ ਇਸ ਗੱਲ ਦੀ ਗਵਾਹੀ ਦੇਣ ਕਿ ਅਸੀ ਬਾਬੇ ਨਾਨਕ ਦੇ ਹਾਂ, ਅਸੀ ਬਾਬੇ ਨਾਨਕ ਦੇ ਪਾਏ ਹੋਏ ਪੂਰਨਿਆਂ ਉੱਪਰ ਚੱਲ ਰਹੇ ਹਾਂ, ਅਸੀ ਬਾਬੇ ਨਾਨਕ ਨਾਲ ਵਫ਼ਾ ਕਮਾ ਰਹੇ ਹਾਂ ਤੇ ਇਸ ਜਹਾਨ ਅੰਦਰ ਅਤੇ  ਬਾਬੇ ਨਾਨਕ ਦੇ ਦਰ ਉਪਰ ਅਸੀ ਸੁਰਖ਼ਰੂ ਹੋਣ ਵਿਚ  ਇਕ ਦਿਨ ਕਾਮਯਾਬ ਹੋ ਪਾਵਾਂਗੇ।

ਇਹ ਸੱਚ ਹੈ ਕਿ ਗੁਰੂ ਬਖ਼ਸ਼ਣਹਾਰ ਵੀ ਹੈ ਤੇ ਉਹ ਤਾਰਨਹਾਰ ਵੀ ਹੈ, ਬਸ ਲੋੜ ਇਸ ਗੱਲ ਦੀ ਹੈ ਕਿ ਅਸੀ ਗੁਰੂ ਉਪਰ ਅਡੋਲ ਵਿਸ਼ਵਾਸ ਰਖਦੇ ਹੋਏ ਉਸ ਦੀ ਰਜ਼ਾ ਵਿਚ ਰਹਿਣ ਦਾ ਸਲੀਕਾ ਸਿਖ ਕੇ ਗੁਰੂ ਦੀਆਂ ਰਹਿਮਤਾਂ ਦੇ ਪਾਤਰ ਬਣੀਏ।             
  ਸੰਪਰਕ :9463062603