ਭਾਰਤੀ ਫ਼ੌਜ ਦੇ ਮੁਖੀ ਨੇ ਪਰਵਾਰ ਸਮੇਤ ਦਰਬਾਰ ਸਾਹਿਬ ਮੱਥਾ ਟੇਕਿਆ
ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਅੱਜ ਪਰਵਾਰ ਸਮੇਤ ਸੱਚਖੰਡ ਹਰਿਮੰਦਰ ਸਾਹਿਬ ਮੱਥਾ ਟੇਕਿਆ, ਕੁੱਝ ਪਲ ਇਲਾਹੀ ਬਾਣੀ ਦਾ ਸਰਵਨ ਕਰਦਿਆਂ...
ਅੰਮ੍ਰਿਤਸਰ, ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਅੱਜ ਪਰਵਾਰ ਸਮੇਤ ਸੱਚਖੰਡ ਹਰਿਮੰਦਰ ਸਾਹਿਬ ਮੱਥਾ ਟੇਕਿਆ, ਕੁੱਝ ਪਲ ਇਲਾਹੀ ਬਾਣੀ ਦਾ ਸਰਵਨ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਹ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਗਏ ਜਿਥੇ ਉਨ੍ਹਾਂ ਸੰਗਤਾਂ ਨਾਲ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕਿਆ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਜਨਰਲ ਬਿਪਨ ਰਾਵਤ ਨੂੰ ਸਿੱਖੀ ਸਿਧਾਂਤ ਲੰਗਰ ਪ੍ਰਥਾ, ਸ੍ਰੀ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ, ਸਿੱਖ ਮਾਮਲਿਆਂ, ਸਾਕਾ ਨੀਲਾ ਤਾਰਾ ਆਦਿ ਬਾਰੇ ਵਿਸਥਾਰ ਨਾਲ ਦਸਿਆ। ਜਨਰਲ ਨੇ ਗੁਰੂ ਘਰ ਦੇਗ ਭੇਂਟ ਕੀਤੀ। ਜਨਰਲ ਰਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਪਣੀ ਪਤਨੀ ਤੇ ਬੱਚਿਆਂ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਨ।
ਲੰਗਰ ਘਰ ਪ੍ਰਸ਼ਾਦਾ ਛਕ ਕੇ ਉਹ ਬੜੇ ਪ੍ਰਭਾਵਤ ਹੋਏ ਜਿਥੇ ਕਿਸੇ ਭੇਦ ਭਾਵ ਦੇ ਪ੍ਰਸ਼ਾਦਾ ਸੱਭ ਨੂੰ ਛਕਾਇਆ ਜਾਂਦਾ ਹੈ। ਥਲ ਸੈਨਾ ਦੇ ਮੁਖੀ ਬਣਨ ਬਾਅਦ ਉਹ ਪਹਿਲੀ ਵਾਰ ਅੰਮ੍ਰਿਤਸਰ ਤੇ ਸੱਚਖੰਡ ਹਰਿਮੰਦਰ ਸਾਹਿਬ ਪਤਨੀ ਤੇ ਬੱਚਿਆਂ ਨਾਲ ਮੱਥਾ ਟੇਕਣ ਆਏ ਹਨ। ਉਹ ਗੁਰੂ ਘਰ ਮੱਥਾ ਟੇਕ ਕੇ ਬੜੇ ਪ੍ਰਸੰਨ ਹੋਏ। ਜਨਰਲ ਰਾਵਤ ਨੇ ਕਿਹਾ ਕਿ ਮੇਰੀ ਤੇ ਪਰਵਾਰ ਦੀ ਬੜੇ ਚਿਰ ਤੋਂ ਇੱਛਾ ਹਰਿਮੰਦਰ ਸਾਹਿਬ ਮੱਥਾ ਟੇਕਣ ਦੀ ਸੀ ਜੋ ਅੱਜ ਪੂਰੀ ਹੋਈ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜਨਰਲ ਰਾਵਤ ਦਾ ਸਵਾਗਤ ਕਰਨ ਬਾਅਦ ਫ਼ੌਜੀ ਹਮਲੇ ਦੌਰਾਨ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਬੇਸ਼ਕੀਮਤੀ ਦਸਤਾਵੇਜ਼ ਸੈਨਾ ਵਲੋਂ ਲੈ ਜਾਣ ਬਾਰੇ ਦਸਿਆ ਅਤੇ ਮੰਗ ਕੀਤੀ ਕਿ ਫ਼ੌਜੀ ਹਮਲੇ ਦਾ ਸਾਜੋ ਸਮਾਨ ਵਾਪਸ ਕੀਤਾ ਜਾਵੇ। ਜਨਰਲ ਰਾਵਤ ਨੇ ਭਰੋਸਾ ਦਵਾਇਆ ਕਿ ਉਹ ਇਸ ਦੀ ਘੋਖ ਕਰ ਕੇ ਸਿੱਖ ਦਸਤਾਵੇਜ਼ ਵਾਪਸ ਕਰਵਾਉਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਨਰਲ ਰਾਵਤ ਨੂੰ ਹਰਿਮੰਦਰ ਸਾਹਿਬ ਦਾ ਮਾਡਲ, ਲੋਈ, ਧਾਰਮਕ ਕਿਤਾਬਾਂ, ਗੁਰੂ ਦੀ ਬਖ਼ਸ਼ਿਸ਼ ਸਿਰੋਪਾਉ ਨਾਲ ਸਨਮਾਨ ਕੀਤਾ ।