ਮੌਜੂਦਾ ਹਾਲਾਤ ਵਿਚ ਪੰਥਪ੍ਰਸਤ 1920 ਵਰਗਾ ਅਕਾਲੀ ਦਲ ਬਣਾਉਣ : ਪੰਜ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪੰਜ ਪਿਆਰਿਆਂ ਸਤਨਾਮ ਸਿੰਘ ਖੰਡੇਵਾਲ, ਮੇਜਰ ਸਿੰਘ, ਤਰਲੋਕ ਸਿੰਘ, ਸਤਨਾਮ ਸਿੰਘ ਖਾਲਸਾ, ਮੰਗਲ ਸਿੰਘ..........

Singh's talking to journalists

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪੰਜ ਪਿਆਰਿਆਂ ਸਤਨਾਮ ਸਿੰਘ ਖੰਡੇਵਾਲ, ਮੇਜਰ ਸਿੰਘ, ਤਰਲੋਕ ਸਿੰਘ, ਸਤਨਾਮ ਸਿੰਘ ਖਾਲਸਾ, ਮੰਗਲ ਸਿੰਘ ਨੇ ਬੇਅਦਬੀ ਦੇ ਮਾਮਲੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਥਪ੍ਰਸਤ ਆਗੂਆਂ ਦੀ ਅਗਵਾਈ ਹੇਠ 1920 ਵਿਚ ਬਣਾਇਆ ਗਿਆ ਅਕਾਲੀ ਦਲ ਮੁੜ ਲੋੜੀਂਦਾ ਹੈ। ਸਿੱਖ ਕੌਮ ਬਣੇ ਹਲਾਤਾਂ ਨੂੰ ਬੜੇ ਗੋਹ ਨਾਲ ਵੇਖ ਰਹੇ ਹਨ। 

2015 ਨੂੰ ਵਾਪਰੇ ਦੁਖਾਂਤ ਪਿੰਡ ਬੁਰਜ ਜਵਾਹਰ ਕੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਗਈ ਬੇਅਦਬੀ ਦੀ ਅਸਹਿ ਤੇ ਅਕਹਿ ਪੀੜਾਂ ਖ਼ਾਲਸਾ ਪੰਥ ਲਈ ਨਾ ਭੁੱਲਣਯੋਗ ਹੈ। ਗੁਰੂ ਪੰਥ ਦੋਖੀਆਂ ਵਲੋਂ ਸਮੁੱਚੇ ਸਿੱਖ ਪੰਥ ਨੂੰ ਪਾਈ ਗਈ ਵੰਗਾਰ ਇਸ਼ਤਿਹਾਰ ਸ਼ਰੇਆਮ ਲਗਾਏ ਗਏ ਸੀ ਉਸ ਵਕਤ ਦੀ ਅਖੌਤੀ ਹਕੂਮਤ ਜੋ ਉਸ ਪੰਥਕ ਸਰਕਾਰ ਹੋਣ ਦਾ ਦਾਅਵਾ ਕਰਦੀ ਸੀ। ਉਸ ਸਮੇਂ ਉਸ ਨੇ ਕੁੱਝ ਵੀ ਨਾ ਕਰ ਸਕਣਾ ਖ਼ਾਲਸਾ ਪੰਥ ਲਈ ਬੜੀ ਨਮੋਸ਼ੀ ਭਰਿਆ ਸੀ।

ਜੇਕਰ ਉਸ ਸਮੇਂ ਹਕੂਮਤ ਦੀਆਂ ਸਾਰੀਆਂ ਖ਼ੁਫ਼ੀਆ ਏਜੰਸੀਆਂ, ਪੰਜਾਬ ਪੁਲਿਸ ਇਮਾਨਦਾਰੀ ਨਾਲ ਦੋਸ਼ੀ ਲੱਭਣ ਦੀ ਕੋਸ਼ਿਸ਼ ਕਰਦੀ ਤਾਂ 12 ਅਕਤੂਬਰ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀ ਦੁਰਘਟਨਾ ਨੂੰ ਰੋਕਿਆ ਜਾ ਸਕਦਾ ਸੀ ਅਤੇ 12 ਅਕਤੂਬਰ 2015 ਵਾਲੇ ਦਿਨ ਸਿੱਖ ਸੰਗਤਾਂ ਵਲੋਂ ਲਗਾਏ ਗਏ ਸ਼ਾਂਤਮਈ ਧਰਨੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਸਨ ਅਤੇ ਸਮੇਂ ਦੀ ਹਕੂਮਤ ਨੂੰ ਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ ਅਤੇ ਸਖ਼ਤ ਸਜ਼ਾ ਦਿਵਾਉਣ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਲਈ ਸਨ।

