Panthak News: ਕੈਬਨਿਟ ਮੰਤਰੀਆਂ ਤੋਂ ਬਾਅਦ ਦੀ ਕੋਰ ਕਮੇਟੀ ਮੈਂਬਰ ਹੋਣਗੇ ਪੇਸ਼?18 ਸਤੰਬਰ ਤੋਂ ਬਾਅਦ ਹੋਵੇਗੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ

ਏਜੰਸੀ

ਪੰਥਕ, ਪੰਥਕ/ਗੁਰਬਾਣੀ

Panthak News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਰਹੇ ਕੋਰ ਕਮੇਟੀ ਦੇ ਮੈਂਬਰਾਂ ਪਾਸੋਂ ਸਪਸ਼ਟੀਕਰਨ ਕਿਉਂ ਨਹੀਂ ਮੰਗਿਆ ਜਾ ਸਕਦਾ।

file photo

 

Panthak News: ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਕਾਲੀ ਦਲ ਨਾਲ ਸਬੰਧਤ ਮਾਮਲੇ ਨੂੰ ਵਿਚਾਰਨ ਲਈ 18 ਸਤੰਬਰ ਨੂੰ ਸ਼ਤਾਬਦੀ ਸਮਾਰੋਹ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦਣ ਜਾ ਰਹੇ ਹਨ।

ਚਰਚਾ ਹੈ ਕਿ ਸਾਬਕਾ ਕੈਬਨਿਟ ਮੰਤਰੀਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ 2007 ਤੋਂ 23 ਜੁਲਾਈ 2024 ਤੱਕ ਜਾ 2007 ਤੋਂ 2017 ਤੱਕ ਰਹੇ ਕੋਰ ਕਮੇਟੀ ਮੈਂਬਰਾਂ ਨੂੰ ਵੀ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣਾ ਪੈ ਸਕਦਾ ਹੈ। ਇਹ ਵੀ ਚਰਚਾ ਹੈ ਕਿ ਜੇਕਰ ਪੰਜ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ)ਨੂੰ ਉੱਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਵੱਜੋਂ ਤਨਖਾਹੀਆ ਕਰਾਰ ਦਿੱਤਾ ਹੈ ਅਤੇ ਉੱਪ ਮੁੱਖ ਮੰਤਰੀ ਦੇ ਸਾਥੀ ਕੈਬਨਿਟ ਮੰਤਰੀਆਂ ਪਾਸੋਂ ਸਪਸ਼ਟੀਕਰਨ ਮੰਗਿਆ ਜਾ ਸਕਦਾ ਹੈ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਰਹੇ ਕੋਰ ਕਮੇਟੀ ਦੇ ਮੈਂਬਰਾਂ ਪਾਸੋਂ ਸਪਸ਼ਟੀਕਰਨ ਕਿਉਂ ਨਹੀਂ ਮੰਗਿਆ ਜਾ ਸਕਦਾ।

ਧਾਰਮਿਕ ਆਗੂਆਂ ਦਾ ਮੰਨਣਾ ਹੈ ਕਿ ਬਹੁਤ ਸਾਰੇ ਮਾਮਲੇ ਜਿਨ੍ਹਾਂ ਵਿਚ ਸੁਖਬੀਰ ਬਾਦਲ ‘ਤੇ ਵਿਰੋਧੀ ਦੋਸ਼ ਲਗਾ ਰਹੇ ਹਨ, ਇਹ ਮਾਮਲੇ ਕੋਰ ਕਮੇਟੀ ਨਾਲ ਸਬੰਧਤ ਹਨ ਅਤੇ ਇਨ੍ਹਾਂ ਨੂੰ ਕੋਰ ਕਮੇਟੀ ਵਿਚ ਕਈ ਵਾਰ ਵਿਚਾਰਿਆ ਗਿਆ ਹੈ। ਇਥੋਂ ਤੱਕ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਹੋਈਆਂ ਗਲਤੀਆਂ ਲਈ ਮਾਫੀ ਮੰਗਣ ਅਤੇ ਪਸ਼ਚਾਤਾਪ ਕਰਨ ਲਈ ਕਈ ਵਾਰ ਕੋਰ ਕਮੇਟੀ ਵਿਚ ਚਰਚਾ ਹੋ ਚੱਕੀ ਹੈ।

ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਅਕਾਲੀ ਆਗੂਆਂ ਨੇ ਪਹਿਲੀ ਜੁਲਾਈ ਨੂੰ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਲਿਖਤੀ ਪੱਤਰ ਦੇ ਕੇ 2007 ਤੋਂ 2017 ਤੱਕ ਅਕਾਲੀ ਸਰਕਾਰ ਦਰਮਿਆਣ ਹਰੇਕ ਗਲਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾ ਕੇ ਆਪ ਵੀ ਇਸ ਵਿਚ ਸ਼ਾਮਲ ਹੋਣ ਦਾ ਕਹਿ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਰਹੂ ਰੀਤਾਂ ਅਨੁਸਾਰ ਕਾਰਵਾਈ ਕਰਨ ਦੀ ਗੁਹਾਰ ਲਗਾਈ ਸੀ, ਪੱਤਰ ਦੇਣ ਵਾਲਿਆਂ ਵਿਚ ਬਹੁਤ ਸਾਰੇ ਕੋਰ ਕਮੇਟੀ ਮੈਂਬਰ ਹਨ।

ਇਹਨਾਂ ਵਿਚ ਜਿੱਥੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਕਰਨੈਲ ਸਿੰਘ ਪੰਜੌਲੀ, ਭਾਈ ਮਨਜੀਤ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਸਿੰਘ ਬਰਾੜ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰਤਾਪ ਸਿੰਘ ਵਡਾਲਾ, ਸਰਵਨ ਸਿੰਘ ਫਲੋਰ ਆਦਿ ਅਕਾਲੀ ਆਗੂ ਸ਼ਾਮਲ ਹਨ।