ਮੈਟਰੋ ਕਿਰਪਾਨ ਮਾਮਲਾ: ਸਾਬਕਾ ਜਥੇਦਾਰ ਨੂੰ ਸਫ਼ਰ ਕਰਨ ਤੋਂ ਰੋਕਣਾ ਹਿੰਦੂਤਵੀ ਧਰੁਵੀਕਰਨ ਪ੍ਰਾਜੈਕਟ ਦਾ ਹਿੱਸਾ - ਕੇਂਦਰੀ ਸਿੰਘ ਸਭਾ 

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਕੇਂਦਰੀ ਸਿੰਘ ਸਭਾ ਨਾਲ ਜੁੜੇ ਸਿੱਖ ਬੁੱਧੀਜੀਵੀਆਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ

Kendri Singh Sabha Members

 

ਚੰਡੀਗੜ੍ਹ - ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੂੰ ਦਿੱਲੀ ਮੈਟਰੋਂ ਵਿਚ ਤਿੰਨ-ਫੁੱਟ ਕਿਰਪਾਨ ਨਾਲ ਸਫ਼ਰ ਕਰਨ ਤੋਂ ਰੋਕਣਾ, ਹਿੰਦੂਤਵੀ ਸਫ਼ਬੰਦੀ ਪ੍ਰਾਜੈਕਟ ਦਾ ਹਿੱਸਾ ਹੈ, ਜਿਸ ਦੀ ਸੱਭਿਆਚਾਰਕ-ਧਾਰਮਿਕ ਭਿੰਨਤਾਂ ਦੇ ਹਾਮੀਆਂ ਵੱਲੋਂ ਭਰਪੂਰ ਨਿਖੇਧੀ ਕਰਨੀ ਚਾਹੀਦੀ ਹੈ। ਸਿੱਖਾਂ ਦੀ ਸਤਿਕਾਰਤ ਹਸਤੀ ਸਾਬਕਾ ਜਥੇਦਾਰ ਨੂੰ ਪਹਿਲਾਂ ਕਿਸੇ ਸਮੇਂ ਵੀ ਵੱਡੀ ਕਿਰਪਾਨ ਲੈ ਕੇ ਮੈਟਰੋ ਵਿਚ ਸਫ਼ਰ ਕਰਨ ਤੋਂ ਰੋਕਿਆ ਨਹੀਂ ਸੀ ਪਰ ਕੱਲ੍ਹ ਜਦੋਂ ਉਹ ਤਿਲਕ ਨਗਰ ਸਟੇਸ਼ਨ ਤੋਂ ਮੈਟਰੋ ਵਿਚ ਚੜ੍ਹਨ ਲੱਗੇ ਤਾਂ ਸੁਰੱਖਿਆ ਕਰਮੀਆਂ ਨੇ ਉਹਨਾਂ ਨੂੰ ਰੋਕ ਦਿੱਤਾ।

ਸੁਰੱਖਿਆ ਸਟਾਫ਼ ਹਵਾਈ ਜਹਾਜ ਵਿਚ ਸਫ਼ਰ ਕਰਨ ਵਾਲੀਆਂ ਸ਼ਰਤਾਂ ਗਿਆਨੀ ਕੇਵਲ ਸਿੰਘ ਉੱਪਰ ਲਾਉਂਦੇ ਰਹੇ। ਕੇਂਦਰੀ ਸਿੰਘ ਸਭਾ ਨਾਲ ਜੁੜੇ ਸਿੱਖ ਬੁੱਧੀਜੀਵੀਆਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਸੁਰੱਖਿਆ ਦੇ ਬਹਾਨੇ ਸੱਭਿਆਚਾਰ ਵੰਨ-ਸਵੰਨਤਾ ਨੂੰ ਕੁਚਲ ਕੇ ਇਕਸਾਰਤਾ ਵਾਲਾ ਹਿੰਦੂ ਰਾਸ਼ਟਰਵਾਦੀ ਕਲਚਰ ਖੜ੍ਹਾ ਕਰ ਰਹੀਆਂ ਹਨ। ਅਜਿਹੇ ਹਮਲਿਆਂ ਕਰਕੇ ਘੱਟ ਗਿਣਤੀ ਭਾਈਚਾਰੇ ਆਪਣੇ ਆਪ ਨੂੰ ਅਸੁਰੱਖਿਅਤ ਅਤੇ ਦਬਿਆ ਹੋਇਆ ਮਹਿਸੂਸ ਕਰਦੇ ਹਨ।     

ਬੁੱਧੀਜੀਵੀਆਂ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਘੱਟ ਗਿਣਤੀਆਂ ਦੀ ਸੱਭਿਆਚਾਰਕ ਸੰਵੇਦਨਸ਼ੀਲਤਾ ਨੂੰ ਸਵੀਕਾਰ ਕਰਦਿਆਂ, ਬੇਲੋੜੀਆਂ ਸੁਰੱਖਿਆ ਪਾਬੰਦੀਆਂ ਨੂੰ ਖ਼ਤਮ ਕਰਨ। ਜ਼ਿਕਰਯੋਗ ਹੈ ਕਿ ਭਾਰਤੀ ਸੰਵਿਧਾਨ ਸਿੱਖਾਂ ਅਤੇ ਘੱਟ ਗਿਣਤੀਆਂ ਨੂੰ ਧਾਰਮਿਕ ਆਜ਼ਾਦੀ ਦੇ ਅਧਿਕਾਰ ਦਿੱਤੇ ਹਨ। ਸਿੱਖਾਂ ਨੇ ਲੰਬੀ ਜੱਦੋ-ਜਹਿਦ ਅਤੇ ਕੁਰਬਾਨੀਆਂ ਦੇ ਕੇ ਕਿਰਪਾਨ ਰੱਖਣ ਦਾ ਸੰਵਿਧਾਨਿਕ ਹੱਕ ਪ੍ਰਾਪਤ ਕੀਤਾ ਹੈ ਅਤੇ ਤਖਤਾਂ ਦੇ ਜਥੇਦਾਰਾਂ ਵੱਲੋਂ ਤਿੰਨ-ਫੁੱਟ ਦੀ ਕਿਰਪਾਨ ਰੱਖਣ ਦੀ ਸਰਬ-ਪ੍ਰਵਾਨਤ ਪ੍ਰੰਪਰਾ ਹੈ। 

ਇਹ ਬਿਆਨ ਖੁਸ਼ਹਾਲ ਸਿੰਘ (ਜਨਰਲ ਸਕੱਤਰ) ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਂਸਲ, ਰਾਜਵਿੰਦਰ ਸਿੰਘ ਰਾਹੀ ਅਤੇ ਗੁਰਬਚਨ ਸਿੰਘ (ਸੰਪਾਦਕ ਦੇਸ਼ ਪੰਜਾਬ) ਵੱਲੋਂ ਜਾਰੀ ਕੀਤਾ ਗਿਆ।