ਲੱਦਾਖ਼-ਜੇਤੂ ਭਾਰਤ ਦਾ ਨੈਪੋਲੀਅਨ ਜਰਨੈਲ ਜ਼ੋਰਾਵਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਲੱਦਾਖ਼ ਭਾਰਤ ਦਾ ਅਨਿਖੜਵਾਂ ਅੰਗ ਪਰ ਅੱਜ ਵੀ ਦਰਬਾਰੇ ਖ਼ਾਲਸਾ ਦੀ ਅਮਾਨਤ

General Zorawar Singh

 ਅਜਕਲ ਭਾਰਤ ਤੇ ਚੀਨ ਦੇ ਨਿਰੰਤਰ ਝਗੜੇ, ਵਿਵਾਦ ਤੇ ਝੜਪਾਂ ਕਾਰਨ ਲੱਦਾਖ਼ ਦਾ ਮੁੱਦਾ ਸਾਰੀ ਦੁਨੀਆਂ ਵਿਚ ਛਾਇਆ ਹੋਇਆ ਹੈ। ਨਿੱਤ ਦਿਨ, ਦੋਵਾਂ ਦੇਸ਼ਾਂ ਦੇ ਪ੍ਰਮੁਖਾਂ ਵਲੋਂ, ਵੱਖ-ਵੱਖ ਬਿਆਨਬਾਜ਼ੀ ਕੀਤੀ ਜਾਂਦੀ ਹੈ। ਸਾਡੇ ਦੇਸ਼ ਦੇ ਮੁਖੀ ਵਲੋਂ ਘੜਿਆ-ਘੜਾਇਆ ਉਤਰ (ਜੋ ਵਿਰੋਧੀ ਧਿਰਾਂ ਦਾ ਮੂੰਹ ਬੰਦ ਕਰਨ ਲਈ) ਦਿਤਾ ਜਾਂਦਾ ਹੈ, ਉਹ ਇਹ ਕਿ ਅਸੀ ਭਾਰਤ ਦੀ ਇਕ ਇੰਚ ਜ਼ਮੀਨ ਵੀ ਹੜੱਪਣ ਨਹੀਂ ਦਿਤੀ

ਜਦੋਂ ਕਿ ਚੀਨ ਦਾ ਦਾਅਵਾ ਹੈ ਕਿ ਉਹ ਭਾਰਤੀ ਇਲਾਕੇ ਵਿਚ ਗਿਆ ਹੀ ਨਹੀਂ। ਦੋ ਵਿਰੋਧੀ ਦਾਅਵਿਆਂ ਦੀ ਪਿੱਠ ਭੂਮੀ ਵਿਚ, ਮੈਨੂੰ ਦੋ ਢਾਈ ਸਦੀਆਂ ਪਹਿਲਾਂ ਦੀ ਭੂਗੋਲਿਕ ਤੇ ਇਤਿਹਾਸਕ ਛਾਣਬੀਣ ਕਰਨ ਦੀ ਪ੍ਰੇਰਣਾ ਮਿਲੀ। ਜਦੋਂ ਇਤਿਹਾਸ ਦੇ ਵਰਕੇ ਫਰੋਲਣੇ ਸ਼ੁਰੂ ਕੀਤੇ, ਸੋਚਾਂ ਤੇ ਵਿਚਾਰਾਂ ਦੇ ਘੋੜੇ 7ਵੇਂ ਅਸਮਾਨ ਵਲ ਭੱਜਣ ਲੱਗੇ। ਹੈਰਾਨੀ ਤੇ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਢਕੇ ਪਏ ਪੰਨਿਆਂ ਨੇ ਕੂਕ ਕੂਕ ਕੇ ਸਿੱਖ ਜਰਨੈਲਾਂ ਦੀ ਸੂਰਬੀਰਤਾ, ਦਲੇਰੀ, ਨਿਰਭੈਤਾ, ਨਿਧੜਕਤਾ ਤੇ ਜਾਂਬਾਜ਼ੀ ਦੀਆਂ ਗਾਥਾਵਾਂ ਸੁਣਾਉਣੀਆਂ ਸ਼ੁਰੂ ਕਰ ਦਿਤੀਆਂ।

ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਸਾਡੇ ਹਾਕਮਾਂ ਦੀ ਕਾਣੀ ਅੱਖ ਨੂੰ ਸਾਡਾ ਮਾਰਸ਼ਲ ਇਤਿਹਾਸ ਚੁਭਦਾ ਹੈ। ਸਾਡੇ ਬਾਂਕੇ ਜਵਾਨਾਂ ਦੀ ਅਸਾਧਾਰਣ ਕੁਰਬਾਨੀ, ਬਹਾਦਰੀ ਤੇ ਸਿਰਲੱਥਤਾ ਉਨ੍ਹਾਂ ਨੂੰ ਸਿਰ ਉੱਚਾ ਕਰ ਕੇ ਤੁਰਨ ਦੀ ਥਾਂ, ਖ਼ਾਮੋਸ਼ੀ ਧਾਰਨ ਲਈ ਮਜਬੂਰ ਕਰਦੀ ਹੈ। ਸਿੱਖਾਂ ਵਿਚ, ਇਸ ਦੇ ਸੱਚੇ ਪਾਤਸ਼ਾਹਾਂ ਵਲੋਂ ਕੁੱਟ-ਕੁੱਟ ਕੇ ਭਰੀ ਆਪਾ ਲੁਟਾਉਣ ਦੀ ਭਾਵਨਾ ਨੂੰ ਸਿੱਖੀ ਦੇ ਦੁਸ਼ਮਣ ਹਾਲੇ ਤਕ ਹਜ਼ਮ ਨਹੀਂ ਕਰ ਰਹੇ।

ਇੰਜ, ਕੁੱਝ ਵੀ ਹੋਰ ਲਿਖਣ ਤੋਂ ਪਹਿਲਾਂ, ਮੈਂ ਉਸ ਇਤਿਹਾਸਕ ਸੰਧੀ ਦਾ ਜ਼ਰੂਰ ਹਵਾਲਾ ਦੇਣਾ ਚਾਹਾਂਗੀ ਜਿਹੜਾ ਚੀਨੀ ਤੇ ਲਹਾਸਾ ਸਰਕਾਰਾਂ (ਇਕ ਪਾਸੇ) ਤੇ ਖ਼ਾਲਸਾ ਦਰਬਾਰ (ਮਹਾਰਾਜਾ ਰਣਜੀਤ ਸਿੰਘ ਦਾ) ਤੇ ਰਾਜਾ ਗੁਲਾਬ ਸਿੰਘ (ਦੂਜੇ ਪਾਸੇ) ਦੇ ਵਿਚਕਾਰ 16-17 ਸਤੰਬਰ 1842 ਨੂੰ ਲੱਦਾਖ ਦੇ ਸਬੰਧ ਵਿਚ ਹੋਈ। ਇਸ ਵਿਚ ਸਿੱਧੇ ਤੌਰ ਉਤੇ ਚੀਨ ਦਾ ਬਾਦਸ਼ਾਹ ਤੇ ਲਹਾਸਾ (ਤਿੱਬਤ) ਦੇ ਲਾਮਾ ਗੁਰੂ ਦੇ ਨੁਮਾਇੰਦੇ ਸ਼ਾਮਲ ਸਨ, ਜਦੋਂ ਕਿ ਇਹ ਇਕਰਾਰਨਾਮਾ ਸਿੱਖਾਂ (ਸਿੱਖ ਦਰਬਾਰ) ਦੇ ਪ੍ਰਤੀਨਿਧੀਆਂ ਨਾਲ ਕੀਤਾ ਜਾ ਰਿਹਾ ਸੀ।

''ਦੋ ਅੱਸੂ, ਸੰਮਤ 1899 ਅਰਥਾਤ 16-17 ਸਤੰਬਰ 1842 ਨੂੰ, ਚੀਨ ਦੇ ਬਾਦਸ਼ਾਹ ਤੇ ਲਹਾਸਾ ਦੇ ਲਾਮਾ ਗੁਰੂ (ਇਕ ਧਿਰ) ਤੇ ਮਹਾਰਾਜਾ ਸ਼ੇਰ ਸਿੰਘ (ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ) ਤੇ ਰਾਜਾ ਗੁਲਾਬ ਸਿੰਘ (ਦੂਜੀ ਧਿਰ) ਵਿਚਕਾਰ ਲੱਦਾਖ਼ ਦੀਆਂ ਹੱਦਾਂ ਵਿਚ ਦਖ਼ਲਅੰਦਾਜ਼ੀ ਨਾ ਕਰਨ ਦਾ ਇਕਰਾਰਨਾਮਾ ਕੀਤਾ ਗਿਆ।

