ਭਾਈ ਸੁੱਖਾ ਤੇ ਭਾਈ ਜਿੰਦਾ ਦੀ ਬਰਸੀ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਪਹੁੰਚਣ 'ਤੇ ਹੋਇਆ ਬਵਾਲ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਭਾਈ ਚੌੜਾ ਨੇ ਲੌਂਗੋਵਾਲ ਦੀ ਸ਼ਮੂਲੀਅਤ 'ਤੇ ਜਤਾਇਆ ਇਤਰਾਜ਼

Harjinder Singh Jinda and Sukhdev Singh Sukha

ਅੰਮ੍ਰਿਤਸਰ (ਚਰਨਜੀਤ ਸਿੰਘ ਅਰੋੜਾ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਮਨਾਈ ਗਈ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਬਰਸੀ ਮੌਕੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਸਿੱਖ ਆਗੂ ਭਾਈ ਨਰੈਣ ਸਿੰਘ ਚੌੜਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਸਮਾਗਮ ਵਿਚ ਸ਼ਮੂਲੀਅਤ 'ਤੇ ਇਤਰਾਜ਼ ਖੜ੍ਹਾ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਭਾਈ ਲੌਂਗੋਵਾਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤਨਖ਼ਾਹ ਲਗਾਈ ਹੋਈ ਹੈ ਤੇ ਉਨ੍ਹਾਂ ਨੂੰ ਕਿਸੇ ਵੀ ਪੰਥਕ ਸਮਾਗਮ ਵਿਚ ਜਾਣ ਤੋਂ ਮਨ੍ਹਾਂ ਕੀਤਾ ਹੋਇਆ ਹੈ ਪਰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਇਸ ਸਮਾਗਮ ਵਿਚ ਸ਼ਾਮਲ ਹੋਏ ਹਨ। ਇਸ ਦੌਰਾਨ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ ਅਤੇ ਲੌਂਗੋਵਾਲ ਦੀ ਹਮਾਇਤ ਵਿਚ ਉਨ੍ਹਾਂ ਦੇ ਸਾਥੀ ਖੜ੍ਹੇ ਹੋ ਕੇ ਬੋਲਣ ਲੱਗੇ ਕਿ ਉਨ੍ਹਾਂ ਨੂੰ ਪੰਥਕ ਸਮਾਗਮ ਵਿਚ ਜਾਣ ਤੋਂ ਮਨਾਈ ਨਹੀਂ ਕੀਤੀ ਗਈ, 

ਸਿਰਫ਼ ਬੋਲਣ ਤੋਂ ਮਨ੍ਹਾਂ ਕੀਤਾ ਹੋਇਆ ਹੈ। ਇਸ ਮੌਕੇ ਬੋਲਦਿਆਂ ਭਾਈ ਨਰੈਣ ਸਿੰਘ ਚੌੜਾ ਨੇ ਆਖਿਆ ਕਿ ਲੌਂਗੋਵਾਲ ਨੇ ਪੰਥਕ ਸਮਾਗਮ ਵਿਚ ਸ਼ਮੂਲੀਅਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਬਰਕਰਾਰ ਰੱਖਣੀ ਚਾਹੀਦੀ ਹੈ। ਇਸ ਬਰਸੀ ਸਮਾਗਮ ਦੌਰਾਨ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਪਰਿਵਾਰਕ ਮੈਂਬਰਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਕੌਮੀ ਸ਼ਹੀਦ ਭਾਈ ਸੁੱਖਾ ਜਿੰਦਾ ਦੀ ਭੈਣ ਬਲਵਿੰਦਰ ਕੌਰ ਨੇ ਆਖਿਆ ਕਿ ਉਹ ਕੌਮ ਦੇ ਮਹਾਨ ਸ਼ਹੀਦ ਹਨ ਤੇ ਸਾਨੂੰ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਣਾ ਚਾਹੀਦਾ ਹੈ। ਫਿਲਹਾਲ ਭਾਈ ਨਰੈਣ ਸਿੰਘ ਚੌੜਾ ਵੱਲੋਂ ਭਾਈ ਲੌਂਗੋਵਾਲ ਦੀ ਪੰਥਕ ਸਮਾਗਮ ਵਿਚ ਸ਼ਮੂਲੀਅਤ 'ਤੇ ਉਠਾਏ ਇਤਰਾਜ਼ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਮਾਮਲੇ 'ਤੇ ਕੀ ਫ਼ੈਸਲਾ ਸੁਣਾਇਆ ਜਾਵੇਗਾ।