ਪਏ ਛੇਕਦੇ ਰਹਿਣ ਤਖ਼ਤਾਂ ਵਾਲੇ ਲੰਗਾਹ ਵਾਂਗ 'ਛੇਕੂ' ਹੁਕਮਨਾਮਾ ਵੀ ਆਪੇ ਹੀ ਛੇਕ ਦਿਉ!

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖਾਂ ਦੀਆਂ ਸਿਰਮੌਰ ਤੇ ਅਜ਼ੀਮ ਸੰਸਥਾਵਾਂ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਪੰਜ ਪਿਆਰੇ ਤੇ

File Photo

ਸਿੱਖਾਂ ਦੀਆਂ ਸਿਰਮੌਰ ਤੇ ਅਜ਼ੀਮ ਸੰਸਥਾਵਾਂ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਪੰਜ ਪਿਆਰੇ ਤੇ ਸਿੱਖ ਸਿਧਾਂਤਾਂ ਦਾ ਪੰਜਾਬ ਅੰਦਰ ਉਦੋਂ ਘਾਣ ਕੀਤਾ ਗਿਆ ਜਦੋਂ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਗੁਰਦਵਾਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਗੜ੍ਹੀ ਵਿਖੇ ਖ਼ਾਲਸਾ ਪੰਥ ਵਿਚੋਂ ਛੇਕੇ ਸੁੱਚਾ ਸਿੰਘ ਲੰਗਾਹ ਨੂੰ ਅਖੌਤੀ ਪੰਜ ਪਿਆਰਿਆਂ ਵਲੋਂ ਮਾਫ਼ੀ ਦੇ ਕੇ ਤਨਖ਼ਾਹੀਆ ਕਰਾਰ ਦਿੰਦੇ ਹੋਏ 21 ਦਿਨ ਇਕ ਘੰਟਾ ਰੋਜ਼ਾਨਾ ਗੁਰਦਵਾਰਾ ਸਾਹਿਬ ਵਿਚ ਝਾੜੂ ਫੇਰਨ ਦੀ ਸਜ਼ਾ ਪੂਰੀ ਕਰ ਕੇ, ਮੁੜ ਅੰਮ੍ਰਿਤ ਪਾਨ ਕਰਵਾ ਕੇ ਗੁਰੂ ਪੰਥ ਵਿਚ ਸ਼ਾਮਲ ਕਰ ਲਿਆ ਗਿਆ।

ਇਸ ਸਮਾਗਮ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਸਾਬਕਾ ਧਰਮ ਪ੍ਰਚਾਰ ਕਮੇਟੀ ਮੈਂਬਰ ਰਤਨ ਸਿੰਘ ਜ਼ਫ਼ਰਵਾਲ, ਇਸ ਇਤਿਹਾਸਕ ਗੁਰਦਵਾਰਾ ਸਾਹਿਬ ਦੇ ਇੰਚਾਰਜ ਯਸ਼ਪਾਲ ਸਿੰਘ, ਗ੍ਰੰਥੀ ਖ਼ੁਸ਼ਵੰਤ ਸਿੰਘ, ਕਥਾਵਾਚਕ ਹਰਮੀਤ ਸਿੰਘ ਤੇ ਦੋ ਹੋਰ ਸ਼੍ਰੋਮਣੀ ਕਮੇਟੀ ਦੇ ਗੁਰਦਵਾਰਿਆਂ ਦੇ ਮੈਨੇਜਰ ਵੀ ਸ਼ਾਮਲ ਸਨ।

ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਗੁਰੂ ਪੰਥ ਤੇ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਲਈ ਜਿਵੇਂ ਸੌਦਾ ਸਾਧ ਨੇ ਅਪਣੇ ਪੰਜਾਬ ਸਥਿਤ ਡੇਰੇ ਸਲਾਬਤਪੁਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰੱਚ ਕੇ ਅਪਣੇ ਅਨੁਯਾਈਆਂ ਨੂੰ ਜਾਮ-ਏ-ਇੰਸਾਂ ਪਾਨ ਕਰਵਾਇਆ ਸੀ, ਉਵੇਂ ਹੀ ਕਪਟੀ ਮਨਮੁਖ ਪੰਜ ਵਿਅਕਤੀਆਂ ਨੇ ਅਜ਼ੀਮ ਪੰਜ ਪਿਆਰਾ ਸੰਸਥਾ ਦਾ ਸਵਾਂਗ ਰੱਚ ਕੇ, ਸਿਰਮੌਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਨੂੰ ਲਤਾੜਦੇ ਹੋਏ,