ਦੋਹਾਂ ਧਿਰਾਂ ਵਲੋਂ ਫ਼ੈਸਲਾ ਪ੍ਰਵਾਨ ਕੀਤਾ ਗਿਆ ਕਿ ਚਿਰਾਂ ਤੋਂ ਆ ਰਹੀ ਹੱਦਬੰਦੀ ਮੁਤਾਬਕ, ਕਿਸੇ ਵੀ ਸੂਰਤ ਵਿਚ ਲੱਦਾਖ਼ ਦੀ ਸੀਮਾ ਨਾਲ ਛੇੜਛਾੜ ਨਹੀਂ ਕੀਤੀ ਜਾ ਸਕੇਗੀ। ਦੋਸਤਾਨਾ ਮਾਹੌਲ ਵਿਚ, ਆਪਸੀ ਸਹਿਮਤੀ ਨਾਲ, ਲੱਦਾਖ਼ ਦੀ ਸ਼ਾਂਤੀ, ਏਕਤਾ, ਅਖੰਡਤਾ ਲਈ ਪ੍ਰਣ ਕੀਤਾ ਗਿਆ ਪਰ ਨਾਲ ਹੀ ਇਹ ਵੀ ਪ੍ਰਵਾਨ ਕੀਤਾ ਗਿਆ ਕਿ ਪੁਰਾਣੀ ਚਲੀ ਆ ਰਹੀ ਰਵਾਇਤ ਮੁਤਾਬਕ, ਉੱਨ, ਸ਼ਾਲਾਂ ਤੇ ਚਾਹ ਪੱਤੀ ਦੀ ਦਰਾਮਦ ਨਿਰੰਤਰ ਚਾਲੂ ਰਹੇਗੀ।''

ਉਪਰੋਕਤ ਲਿਖਤ ਸੰਧੀ ਅਨੁਸਾਰ, ਲੇਹ-ਲੱਦਾਖ਼ ਦਾ ਮਹੱਤਵਪੂਰਨ ਖ਼ਿੱਤਾ ਚੂੰਕਿ ਰਾਜਾ ਗੁਲਾਬ ਸਿੰਘ (ਕਿਸ਼ਤਵਾੜ-ਜੰਮੂ) ਦੀ ਸਲਤਨਤ ਵਿਚ ਕਾਰਜਸ਼ੀਲ ਮਹਾਂਬਲੀ ਜਰਨੈਲ ਜ਼ੋਰਾਵਰ ਸਿੰਘ ਦੀਆਂ ਨਿਰੰਤਰ ਜਿੱਤਾਂ ਉਪਰੰਤ ਦਰਬਾਰੇ-ਖ਼ਾਲਸਾ ਵਿਚ ਸ਼ਾਮਲ ਹੋਇਆ ਸੀ, ਇਸ ਲਈ ਅੱਜ ਇਹ ਭਾਰਤ ਦਾ ਅਨਿੱਖੜ ਅੰਗ ਐਲਾਨੇ ਜਾਣ ਦੇ ਬਾਵਜੂਦ ਸਰਕਾਰੇ-ਖ਼ਾਲਸਾ ਦੀ ਹੀ ਅਮਾਨਤ ਹੈ ਜਿਸ ਬਾਰੇ ਸ਼ਾਇਦ 99 ਫ਼ੀ ਸਦੀ ਪੰਜਾਬੀਆਂ (ਖ਼ਾਸ ਕਰ ਕੇ ਸਿੱਖਾਂ) ਨੂੰ ਜਾਣਕਾਰੀ ਹੀ ਨਹੀਂ। ਕਿਵੇਂ ਸਾਡੇ ਇਸ ਸਿਰਲੱਥ ਯੋਧੇ ਨੇ ਸਤਾਰਾਂ-ਸਤਾਰਾਂ ਹਜ਼ਾਰ ਫੁੱਟ ਤੋਂ ਉੱਪਰਲੇ ਬਰਫ਼ਾਂ ਕੱਜੇ ਪਹਾੜਾਂ, ਸਿਰ ਤਲਵਾਈਆ ਘਾਟੀਆਂ, ਬਿਖੜੇ ਪੈਂਡਿਆਂ,

ਅਦ੍ਰਿਸ਼ ਵੈਰੀਆਂ ਤੇ ਰਾਜਸੀ ਬਾਗ਼ੀਆਂ ਨਾਲ ਲੋਹਾ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਨੂੰ ਵਿਸਤਾਰਨ ਦਾ ਟਿੱਲ ਲਗਾਇਆ। ਅੰਮ੍ਰਿਤਸਰ ਦੀ ਸੰਧੀ ਮੁਤਾਬਕ, ਚੂੰਕਿ ਸਤਲੁਜ ਤੋਂ ਪਾਰ ਅੰਗਰੇਜ਼ਾਂ ਦਾ ਵਾਰਾ ਪਹਿਰਾ ਸੀ, ਇਸ ਲਈ ਰਾਜ ਭਾਗ ਦੇ ਵਧਾਉਣ ਲਈ ਕਸ਼ਮੀਰ ਵਾਲਾ ਪਾਸਾ ਹੀ ਬਚਿਆ ਹੋਇਆ ਸੀ ਜਿਸ ਦਾ ਸਮੁੱਚਾ ਸਿਹਰਾ ਲਾਸਾਨੀ ਮਰਜੀਵੜੇ ਜਰਨੈਲ ਜ਼ੋਰਾਵਰ ਸਿੰਘ ਦੇ ਸਿਰ ਬੱਝਦਾ ਹੈ ਜਿਹੜਾ ਦਹਾਕਿਆਂ ਤਕ ਇਸ ਬਿਖਮ ਜ਼ਿੰਮੇਵਾਰੀ ਲਈ ਲੜਦਾ ਤੇ ਭਿੜਦਾ ਰਿਹਾ।

