ਜਥੇਦਾਰ ਵਲੋਂ 267 ਸਰੂਪਾਂ ਦੇ ਮਾਮਲੇ ਬਾਰੇ ਬਣਾਈ ਕਮੇਟੀ ਵਲੋਂ ਨਿਰਪੱਖਤਾ ਨਾਲ ਜਾਂਚ ਨਾ ਕਰਨ ਦਾ ਖ਼ਦਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਬਾਦਲਕਿਆਂ ਦੀ ਦਖ਼ਲ ਅੰਦਾਜ਼ੀ ਕਾਰਨ ਜਾਂਚ ਹੋਵੇਗੀ ਪ੍ਰਭਾਵਤ

Gaini Harpreet Singh

ਅੰਮ੍ਰਿਤਸਰ, 8 ਅਗੱਸਤ (ਪਰਮਿੰਦਰਜੀਤ) : ਭਾਈ ਹਵਾਰਾ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ 267 ਸਰੂਪਾਂ ਦੇ ਮਾਮਲੇ ਬਾਰੇ ਬਣਾਈ ਕਮੇਟੀ ਦੇ ਮੁਖੀ ਭਾਈ ਈਸ਼ਰ ਸਿੰਘ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਕਮੇਟੀ ਨਿਰਪੱਖਤਾ ਨਾਲ ਜਾਂਚ ਨਹੀਂ ਕਰ ਸਕਦੀ। ਅਪਣੇ ਭੇਜੇ ਪੱਤਰ ਵਿਚ ਪ੍ਰੋਫ਼ੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ 17 ਜੁਲਾਈ, 2020 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਤੋਂ 267 ਪਾਵਨ ਸਰੂਪਾਂ ਦੀ ਗਿਣਤੀ ਦੇ ਘੱਟ ਹੋਣ ਦੇ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਕਰ ਰਹੇ ਹੋ। ਵਿਸ਼ਵ ਭਰ ਦੇ ਸਿੱਖਾਂ ਦਾ ਧਿਆਨ ਇਸ ਵੇਲੇ ਇਸ ਮਾਮਲੇ ਦੀ ਸੱਚਾਈ ਜਾਣਨ 'ਤੇ ਕੇਂਦਰਿਤ ਹੈ।

ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵਲੋਂ ਕੁੱਝ ਦਿਨ ਪਹਿਲਾਂ ਇਸ ਮਸਲੇ ਸਬੰਧੀ ਬਿਆਨ ਵੀ ਦਿਤਾ ਗਿਆ ਸੀ। ਪਿਛਲੇ ਕੁੱਝ ਸਾਲਾਂ ਦੀਆਂ ਘਟਨਾਵਾਂ ਦੀ ਸਮੀਖਿਆ ਕਰਦੇ ਹੋਏ ਇਹ ਸਿੱਟਾ ਕਢਣਾ ਕੋਈ ਔਖਾ ਨਹੀਂ ਹੈ ਕਿ ਸਿੱਖ ਕੌਮ ਦੀ ਪਹਿਲੀ ਕਤਾਰ ਦੀਆਂ ਸੰਸਥਾਵਾਂ ਜਿਨ੍ਹਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਆਦਿ ਸ਼ਾਮਲ ਹਨ, 'ਤੇ ਚੋਟੀ ਦੇ ਸੰਚਾਲਕ ਕਮਜ਼ੋਰ ਵਿਅਕਤੀਆਂ ਨੂੰ ਬਾਦਲਕਿਆਂ ਵਲੋਂ ਥਾਪਿਆ ਜਾਂਦਾ ਹੈ। ਸ਼੍ਰੋਮਣੀ ਸੰਸਥਾਵਾਂ ਦੀ ਭਰੋਸੇਯੋਗਤਾ 'ਤੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ।

ਸਿੱਖ ਸੰਗਤਾਂ ਵਿਚ ਇਹ ਆਮ ਚਰਚਾ ਹੈ ਕਿ 20 ਅਕਤੂਬਰ 2018 ਨੂੰ ਅੰਮ੍ਰਿਤਸਰ ਵਿਖੇ ਹੋਈ ਪੰਥਕ ਅਸੈਂਬਲੀ ਦੀ ਇਕੱਤਰਤਾ ਵਿਚ ਆਪ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਇੱਕਤਰਤਾ ਵਿਚ ਆਪ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਪ੍ਰਣਾਲੀ 'ਤੇ ਸਖ਼ਤ ਇਤਰਾਜ਼ ਕੀਤਾ ਸੀ ਤੇ ਸਿਫ਼ਾਰਸ਼ ਕੀਤੀ ਸੀ ਕਿ ਨਵੇਂ ਜਥੇਦਾਰ ਦੀ ਹੋਣ ਵਾਲੀ ਨਿਯੁਕਤੀ 'ਤੇ ਅਦਾਲਤ ਤੋਂ ਸਟੇਅ ਲਿਆਉਣਾ ਚਾਹੀਦਾ ਹੈ।

