Panthak News: ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰਾਂ ਨੂੰ ਵੀ ਅਕਾਲ ਤਖ਼ਤ ’ਤੇ ਤਲਬ ਕੀਤੇ ਜਾਣ ਦੀ ਚਰਚਾ
Panthak News: ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ‘ਤਨਖ਼ਾਹੀਆ’ ਕਰਾਰ ਦਿਤਾ ਜਾ ਚੁਕਾ ਹੈ।
Panthak News: ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਕੁੱਝ ਮੈਂਬਰਾਂ ਵਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਅਪਣਾ ਸਪੱਸ਼ਟੀਕਰਨ ਦੇਣ ਦੀ ਚਰਚਾ ਜ਼ੋਰਾਂ ’ਤੇ ਹੈ। ਸੂਤਰਾਂ ਅਨੁਸਾਰ ਸਾਲ 2007 ਤੋਂ ਲੈ ਕੇ 2017 ਤਕ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਰਹੇ ਆਗੂਆਂ ਨੂੰ ਵੀ ਸਪੱਸ਼ਟੀਕਰਨ ਲਈ ਸੱਦਿਆ ਜਾ ਸਕਦਾ ਹੈ।
ਇਸ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੇ ਸਹਿਯੋਗੀ ਰਹੇ ਸੱਤ ਮੰਤਰੀ (ਡਾ. ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਸੁੱਚਾ ਸਿੰਘ ਲੰਗਾਹ, ਮਨਪ੍ਰੀਤ ਸਿੰਘ ਬਾਦਲ, ਸ਼ਰਨਜੀਤ ਸਿੰਘ ਢਿਲੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਗੁਲਜ਼ਾਰ ਸਿੰਘ ਰਣੀਕੇ) ਤੇ ਬਾਗ਼ੀ ਧੜੇ ਦੇ ਆਗੂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਚੁਕੇ ਹਨ।
ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ‘ਤਨਖ਼ਾਹੀਆ’ ਕਰਾਰ ਦਿਤਾ ਜਾ ਚੁਕਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਜਿਹੀ ਵੀ ਚਰਚਾ ਹੈ ਕਿ ਅਕਾਲੀ ਦਲ ਦੇ ਮੌਜੂਦਾ ਸੰਕਟ ’ਤੇ ਵਿਚਾਰ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ 18 ਸਤੰਬਰ ਨੂੰ ਸ਼ਤਾਬਦੀ ਸਮਾਰੋਹ ਤੋਂ ਬਾਅਦ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਮੀਟਿੰਗ ਸੱਦੀ ਜਾ ਸਕਦੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਨੇ ਬੀਤੀ ਪਹਿਲੀ ਜੁਲਾਈ ਨੂੰ ਜਥੇਦਾਰ ਗਿਆਨੀ ਰਘਬੀਰ ਸਿੰਘ ਹੁਰਾਂ ਨਾਲ ਮੁਲਾਕਾਤ ਕਰ ਕੇ 2007 ਤੋਂ 2017 ਤਕ ਦੀ ਹਰ ਗ਼ਲਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਕਰਾਰ ਦੇ ਕੇ ਉਨ੍ਹਾਂ ਵਿਰੁਧ ਲੋੜੀਂਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ।
ਉਨ੍ਹਾਂ ਇਸ ਸਬੰਧੀ ਬਾਕਾਇਦਾ ਲਿਖਤੀ ਪੱਤਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜਥੇਦਾਰ ਨੂੰ ਸੌਂਪਿਆ ਸੀ। ਬਾਗ਼ੀ ਧੜੇ ’ਚ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰਤਾਪ ਸਿੰਘ ਵਡਾਲਾ, ਸਰਵਣ ਸਿੰਘ ਫ਼ਿਲੌਰ, ਸੁਰਜੀਤ ਸਿੰਘ ਰੱਖੜਾ, ਭਾਈ ਮਨਜੀਤ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਕਰਨੈਲ ਸਿੰਘ ਪੰਜੋਲੀ, ਚਰਨਜੀਤ ਸਿੰਘ ਬਰਾੜ, ਗੁਰਪ੍ਰਤਾਪ ਸਿੰਘ ਵਡਾਲਾ ਜਿਹੇ ਲੀਡਰ ਸ਼ਾਮਲ ਹਨ। ਦਰਅਸਲ, ਅਕਾਲੀ ਦਲ ਇਸ ਵੇਲੇ ਅਪਣੇ ਹੁਣ ਤਕ ਦੇ ਸੱਭ ਤੋਂ ਮਾੜੇ ਦੌਰ ’ਚੋਂ ਲੰਘ ਰਿਹਾ ਹੈ।
ਪੰਜਾਬ ’ਚ ਸਾਲ 2015 ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਫਿਰ ਡੇਰਾ ਸਿਰਸਾ ਦੇ ਸੌਦਾ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਿਵਾਉਣ ’ਚ ਉਦੋਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਕੁੱਝ ਸਹਿਯੋਗੀਆਂ ਦੀ ਪ੍ਰਮੁੱਖ ਭੂਮਿਕਾ ਦਾ ਨਤੀਜਾ ਹੁਣ ਇਸ ਪਾਰਟੀ ਨੂੰ ਭੁਗਤਣਾ ਪੈ ਰਿਹਾ ਹੈ। ਇਸ ਕੋਲ ਹੁਣ ਸਿਰਫ਼ ਇਕ ਸੰਸਦ ਮੈਂਬਰ (ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ) ਹੈ ਤੇ ਪੰਜਾਬ ਵਿਧਾਨ ਸਭਾ ’ਚ ਵੀ ਇਸ ਦੀ ਮੌਜੂਦਗੀ ਨਾਮਾਤਰ ਰਹਿ ਗਈ ਹੈ। ਹੁਣ ਜੇ ਇਹ ਆਖ ਲਿਆ ਜਾਵੇ ਕਿ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀ ਹੁਣ ਅਪਣੀ ਹੋਂਦ ਦੀ ਲੜਾਈ ਲੜ ਰਹੇ ਹਨ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।