ਮੱਧ ਪ੍ਰਦੇਸ਼ : ਸਿੱਖ ਦੁਕਾਨਦਾਰ ਨੂੰ ਕੇਸਾਂ ਤੋਂ ਫੜ ਕੇ ਘੜੀਸਨ ਵਾਲੇ ਪੁਲਿਸ ਮੁਲਾਜ਼ਮ ਸਸਪੈਂਡ
ਬੜਵਾਨੀ ਵਿਚ ਦੋ ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿਤਾ ਗਿਆ ਹੈ। ਇਲਜ਼ਾਮ ਹੈ ਕਿ ਇਨ੍ਹਾਂ ਦੋਵਾਂ ਨੇ ਇਕ ਸਿੱਖ ਦੁਕਾਨਦਾਰ ਦੀ ਚੈਕਿੰਗ ਦੇ ਦੌਰਾਨ ਕੁੱਟਮਾਰ ਕੀਤੀ
ਭੋਪਾਲ, 8 ਅਗੱਸਤ: ਮੱਧ ਪ੍ਰਦੇਸ਼ ਦੇ ਬੜਵਾਨੀ ਵਿਚ ਦੋ ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿਤਾ ਗਿਆ ਹੈ। ਇਲਜ਼ਾਮ ਹੈ ਕਿ ਇਨ੍ਹਾਂ ਦੋਵਾਂ ਨੇ ਇਕ ਸਿੱਖ ਦੁਕਾਨਦਾਰ ਦੀ ਚੈਕਿੰਗ ਦੇ ਦੌਰਾਨ ਕੁੱਟਮਾਰ ਕੀਤੀ। ਇਸ ਸਾਰੀ ਘਟਨਾ ਦੇ ਤੁਰਤ ਬਾਅਦ ਮਾਰ ਕੁਟਾਈ ਦਾ ਇਹ ਵੀਡੀਉ ਵਾਇਰਲ ਹੋ ਗਿਆ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੁਹਾਨ ਨੇ ਇਸ ਘਟਨਾ ਨੂੰ ਅਮਾਨਵੀ ਦਸਦੇ ਹੋਏ ਜਾਂਚ ਦੇ ਹੁਕਮ ਦਿਤੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਦੋਵਾਂ ਪੁਲਿਸ ਵਾਲਿਆਂ ਨੂੰ ਤੁਰਤ ਸਸਪੈਂਡ ਕਰਨ ਦੇ ਆਦੇਸ਼ ਦੇ ਦਿਤੇ ਹਨ। ਪੀੜਤ ਪ੍ਰੇਮ ਸਿੰਘ ਦੇ ਮੁਤਾਬਕ ਉਹ ਸ਼ਾਮ ਸਵੇਰੇ ਗੁਰੁਦਵਾਰੇ ਵਿਚ ਸੇਵਾ ਕਰਦਾ ਹੈ।
ਜਦੋਂ ਕਿ ਦਿਨ ਵਿਚ ਉਹ ਪੁਰਾਣੀ ਪੁਲਿਸ ਚੌਂਕੀ ਦੇ ਸਾਹਮਣੇ ਤਾਲੇ ਕੁੰਜੀਆਂ ਦੀ ਦੁਕਾਨ ਲਗਾਉਂਦਾ ਹੈ। ਉਸ ਨੇ ਦਸਿਆ ਹੈ ਕਿ ਘਟਨਾ ਵਾਲੇ ਦਿਨ ਪੁਲਿਸ ਮੁਲਾਜ਼ਮਾਂ ਨੇ ਪੈਸੇ ਦੀ ਮੰਗ ਕੀਤੀ ਅਤੇ ਨਾ ਦੇਣ ਉਤੇ ਧਮਕੀ ਅਤੇ ਹੱਥੋਂਪਾਈ ਕੀਤੀ। ਪ੍ਰੇਮ ਸਿੰਘ ਨੇ ਕਿਹਾ ਇਸ ਦੌਰਾਨ ਉਨ੍ਹਾਂ ਦੀ ਦਸਤਾਰ ਖੁਲ੍ਹ ਗਈ ਅਤੇ ਵੀਡਿਉ ਵਿਚ ਵੇਖਿਆ ਜਾ ਸਕਦਾ ਹੈ ਕਿ ਪੁਲਿਸ ਨੇ ਪ੍ਰੇਮ ਸਿੰਘ ਦੇ ਕੇਸਾਂ ਤੋਂ ਫੜ ਕੇ ਖਿੱਚਿਆ। ਦੂਜੇ ਪਾਸੇ ਸਫ਼ਾਈ ਵਿਚ ਪੁਲਿਸ ਨੇ ਵੱਖਰੀ ਹੀ ਕਹਾਣੀ ਦਸੀ ਹੈ।
ਪੁਲਿਸ ਗੱਡੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਸਿੱਖ ਜਵਾਨ ਪ੍ਰੇਮ ਸਿੰਘ ਨੂੰ ਪੁਲਿਸ ਨੇ ਰੋਕਿਆ। ਉਹ ਸ਼ਰਾਬ ਦੇ ਨਸ਼ੇ ਵਿਚ ਸੀ ਅਤੇ ਜਦੋਂ ਉਸ ਤੋਂ ਲਾਇਸੈਂਸ ਮੰਗਿਆ ਗਿਆ ਤਾਂ ਉਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿਤਾ। ਇਸ ਤੋਂ ਬਾਅਦ ਉਸ ਨੂੰ ਥਾਣੇ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਸ ਦੌਰਾਨ ਇਹ ਘਟਨਾ ਘਟੀ।