ਉਸ ਵਲੋਂ ਜਾਰੀ ਹੁਕਮਨਾਮੇ ਸਬੰਧੀ ਆਪ ਮਾਫ਼ੀ ਦੇਣ ਦਾ ਸਵਾਂਗ ਰੱਚ ਕੇ ਸਿੱਖ ਇਤਿਹਾਸਕ ਗੁਰਦਵਾਰਾ ਬਾਬਾ ਬੰਦਾ ਬਹਾਦਰ ਦੀ ਮਰਿਯਾਦਾ ਦੀ ਬੇਅਦਬੀ ਕਰਦੇ ਹੋਏ ਗਰੂ ਪੰਥ ਨੂੰ ਚੁਨੌਤੀ ਦੇ ਕੇ ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤ ਪਾਨ ਕਰਵਾ ਕੇ ਪੰਥ ਵਿਚ ਸ਼ਾਮਲ ਕਰਨ ਦਾ ਬਜਰ ਗੁਨਾਹ ਕੀਤਾ। ਸਿੱਖ ਪੰਥ ਦੇ ਪੂਰੇ ਇਤਿਹਾਸ ਵਿਚ ਅਜਿਹੀ ਘਿਨਾਉਣੀ ਮਿਸਾਲ ਕਿਧਰੇ ਨਹੀਂ ਮਿਲਦੀ।

ਇਕ ਮਿਸਾਲ ਗਿਆਨੀ ਪੂਰਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖ਼ਤ ਦੀ ਹੈ। ਸ਼੍ਰੀ ਅਬਚਲ ਨਗਰ ਨਾਂਦੇੜ ਜਾਂਦੇ ਸਮੇਂ ਰਾਹ ਵਿਚ ਗੁਨਾ ਸਾਹਿਬ ਗੁਰਦਵਾਰਾ ਵਿਚ ਰੁਕ ਕੇ ਆਪੇ ਹੀ ਅਪਣੇ ਪੰਜ ਪਿਆਰੇ ਥਾਪ ਕੇ ਤਤਕਾਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪੰਥ ਵਿਚੋਂ ਛੇਕ ਦਿਤਾ ਸੀ।
ਜੇ ਚਾਹੁੰਦੇ ਤਾਂ ਅਜਿਹਾ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਹੁਕਮਨਾਮੇ ਰਾਹੀਂ ਛੇਕੇ ਗਏ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸਰਦਾਰ ਜੋਗਿੰਦਰ ਸਿੰਘ ਵੀ ਆਸਾਨੀ ਨਾਲ ਕਰ ਸਕਦੇ ਸਨ। ਕਿਸੇ ਪੰਜ ਪਿਆਰਿਆਂ ਤੋਂ ਭੁੱਲ ਬਖ਼ਸ਼ਾ ਕੇ ਗੁਰੂ ਪੰਥ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੰਦੇ।

ਪਰ ਜਿਵੇਂ ਸੁਕਰਾਤ ਨੇ ਤਤਕਾਲੀ ਸਰਕਾਰ ਵਲੋਂ ਜ਼ਹਿਰ ਦਾ ਪਿਆਲਾ ਪਿਆ ਕੇ ਮਾਰਨ ਦੀ ਸਜ਼ਾ ਠੀਕ ਹੈ ਜਾਂ ਗ਼ਲਤ, ਦਾ ਨਿਰਣਾ ਭਵਿੱਖੀ ਪੀੜ੍ਹੀਆਂ ਉਤੇ ਛੱਡ ਦਿਤਾ ਤੇ ਅਪਣੇ ਸ਼ਿਸ਼ਾਂ ਪਲੈਟੋ ਆਦਿ ਦਾ ਨਿਰਣਾ ਕਿ ਉਨ੍ਹਾਂ ਨੂੰ ਜੇਲ ਵਿਚੋਂ ਭਜਾ ਕੇ ਬਾਹਰ ਲੈ ਜਾਂਦੇ ਹਾਂ, ਨਕਾਰ ਦਿਤਾ ਸੀ, ਉਸੇ ਤਰ੍ਹਾਂ ਸ. ਜੋਗਿੰਦਰ ਸਿੰਘ ਨੇ ਅਪਣੇ ਵਿਰੁਧ ਜਾਰੀ ਹੁਕਮਨਾਮਾ ਠੀਕ ਹੈ ਜਾਂ ਗ਼ਲਤ, ਇਸ ਦਾ ਨਿਰਣਾ ਭਵਿੱਖੀ ਪੀੜ੍ਹੀਆਂ ਉਤੇ ਛੱਡ ਦਿਤਾ ਹੈ ਤੇ ਆਪ ਹੁਕਮਨਾਮੇ ਦਾ ਜ਼ਹਿਰ ਪੀ ਲਿਆ।