ਹਜ਼ਾਰਾਂ ਸਾਲਾਂ ਤੋਂ ਹਿੰਦੁਸਤਾਨ ਉਤੇ ਧਾੜਵੀਆਂ, ਲੁਟੇਰਿਆਂ, ਰਾਜਵੰਸ਼ਾਂ ਤੇ ਹਮਲਾਵਰਾਂ ਦਾ ਜ਼ੋਰ ਰਿਹਾ ਹੈ ਜਿਹੜੇ ਇਸ ਨੂੰ ਕੁੱਟ ਕੇ ਸੱਭ ਕੁੱਝ ਲੁੱਟ ਕੇ ਆਰਾਮ ਨਾਲ ਵਾਪਸ ਚਲੇ ਜਾਂਦੇ ਰਹੇ। 'ਸਾਹਾਂ ਸੁਰਤਿ ਗਵਾਈਆ ਰੰਗੁ ਤਮਾਸ਼ੇ ਚਾਇ', ਫ਼ਰਮਾ ਕੇ ਸਾਡੇ ਸੱਚੇ ਪਾਤਸ਼ਾਹਾਂ ਨੇ ਸਮਕਾਲੀ ਸਥਿਤੀ ਸਬੰਧੀ ਇਸ਼ਾਰਾ ਕੀਤਾ ਹੈ। ਗੁਰੂ-ਵਰੋਸਾਏ ਗੁਰਸਿੱਖਾਂ ਨੇ ਪਹਿਲੀ ਵਾਰ, ਵੈਰੀਆਂ ਦੇ ਮੂੰਹ ਭੰਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਖ਼ਾਲਸਾ ਰਾਜ ਸਥਾਪਤ ਕੀਤੇ ਜਾਣ ਪਿੱਛੋਂ ਫਿਰ ਜ਼ੁਲਮੀ ਚੱਕਰ ਚਲਿਆ। ਮਿਸਲਾਂ ਦੇ ਰਾਜ ਸਮੇਂ ਵੀ ਬਹੁਤ ਇਨਕਲਾਬੀ ਯਤਨ ਕੀਤੇ ਗਏ

ਪਰ ਮਹਾਰਾਜਾ ਰਣਜੀਤ ਸਿੰਘ ਦੀ ਆਮਦ ਸ਼ਾਂਤ ਪਾਣੀਆਂ ਵਿਚ ਆਏ ਉਛਾਲ ਅਤੇ ਤੂਫ਼ਾਨ ਵਾਂਗ ਸੀ ਜਿਸ ਨੇ ਇਸ ਭੂੰ-ਖੰਡ ਵਿਚ ਤਰਥੱਲੀ ਮਚਾ ਦਿਤੀ। ਭਾਵੇਂ ਸਾਡੇ ਵਿਚਾਰ-ਅਧੀਨਲਾ ਮਹਾਂਨਾਇਕ, ਜਰਨੈਲ ਜ਼ੋਰਾਵਰ ਸਿੰਘ, ਕਿਸ਼ਤਵਾੜ ਦੇ ਰਾਜਾ ਗੁਲਾਬ ਸਿੰਘ ਦਾ ਮਾਤਹਿਤ ਸੀ ਜੋ ਅਪਣੀ ਲਿਆਕਤ ਦਾਨਾਈ, ਸੂਝ-ਬੂਝ, ਦੂਰਅੰਦੇਸ਼ੀ ਤੇ ਵੀਰਤਾ ਸਦਕੇ ਗਵਰਨਰ ਤੇ ਵਜ਼ੀਰ ਬਣਿਆ ਪਰ ਉਸ ਦੀ ਪ੍ਰੇਰਣਾ ਦਾ ਸਰੋਤ ਮਹਾਰਾਜਾ ਰਣਜੀਤ ਸਿੰਘ ਹੀ ਸੀ ਜਿਨ੍ਹਾਂ ਨੂੰ ਲੱਦਾਖ ਜਿੱਤਣ ਪਿੱਛੋਂ, ਉਹ 1836 ਵਿਚ ਨਜ਼ਰਾਨਾ ਭੇਂਟ ਕਰਨ ਲਈ ਖ਼ੁਦ ਲਾਹੌਰ ਆਇਆ ਸੀ।