ਅਸੀਂ ਬਦਕਿਸਮਤੀ ਸਮਝਦੇ ਹਾਂ ਕਿ ਸਮੇਂ ਦੀ ਹਕੂਮਤ ਨੇ ਪਹਿਲਾਂ 12 ਅਤੇ 13 ਅਕਤੂਬਰ ਦੀ ਰਾਤ ਨੂੰ ਲੱਗਿਆ ਹੋਇਆ ਸ਼ਾਂਤਮਈ ਧਰਨਾ ਜ਼ਬਰਦਸਤੀ ਗ੍ਰਿਫ਼ਤਾਰ ਕਰਕੇ ਖ਼ਤਮ ਕਰਾਉਣ ਦਾ ਕੋਝਾ ਕਾਰਾ ਕੀਤਾ। 14 ਅਕਤੂਬਰ ਨੂੰ ਬਹਿਬਲ ਕਲਾਂ ਅਤੇ ਕੋਟਕਪੁਰਾ ਵਿਖੇ ਸਿੱਖ ਸੰਗਤਾਂ ਉਪਰ ਪੁਲਿਸ ਵਲੋਂ ਢਾਹਿਆ ਗਿਆ ਕਹਿਰ ਜਿਸ ਵਿਚ ਦੋ ਸਿੰਘ ਸ਼ਹੀਦ ਹੋਏ ਅਤੇ ਕਈ ਜ਼ਖ਼ਮੀ ਕੀਤੇ ਗਏ। ਉਸ ਸਮੇਂ ਮੁੱਖ ਮੰਤਰੀ, ਗ੍ਰਹਿ ਮੰਤਰੀ, ਪੁਲਿਸ ਮੁਖੀ ਅਤੇ ਮੁੱਖ ਸਕੱਤਰ ਸੂਬਾ ਸਰਕਾਰ ਦੋਸ਼ੀਆਂ ਦੀ ਕਤਾਰ ਵਿਚ ਖੜੇ ਦਿਖਾਈ ਦਿਤੇ।

ਸਮੇਂ ਦੀ ਹਕੂਮਤ ਨੇ ਸਿੱਖ ਪੰਥ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਅਤੇ ਪੰਥਕ ਵਿਦਰੋਹ ਨੂੰ ਭੜਕਾਉਣ ਲਈ ਬਰਗਾੜੀ ਮਾਮਲੇ ਦੀ ਸਾਰੀ ਪੜਤਾਲ ਕਰਨ ਲਈ ਪਹਿਲਾਂ ਸੀ.ਬੀ.ਆਈ. ਨੂੰ ਦਿਤੀ ਗਈ। ਨਾਲ ਦੇ ਨਾਲ ਦੋ ਸਿੰਘਾਂ ਨੂੰ ਚੁਕ ਕੇ ਤਸ਼ਦਦ ਕੀਤਾ ਅਤੇ ਬਾਅਦ ਵਿਚ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰੀਪੋਰਟ ਲਾਗੂ ਨਹੀਂ ਕੀਤੀ। ਉਪਰੰਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਪੜਤਾਲ ਕਰ ਕੇ ਰੀਪੋਰਟ ਪੇਸ਼ ਕੀਤੀ ਪਰ ਅਕਾਲੀਆਂ ਰੀਪੋਰਟ ਨੂੰ ਪੜ੍ਹੇ ਬਿਨਾਂ ਹੀ ਵਿਰੋਧ ਕਰ ਕੇ ਵਿਧਾਨ ਸਭਾ ਵਿਚੋਂ ਵਾਕ ਆਊਟ ਕੀਤਾ। ਅਖੌਤੀ ਟਕਸਾਲੀ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਬਜਾਏ ਬਾਦਲ ਖ਼ਾਨਦਾਨ ਨੂੰ ਬਰਕਰਾਰ ਰੱਖਣ ਲਈ ਪੁੱਠੇ ਸਿੱਧੇ ਬਿਆਨ ਦੇ ਰਹੇ ਹਨ।