ਜਦ ਜਥੇਦਾਰ ਨੇ ਆਪ ਫ਼ੋਨ ਕਰ ਕੇ ਗੱਲ ਖ਼ਤਮ ਕਰ ਦੇਣ ਦੀ ਪੇਸ਼ਕਸ਼ ਕੀਤੀ ਤਾਂ ਵੀ ਉਹਨਾਂ ਦਾ ਜਵਾਬ ਸੀ ਕਿ ਪਹਿਲਾਂ ਤੁਹਾਡੇ ਆਖੇ ਅਨੁਸਾਰ ਹੀ, ਗ਼ਲਤੀ ਕਰਨ ਵਾਲਾ ਵੇਦਾਂਤੀ ਆਪ ਅਕਾਲ ਤਖ਼ਤ ਤੇ ਗ਼ਲਤੀ ਮੰਨੇ, ਫਿਰ ਮੈਂ ਆ ਜਾਵਾਂਗਾ। ਪਰ ਸੁੱਚਾ ਸਿੰਘ ਲੰਗਾਹ ਨੇ ਅਪਣੀ ਨਿਜੀ ਰਾਜਨੀਤਕ ਲਾਲਸਾ ਦੀ ਪੂਰਤੀ ਲਈ ਅਪਣੇ ਰਾਜਨੀਤਕ ਆਕਾਵਾਂ ਦੀ ਮਿਲੀਭੁਗਤ ਨਾਲ ਗੁਰੂ ਪੰਥ, ਸ਼੍ਰੀ ਅਕਾਲ ਤਖ਼ਤ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਪੰਜ ਪਿਆਰਾ ਸੰਸਥਾਵਾਂ ਦਾ ਘਾਣ ਕੀਤਾ ਹੈ।

ਇਕ ਸੋਸ਼ਲ ਮੀਡੀਆ ਵਿਚ ਵਾਇਰਲ ਹੋਈ ਰੀਪੋਰਟ ਅਨੁਸਾਰ ਦਮਦਮੀ ਟਕਸਾਲ ਦਾ ਮੀਡੀਆ ਸਕੱਤਰ ਪ੍ਰੋ. ਸਰਚਾਂਦ ਸਿੰਘ ਉਸ ਨੂੰ ਗੁਰਦਵਾਰਾ ਸਾਹਿਬ ਲਿਆਉਂਦਾ ਦੱਸੀਦਾ ਹੈ। ਅਕਾਲੀ ਦਲ ਬਾਦਲ ਦੇ ਸਰਵ ਉੱਚ ਆਗੂ ਉਸ ਨੂੰ ਡੇਰਾਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਚੋਣ ਲੜਾਉਣਾ ਚਾਹੁੰਦੇ ਸਨ। ਸਾਜ਼ਸ਼ ਗੁਰੂ ਪੰਥ ਤੇ ਅਜ਼ੀਮ ਸਿੱਖ ਸੰਸਥਾਵਾਂ ਵਿਰੁਧ ਇਹ ਸੀ ਕਿ ਇਸ ਸਵਾਂਗ ਰਾਹੀਂ ਗੁਰੂ ਪੰਥ ਵਿਚ ਭੁੱਲ ਬਖ਼ਸ਼ਾ ਕੇ ਲੈ ਆਉ। ਜੇਕਰ ਸਿੱਖ ਪੰਥ ਤੇ ਸੰਗਤਾਂ ਮੌਨ ਰਹਿੰਦੀਆਂ ਹਨ ਤੇ ਆਵਾਜ਼ ਬੁਲੰਦ ਨਹੀਂ ਕਰਦੀਆਂ ਤਾਂ ਫਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਖਿਮਾ ਜਾਚਨਾ ਕਰਵਾ ਕੇ ਜਿਵੇਂ ਉਸ ਨੇ ਇਸ ਲਈ ਅਰਜ਼ੀ ਵੀ ਲਗਾਈ ਹੋਈ ਸੀ,