1469 ਤੋਂ ਬਾਅਦ, ਹਿੰਦੁਸਤਾਨ ਦੀ ਸਰਜ਼ਮੀ 'ਤੇ ਜਿਹੜੇ ਸ਼ਕਤੀਸ਼ਾਲੀ ਇਨਕਲਾਬ ਦਾ ਆਭਾਸ ਤੇ ਅਹਿਸਾਸ ਹੁੰਦਾ ਹੈ, ਉਹ ਨਿਸ਼ਚੇ ਹੀ ਗੁਰੂ ਸਾਹਿਬਾਨ ਵਲੋਂ ਦ੍ਰਿੜ੍ਹਾਈ ਸਾਹਸੀ ਜੀਵਨ-ਸ਼ੈਲੀ ਕਰ ਕੇ ਸੀ। ਡੰਕੇ ਦੀ ਚੋਟ 'ਤੇ, ਉਨ੍ਹਾਂ ਨੇ ਹਰ ਪ੍ਰਕਾਰੀ ਅਧਰਮ, ਕੁਕਰਮ, ਅਯਾਸ਼ੀ, ਸਵਾਰਥਸਿੱਧੀ, ਦੰਭ-ਪਾਖੰਡ, ਕਰਮ ਕਾਂਡ, ਫੋਕੇ ਵਹਿਮ ਭਰਮ, ਗ਼ਲਤ ਵਿਧੀ ਵਿਧਾਨ, ਫ਼ਜ਼ੂਲ ਅੰਧ ਵਿਸ਼ਵਾਸ, ਟੂਣੇ ਟਾਮਣ, ਰਿੱਧੀਆਂ-ਸਿਧੀਆਂ ਗੱਲ ਕੀ ਜੀਵਨ ਦਾ ਹਰ ਗ੍ਰਸਿਆ ਪਹਿਲੂ ਖੰਡਿਤ ਕੀਤਾ। ਅਪਣੇ ਵਿਅਕਤੀਗਤ ਉਚੇਰੇ ਜੀਵਨ-ਅਮਲਾਂ ਰਾਹੀ 'ਮਰਣੁ ਮੁਣਸਾਂ ਸੂਰਿਆ ਹਕੁ ਹੈ', 'ਪਹਿਲਾਂ ਮਰਣੁ ਕਬੂਲਿ ਜੀਵਨ ਕੀ ਛੱਡ ਆਸ',

' ਜਓ ਤਓ ਪ੍ਰੇਮੁ ਖੇਲਣੁ ਕਾ ਚਾਓ' ਆਦਿ ਦੀ ਸਿਖਿਆ ਦ੍ਰਿੜਾ ਕੇ, ਅਪਣੇ ਸੇਵਕਾਂ ਦਾ ਨਜ਼ਰੀਆ ਹੀ ਬਦਲ ਦਿਤਾ। ਢਾਈ ਸੌ ਸਾਲਾਂ ਦੀ ਜਦੋ-ਜਹਿਦ, ਸੰਘਰਸ਼, ਕੁਰਬਾਨੀਆਂ, ਲੋਕ ਹਿਤ ਤੇ ਸਰਬੱਤ ਦੇ ਭਲੇ ਦੇ ਨਿਰੰਤਰ ਯਤਨਾਂ ਸਦਕੇ ਮਰ ਰਹੀ ਹਿੰਦੁਸਤਾਨੀਅਤ ਮੁੜ ਜਿਊਂਦੀ ਕਰ ਦਿਤੀ। ਸਿਖਰ ਤਾਂ ਇਸ ਲਹਿਰ ਦੀ ਉਦੋਂ ਹੋ ਗਈ ਜਦੋਂ ਅਲੂੰਏ ਬਾਲ ਧਰਮ ਦੀ ਕਾਇਮੀ ਖ਼ਾਤਰ ਹੱਸ-ਹੱਸ ਜਿੰਦਾਂ ਵਾਰ ਗਏ।