ਪੰਥਕ ਅਸੈਂਬਲੀ ਵਲੋਂ ਬਾਦਲ ਪਿਉ-ਪੁੱਤ ਦਾ ਬਾਈਕਾਟ ਐਲਾਨਿਆ ਗਿਆ ਸੀ ਅਤੇ ਇਸ ਦੇ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੌਜੂਦਾ ਪ੍ਰਣਾਲੀ ਦੇ ਅਧੀਨ ਨਿਯੁਕਤ ਕੀਤੇ ਜਥੇਦਾਰਾਂ ਨੂੰ ਨਕਲੀ ਐਲਾਨਿਆ ਸੀ। ਗਿਆਨੀ ਹਰਪ੍ਰੀਤ ਸਿੰਘ ਦੀ ਨਿਯੁਕਤੀ ਤੋਂ ਦੋ ਦਿਨ ਪਹਿਲਾਂ ਤੁਸੀਂ ਪੰਥਕ ਅਸੈਂਬਲੀ ਵਿਚ ਜਥੇਦਾਰ ਦੀ ਨਿਯੁਕਤੀ ਪ੍ਰਣਾਲੀ ਨੂੰ ਰੱਦ ਕੀਤਾ ਸੀ ਅਤੇ ਨਿਯੁਕਤ ਕਰਨ ਵਾਲੇ ਸਰਬਰਾਹਾਂ ਬਾਦਲ ਪਿਉ-ਪੁੱਤ ਦਾ ਬਾਈਕਾਟ ਦਾ ਸੱਦਾ ਦਿਤਾ ਸੀ। ਸਿੱਖ ਸੰਗਤ ਤੁਹਾਡੇ ਇਸ ਬਦਲੇ ਹੋਏ ਸਟੈਂਡ ਤੇ ਸ਼ੰਕਾ ਪ੍ਰਗਟ ਕਰਦੀ ਹੈ ਕਿ ਤੁਸੀਂ ਸਾਲ 2018 ਵਿੱਚ ਕਹੇ ਹੋਏ ਅਪਣੇ ਬਚਨਾਂ 'ਤੇ ਪੂਰੇ ਨਹੀਂ ਉਤਰੇ।

ਉਨ੍ਹਾਂ ਵਲੋਂ 17 ਜੁਲਾਈ ਤੋਂ 267 ਸਰੂਪਾਂ ਦੇ ਘੱਟ ਹੋਣ ਦੀ ਜਾਂਚ ਹੇਠ ਲਿਖੇ ਤੱਥਾਂ ਦੇ ਆਧਾਰ ਤੇ ਸਵਾਲਾਂ ਦੇ ਘੇਰੇ ਵਿੱਚ ਘਿਰੀ ਹੋਈ ਸਪਸ਼ਟ ਰੂਪ ਵਿਚ ਨਜ਼ਰ ਆ ਰਹੀ ਹੈ। ਪੱਤਰ ਵਿਚ ਕਿਹਾ ਕਿ ਪ੍ਰਿੰਟਿੰਗ ਪ੍ਰੈੱਸ, ਸਟੋਰ ਅਤੇ ਦਫਤਰ  ਸੀਲ ਨਾ ਹੋਣ ਦੀ ਵਜ੍ਹਾ ਕਰਕੇ ਜਾਂਚ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 125 ਪਾਵਨ ਸਰੂਪਾਂ ਦੇ ਫ਼ਰਮੇ ਤਿਆਰ ਕਰ ਲਏ ਗਏ ਹਨ ਤੇ ਪਿਛਲੀਆਂ ਤਰੀਕਾਂ ਵਿਚ ਇਸ ਦੀ ਆਗਿਆ ਵੀ ਪਾ ਲਈ ਗਈ ਹੈ। ਪੱਤਰ ਵਿਚ ਅੱਗੇ ਕਿਹਾ ਕਿ  ਬੇਸ਼ੱਕ ਆਪ ਵਲੋਂ ਪੜਤਾਲ ਦੀ ਪਾਰਦਰਸ਼ਤਾ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਦੋਸ਼ੀ ਅਧਿਕਾਰੀ ਆਰਾਮ ਨਾਲ ਸਬੰਧਤ ਰੀਕਾਰਡ ਨੂੰ ਛੇੜਛਾੜ ਅਤੇ ਖ਼ੁਰਦ ਬੁਰਦ ਕਰ ਰਹੇ ਹਨ।