ਸ਼੍ਰੋਮਣੀ ਕਮੇਟੀ ਮੋਹਨ ਭਾਗਵਤ ਦੀ ਭਗਵਾਂਕਰਨ ਸੋਚ ਦਾ ਡਟ ਕੇ ਵਿਰੋਧ ਕਰੇਗੀ : ਲੌਂਗੋਵਾਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਸਮੁੱਚੇ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ਵਾਲੀ ਬਿਆਨਬਾਜ਼ੀ ਬਰਦਾਸ਼ਤ ਯੋਗ ਨਹੀਂ

Gobind Singh Longowal

ਸੁਨਾਮ ਊਧਮ ਸਿੰਘ ਵਾਲਾ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ਦੇ ਦਿਤੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਬਹੁਕੌਮੀ ਅਤੇ ਬਹੁ ਭਾਸ਼ਾਈ ਮੁਲਕ ਅੰਦਰ ਅਜਿਹਾ ਹੋਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸੰਘ ਮੁਖੀ ਦੀ ਮੁਲਕ ਅੰਦਰ ਭਗਵਾਂਕਰਨ ਲਾਗੂ ਕਰਨ ਦੀ ਸੋਚ ਦਾ ਡੱਟ ਕੇ ਵਿਰੋਧ ਕਰੇਗੀ।

ਉਨ੍ਹਾਂ ਕਿਹਾ ਕਿ ਸਮੁੱਚੇ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ਵਾਲੀ ਬਿਆਨਬਾਜ਼ੀ ਬਰਦਾਸ਼ਤ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਲੜੀ ਲੜਾਈ ਵਿਚ ਮੋਹਰੀ ਹੋ ਕੇ ਹਿੱਸਾ ਪਾਇਆ ਹੈ ਪ੍ਰੰਤੂ ਹੁਣ ਸੰਘ ਮੁਖੀ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ਵਰਗੀਆਂ ਕੋਝੀਆਂ ਚਾਲਾਂ ਚਲ ਰਹੇ ਹਨ। ਇਥੇ ਰੋਟਰੀ ਕਲੱਬ ਦੇ ਪ੍ਰਧਾਨ ਯਸ਼ਪਾਲ ਮੰਗਲਾ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਪੰਥ ਅੰਦਰ ਧਾਰਮਕ ਗ੍ਰੰਥਾਂ ਨੂੰ ਲੈ ਕੇ ਪੈਦਾ ਹੋਈ ਦੁਵਿਧਾ ਖ਼ਤਮ ਕਰਨ ਲਈ ਸਿੱਖ ਵਿਦਵਾਨ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਸਵੈ ਪੜਚੋਲ ਕਰ ਕੇ ਜਲਦੀ ਹੀ ਸਿੱਖ ਸੰਗਤ ਦੇ ਭੁਲੇਖੇ ਦੂਰ ਕਰ ਦੇਣਗੇ। ਇਸ ਮੌਕੇ ਅਸ਼ੋਕ ਮੰਗਲਾ, ਮਨਿੰਦਰ ਸਿੰਘ ਲਖਮੀਰਵਾਲਾ, ਜਥੇਦਾਰ ਉਦੇ ਸਿੰਘ ਲੌਂਗੋਵਾਲ, ਉਪਕਾਰ ਸਿੰਘ ਸਿੰਘਪੁਰਾ, ਸੁਖਜਿੰਦਰ ਸਿੰਘ ਚੱਠਾ ਸਮੇਤ ਹੋਰ ਆਗੂ ਹਾਜ਼ਰ ਸਨ।