ਮੁੜ ਮਰਜੀਵੜਿਆਂ, ਸਿਰਲੱਥਾਂ, ਜਾਂਬਾਜ਼ਾਂ, ਮਹਾਂਬਲੀਆਂ ਅਤੇ ਸੂਰਵੀਰਾਂ ਦੀ ਅਜਿਹੀ ਫ਼ਸਲ ਪ੍ਰਵਾਨ ਚੜ੍ਹੀ ਜਿਸ ਨੇ ਕਲੰਕਿਤ ਹੋਣੋਂ ਦੇਸ਼ ਵੀ ਬਚਾਇਆ ਅਤੇ ਪਹਿਲੀ ਵਾਰ 1699 ਵਿਚ ਲੋਕਤੰਤਰਿਕ ਪ੍ਰਣਾਲੀ ਦੀ ਅਰੰਭਤਾ ਵੀ ਕਰ ਦਿਤੀ। ਕਿਹੜੀ ਰੈੱਡ ਕਰਾਸ ਭਾਈ ਘਨੱਈਆ ਜੀ ਦੇ ਵਿਸ਼ਵ ਭਾਈਚਾਰੇ ਦੇ ਸਿਧਾਂਤ ਅੱਗੇ ਟਿਕ ਸਕਦੀ ਹੈ? ਬਾਬਾ ਬੰਦਾ ਸਿੰਘ ਬਹਾਦਰ ਵਲੋਂ ਪਹਿਲੀ ਵਾਰ ਸਿੱਖ ਰਾਜ ਦੀ ਸਫ਼ਲ ਸਿਰਜਣਾ ਤੇ ਲਾਸਾਨੀ ਸ਼ਹਾਦਤ, ਮਿਸਲ-ਮੁਖੀਆਂ ਦੀ ਬੇਮਿਸਾਲ ਦੇਣ,

ਵਿਸ਼ੇਸ਼ ਤੌਰ ਉਤੇ ਸ. ਜੱਸਾ ਸਿੰਘ ਰਾਮਗੜ੍ਹੀਆ, ਸ. ਜੱਸਾ ਸਿੰਘ ਆਹਲੂਵਾਲੀਆ, ਸੂਬੇਦਾਰ ਬਘੇਲ ਸਿੰਘ, ਨਵਾਬ ਕਪੂਰ ਸਿੰਘ, ਸ. ਹਰੀ ਸਿੰਘ ਨਲੂਆ, ਸ. ਮਹਾਂ ਸਿੰਘ, ਮਹਾਰਾਜਾ ਰਣਜੀਤ ਸਿੰਘ, ਰਾਣੀ ਸਦਾ ਕੌਰ ਅਤੇ ਅਕਾਲੀ ਫੂਲਾ ਸਿੰਘ ਆਦਿ ਦੇ ਨਾਲ-ਨਾਲ ਜਰਨੈਲ ਜ਼ੋਰਾਵਰ ਸਿੰਘ ਦੇ ਸਿਦਕ ਤੇ ਸਿਰੜ ਅੱਗੇ ਸਾਡਾ ਸੀਸ ਆਪ ਮੁਹਾਰੇ ਝੁਕ ਜਾਂਦਾ ਹੈ।

ਇਨ੍ਹਾਂ ਕਾਲਮਾਂ ਵਿਚ ਮੈਂ ਲੇਹ-ਲੱਦਾਖ ਦੇ ਮਹਾਂਬਲੀ ਜੇਤੂ, ਸ਼ੇਰ ਦਿਲ ਇਨਸਾਨ, ਈਮਾਨਦਾਰ ਅਧਿਕਾਰੀ ਅਤੇ ਖ਼ਾਲਸਾ ਰਾਜ ਦੇ ਵਿਸਤਾਰਕ ਜਰਨੈਲ ਜ਼ੋਰਾਵਰ ਸਿੰਘ ਦੀਆਂ ਬੇਜੋੜ ਪ੍ਰਾਪਤੀਆਂ ਉਤੇ ਨਜ਼ਰਸਾਨੀ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਅੰਗਰੇਜ਼, ਚੀਨੀ, ਤਿੱਬਤੀ ਅਤੇ ਪਾਕਿਸਤਾਨੀ ਲੋਕ ਤਾਂ ਉਸ ਦੀਆਂ ਬੇਮਿਸਾਲ ਜਿੱਤਾਂ ਤੋਂ ਵਾਕਫ਼ ਹਨ ਪਰ ਸਾਡੇ ਕਾਣੀ ਅੱਖ ਵਾਲੇ ਆਗੂ, ਸਰਕਾਰਾਂ ਜਾਂ ਲੋਕ ਬਹੁਤ ਹੱਦ ਤਕ ਅਣਜਾਣ ਹਨ। 'ਭਾਰਤ ਦਾ ਨੈਪੋਲੀਅਨ' ਕਿਹਾ ਜਾਂਦਾ ਸਾਡਾ ਜਰਨੈਲ ਜ਼ੋਰਵਰ ਸਿੰਘ, ਲਾਹੌਰ ਦਰਬਾਰ (ਸਿੱਖ ਰਾਜ) ਦਾ ਮਹਾਂ ਕਾਬਲ, ਪਰਾਕਰਮੀ ਯੋਧਾ, ਦੂਰਅੰਦੇਸ਼ ਕਮਾਂਡਰ ਤੇ ਕਹਿਰੀਲਾ ਸਰਦਾਰ ਸੀ