ਗੁਰੂ ਪੰਥ ਵਿਚ ਵਿਧੀਵਤ ਤੌਰ ਉਤੇ ਸ਼ਾਮਲ ਕਰਵਾ ਲਿਆ ਜਾਵੇ ਪਰ ਚੇਤੰਨ ਸੰਗਤ ਨੇ ਅਜਿਹਾ ਨਾ ਹੋਣ ਦਿਤਾ। ਬੀਤੀ 3 ਅਗੱਸਤ ਨੂੰ ਰਚਾਏ ਇਸ ਸਵਾਂਗ ਤੇ ਇਸ ਸਬੰਧੀ ਵੀਡੀਉ ਸਮੇਤ ਸ਼ਿਕਾਇਤ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੂੰ ਕਰ ਦਿਤੀ ਜਿਨ੍ਹਾਂ ਪੰਜ ਪਿਆਰਿਆਂ ਨਾਲ ਵਿਚਾਰ ਚਰਚਾ  ਕਰ ਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਤੇ ਰਤਨ ਸਿੰਘ ਜ਼ਫ਼ਰਵਾਲ ਤਨਖ਼ਾਹੀਏ ਕਰਾਰ ਦਿਤੇ।

ਗੋਰਾ ਨੂੰ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਕਮੇਟੀਆਂ ਵਿਚੋਂ ਲਾਂਭੇ ਕਰਨ ਦੇ ਆਦੇਸ਼ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਦਿਤੇ ਤੇ ਲੰਗਾਹ ਨਾਲ ਸਬੰਧ ਰੱਖਣ ਵਾਲੇ ਸਿੱਖਾਂ ਦੀ ਅਕਾਲੀ ਦਲ ਵਲੋਂ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਕਰਨ, ਸ਼੍ਰੋਮਣੀ ਕਮੇਟੀ ਕਰਮਚਾਰੀਆਂ ਦੀ ਨਿਸ਼ਾਨਦੇਹੀ ਕਰ ਕੇ ਕਮੇਟੀ ਤੋਂ ਲਾਂਭੇ ਕਰਨ ਦੇ ਆਦੇਸ਼ ਦਿਤੇ। ਸਵਾਂਗ ਵਿਚ ਸ਼ਾਮਲ ਗੁਰਦਵਾਰਾ ਸਾਹਿਬ ਇੰਚਾਰਜ, ਗ੍ਰੰਥੀ ਤੇ ਕਥਾਵਾਚਕ ਮੁਅੱਤਲ ਕਰ ਦਿਤੇ ਗਏ।  ਚੇਤੰਨ ਗੁਰੂ ਪੰਥ ਲਈ ਅੱਜ ਤੁਰਤ ਵਿਚਾਰਨ ਵਾਲੀਆਂ ਮੁੱਖ ਗੱਲਾਂ ਇਹ ਹਨ ਕਿ ਜਿਵੇਂ ਸਿੱਖ ਸੰਸਥਾਵਾਂ ਦਾ ਘਾਣ ਹੋ ਚੁੱਕਾ ਹੈ,