ਜਿਹੜਾ ਅਪਣੀ ਲਿਆਕਤ, ਸੂਝ-ਬੂਝ, ਬਹਾਦਰੀ ਤੇ ਸਥਿਤੀ-ਕੰਟਰੋਲ ਕਰ ਕੇ ਉਨ੍ਹਾਂ ਮਾਨਸਰੋਵਰਾਂ ਦਾ ਹਾਣੀ ਬਣਿਆ ਜਿਸ ਨੂੰ ਤੱਕਣ ਲਈ ਅਸੀ ਅੱਜ ਵੀ ਤਰਲੋ ਮੱਛੀ ਹੁੰਦੇ ਫਿਰਦੇ ਹਾਂ ਪਰ ਉਥੇ ਪਹੁੰਚਣਾ ਏਨਾ ਆਸਾਨ ਨਹੀਂ। ਲੱਦਾਖ ਜਿੱਤ ਕੇ ਸਿੱਖ ਰਾਜ ਦੇ ਝੰਡੇ ਝੁਲਾਉਣ ਵਾਲੇ ਜਰਨੈਲ ਜ਼ੋਰਾਵਰ ਸਿੰਘ ਦੀ ਪ੍ਰੇਰਣਾ ਵਾਕਈ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਸਨ। ਮਾਪਿਆਂ ਵਲੋਂ ਨਿਸ਼ਚਿਤ ਨਾਂ ਉਤੇ ਖ਼ਰਾ ਉੱਤਰਨਾ ਉਨ੍ਹਾਂ ਦਾ ਅਕੀਦਾ ਸੀ ਜਿਸ ਕਰ ਕੇ ਗਰਭਵਤੀ ਤਿੱਬਤੀ ਔਰਤਾਂ ਹੁਣ ਵੀ ਉਸ ਦੀ ਯਾਦਗਾਰ (ਜੋ ਤਿੱਬਤ ਦੇ ਤਕਲਾਕੋਟ ਵਿਖੇ ਅੱਜ ਵੀ ਸੁਸ਼ੋਭਿਤ ਹੈ) ਉਤੇ ਜਾ ਕੇ ਉਸ ਵਰਗਾ ਨਿਰੰਤਰ ਬਹਾਦਰ ਪੁੱਤਰ ਪ੍ਰਾਪਤ ਕਰਨ ਲਈ ਜੋਦੜੀ ਕਰਦੀਆਂ ਹਨ।

ਸੰਸਾਰ ਦੀਆਂ ਸੱਭ ਤੋਂ ਉੱਚੀਆਂ ਪਹਾੜੀ ਸਿਖ਼ਰਾਂ ਉਤੇ ਜਿਸ ਤਨਦੇਹੀ, ਦ੍ਰਿੜਤਾ, ਨਿਰਭੈਤਾ, ਯੁੱਧ-ਕੌਸ਼ਲਤਾ ਤੇ ਵੀਰਤਾ ਨਾਲ ਉਹ ਲੜਿਆ, ਅੜਿਆ ਤੇ ਅਗਾਂਹ ਵਧਿਆ, ਉਹ ਅਪਣੇ ਆਪ ਵਿਚ ਇਕ ਅਨੂਠੀ ਮਿਸਾਲ ਹੈ। ਇਸ ਕਰ ਕੇ, ਹਿੰਦੁਸਤਾਨ ਦੀ ਏਕਤਾ, ਅਖੰਡਤਾ, ਵਿਸਤਾਰ, ਸਲਾਮਤੀ, ਅਣਖ-ਆਬਰੂ ਤੇ ਇਸ ਦੀਆਂ ਬਾਜ਼ਾਰਾਂ ਵਿਚ ਟਕੇ-ਟਕੇ ਵਿਕਦੀਆਂ ਬਹੂ-ਬੇਟੀਆਂ ਦੇ ਰਖਵਾਲੇ ਬਣਦੇ ਸਿੱਖ-ਯੋਧਿਆਂ ਵਿਚ ਜਰਨੈਲ ਜ਼ੋਰਾਵਰ ਸਿੰਘ ਦੀ ਹਸਤੀ ਬਿਲਕੁਲ ਵਿਲੱਖਣ ਹੈ। ਪੁਰਾਣੇ ਪੰਜਾਬ (ਅਜੋਕੇ ਹਿਮਾਚਲ ਪ੍ਰਦੇਸ) ਦੇ ਕਹਿਲੂਰ ਵਿਚ ਇਕ ਰਾਜਪੂਤ ਪ੍ਰਵਾਰ ਵਿਚ ਬਾਲ ਜ਼ੋਰਾਵਰ ਸਿੰਘ ਦਾ ਜਨਮ 1784 ਵਿਚ ਹੋਇਆ।