ਉਨ੍ਹਾਂ ਦੀ ਮੁੜ ਪੰਥਕ ਮਾਣ, ਮਰਿਯਾਦਾ ਤੇ ਸਿਧਾਂਤਾਂ ਅਨੁਸਾਰ ਕਾਇਮੀ ਕਿਵੇਂ ਹੋਵੇ? ਅੱਜ ਸਿੱਖ ਪੰਥ ਤੇ ਸਿੱਖ ਸੰਸਥਾਵਾਂ ਉਵੇਂ ਹੀ ਰੋਲੀਆਂ ਜਾ ਰਹੀਆਂ ਹਨ ਜਿਵੇਂ ਗੁਰਦਵਾਰਾ ਸੁਧਾਰ ਲਹਿਰ, ਅਕਾਲੀ ਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ 14-15 ਦਸੰਬਰ 1920 ਨੂੰ ਸਥਾਪਨਾ ਤੋਂ ਪਹਿਲਾਂ ਹੁੰਦਾ ਸੀ। ਅੱਜ ਵੀ ਸ਼੍ਰੋਮਣੀ ਕਮੇਟੀ, ਗੁਰਦਵਾਰਾ ਸਾਹਿਬਾਨ, ਸ਼੍ਰੀ ਅਕਾਲ ਤਖ਼ਤ ਤੇ ਦੂਜੇ ਤਖ਼ਤ ਤੇ ਉਨ੍ਹਾਂ ਤੇ ਨਿਯੁਕਤ ਜਥੇਦਾਰ ਰਾਜਸੀ ਆਕਾਵਾਂ ਅਤੇ ਮਸੰਦਾਂ ਦੀ ਗ੍ਰਿਫ਼ਤ ਵਿਚ ਹਨ। ਜਿਵੇਂ ਜਲਿਆਂਵਾਲਾ ਬਾਗ਼ ਵਿਖੇ ਗੋਲੀ ਚਲਾਉਣ ਵਾਲੇ ਜਨਰਲ ਡਾਇਰ ਨੂੰ ਸਿੱਖ ਸਰਦਾਰ ਮਜੀਠੀਆ ਨੇ ਉਸੇ ਰਾਤ ਖਾਣੇ ਨਾਲ ਨਿਵਾਜਿਆ, ਜਿਵੇਂ ਅਰੂੜ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰੋਪਾਉ ਬਖ਼ਸ਼ਿਸ਼ ਕੀਤਾ,

ਉਵੇਂ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਵਾਲੇ ਸੌਦਾ ਸਾਧ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ (ਜੋ ਸਿੱਖ ਸੰਗਤ ਦੇ ਦਬਾਅ ਕਰ ਕੇ ਵਾਪਸ ਲਈ) ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਪੁਲਿਸ ਸੁਰੱਖਿਆ, ਬਰਗਾੜੀ ਗੋਲੀ ਕਾਂਡ ਲਈ ਜ਼ਿੰਮੇਵਾਰ ਰਾਜਸੀ ਆਗੂਆਂ ਦਾ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ, ਹਰਿਮੰਦਰ ਸਾਹਿਬ ਫੇਰੀ ਤੇ ਰੈੱਡ ਕਾਰਪੈਟ ਸਨਮਾਨ, ਨਰੈਣੂ ਵਰਗੇ ਮਹੰਤਾਂ ਨੂੰ ਗੁਰਦਵਾਰਾ ਸਾਹਿਬ ਤੇ ਕਬਜ਼ੇ ਤੇ ਲੁੱਟ ਕਰਨ ਦੀ ਖੁਲ੍ਹੀ ਛੁੱਟੀ,

ਅੰਗਰੇਜ਼ ਹਕੂਮਤ ਵਾਂਗ, ਸੁੱਚਾ ਸਿੰਘ ਲੰਗਾਹ ਦੇ ਹੁਕਮਾਂ ਤੇ 7 ਗੁਰਦਾਸਪੁਰ-ਬਟਾਲਾ ਸਥਿਤ ਗੁਰਦਵਾਰਿਆਂ ਦੇ ਮੈਨੇਜਰ ਨਿਯੁਕਤ ਕਰਨੇ ਸ਼ਾਮਲ ਹਨ। ਇਵੇਂ ਹੀ ਗੁੰਡਾ ਅਨਸਰ ਨੂੰ ਸਿੱਖ ਧਾਰਮਕ ਸੰਸਥਾਵਾਂ ਵਿਚ ਪੰਜਾਬ, ਚੰਡੀਗੜ੍ਹ ਤੇ ਦਿੱਲੀ ਵਿਖੇ ਬੁਰਛਾਗਰਦੀ ਕਰਨ ਦੀ ਖੁਲ੍ਹ ਦਿਤੀ ਗਈ। ਅਪਰਾਧੀ ਤੇ ਤਨਖ਼ਾਹੀਏ ਸ਼੍ਰੋਮਣੀ ਕਮੇਟੀ ਪ੍ਰਧਾਨ ਥਾਪ ਕੇ ਪ੍ਰਧਾਨਗੀ ਸੰਸਥਾ ਪੰਜਾਬ ਅਤੇ ਦਿੱਲੀ ਵਿਚ ਜ਼ੀਰੋ ਤੇ ਬਰਬਾਦ ਕਰ ਕੇ ਰੱਖ ਦਿਤੀ।
ਸੰਪਰਕ : +1 2898292929