'ਐਨਸਾਈਕਲੋਪੀਡੀਆ ਆਫ਼ ਸਿਖਿਇਜ਼ਮ' ਵਿਚ ਪ੍ਰੋ. ਹਰਬੰਸ ਸਿੰਘ ਜਰਨੈਲ ਸਾਹਬ ਦੇ ਪੜਪੋਤਰੇ ਦੇ ਹਵਾਲੇ ਨਾਲ ਆਪ ਜੀ ਦੀ ਜੰਮਣ-ਭੋਇੰ ਕਾਂਗੜਾ ਜ਼ਿਲ੍ਹੇ ਦੀ ਅਨਸੋਰਾ ਨਗਰੀ ਦਸਦੇ ਹਨ। ਪਰ ਵਿੱਕੀਪੀਡਆ ਵਿਚਲਾ ਇੰਦਰਾਜ ਤਾਂ ਹੈ ਹੀ 'ਜ਼ੋਰਾਵਰ ਸਿੰਘ ਕਹਿਲੂਰੀਆ।' ਫ਼ਰਕ ਵੀ ਕੀ ਪੈਂਦਾ ਹੈ, ਹੈ ਤਾਂ ਪਹਾੜੀ-ਪੁੱਤਰ ਹੀ ਜਿਸ ਦੇ ਅੰਦਰ ਪਰਿਪੱਕਤਾ ਤੇ ਸ਼ਕਤੀ ਕੁੱਟ-ਕੁੱਟ ਕੇ ਭਰੀ ਹੋਈ ਸੀ। ਕਹਿੰਦੇ ਨੇ ਕਿ ਅੱਲੜ੍ਹ ਉਮਰੇ ਕਿਸੇ ਜ਼ਮੀਨੀ ਝਗੜੇ ਕਰ ਕੇ ਭਰਾ ਨਾਲ ਅਣਬਣ ਹੋ ਗਈ ਤੇ ਉਹ ਹਰਿਦੁਆਰ ਚਲਾ ਗਿਆ।

ਇਥੇ ਉਸ ਦਾ ਮੇਲ ਰਾਜਾ ਜਸਵੰਤ ਸਿੰਘ ਨਾਲ ਹੋਇਆ ਜਿਹੜਾ, ਉਸ ਨੂੰ ਜੰਮੂ ਵਲ ਡੋਡਾ ਲੈ ਗਿਆ। ਇਥੇ ਉਸ ਨੂੰ ਸੈਨਿਕ ਸਿਖਲਾਈ ਦਿਤੀ ਗਈ। ਛੇਤੀ ਹੀ ਉਸ ਨੇ ਡੋਗਰੇ ਗੁਲਾਬ ਸਿੰਘ ਕੋਲ ਨੌਕਰੀ ਕਰ ਲਈ ਜਿਥੇ ਉਸ ਨੂੰ ਜੰਮੂ ਦੇ ਉਤਰੀ ਇਲਾਕਿਆਂ ਦੇ ਕਿਲ੍ਹਿਆਂ ਦੀ ਸੁਰੱਖਿਆ ਤੇ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸੌਂਪੀ ਗਈ। ਪੁਰਾਣੇ ਕਿਲ੍ਹਿਆਂ ਦਾ ਨਵੀਨੀਕਰਨ ਕਰਵਾ ਕੇ ਉਸ ਨੇ ਅਪਣੇ ਮਾਲਕ ਨੂੰ ਜਿਤ ਲਿਆ। ਫਿਰ ਜਦੋਂ ਉਸ ਨੂੰ ਸਪਲਾਈ ਮਹਿਕਮੇ ਵਿਚ ਇੰਸਪੈਕਟਰ ਦਾ ਜ਼ਿੰਮਾ ਸੰਭਾਲਿਆ ਗਿਆ ਤਾਂ ਵੀ ਉਸ ਨੇ ਸੰਜਮੀ ਰੁਖ਼ ਅਪਣਾਉਂਦਿਆਂ, ਬਹੁਤ ਸਾਰੀ ਬੱਚਤ ਕਰ ਦਿਖਾਈ।
(ਬਾਕੀ ਅਗਲੇ ਹਫ਼ਤੇ)
ਸੰਪਰਕ : 98156-20515