ਪੰਜਾਬ ਦੇ ਪਾਣੀਆਂ ਦੇ ਰਖਵਾਲੇ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਆਦਮ ਕੱਦ ਤਸਵੀਰ ਪੰਜਾਬ ਦੀ ਅਸੈਂਬਲੀ ਵਿਚ ਲਾਈ ਜਾਵੇ : ਭਾਈ ਮੋਹਕਮ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮੁੱਖ ਮੰਤਰੀ ਲਈ ਪੰਜਾਬ ਦੇ ਪਾਣੀਆਂ ਦੀ ਰਖਵਾਲੀ ਇਮਤਿਹਾਨ ਦੀ ਘੜੀ

Bhai Mohkam Singh

ਅੰਮ੍ਰਿਤਸਰ: ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਜ਼ਦੀਕੀ ਸਾਥੀ ਤੇ ਵੱਡੇ ਪੰਥਕ ਆਗੂ ਭਾਈ ਮੋਹਕਮ ਸਿੰਘ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪੰਜਾਬ ਦੇ ਪਾਣੀਆਂ ਦੇ ਰਖਵਾਲੇ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਆਦਮ ਕੱਦ ਤਸਵੀਰ ਪੰਜਾਬ ਦੀ ਅਸੈਂਬਲੀ ਦੀ ਗੈਲਰੀ ਵਿਚ ਲਾਈ ਜਾਵੇ। 

ਉਨ੍ਹਾਂ ਮੁੱਖ ਮੰਤਰੀ ਨੂੰ ਸੰਬੋਧਨ ਕਰਦਿਆਂ ਕਿਹਾ  ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਹੁਣ ਤੁਸੀਂ ਪੰਜਾਬ ਦੀ ਪਹਿਰੇਦਾਰੀ ਕਰਦੇ ਹੋਏ ਅਪਣੀ ਬਲੀ ਦੇ ਕੇ ਵੀ ਪੰਜਾਬ ਦੇ ਪਾਣੀਆਂ ਦੀ ਰਾਖੀ ਕਰੋ। ਇਹ ਤੁਹਾਡੇ ਲਈ ਇਮਤਿਹਾਨ ਦੀ ਘੜੀ ਹੈ । ਉਨ੍ਹਾਂ ਕਿਹਾ ਕਿ ਜਿਹੜੇ ਕਾਂਗਰਸੀ ਤੇ ਬਾਦਲਕੇ ਪਾਣੀਆਂ ਦੇ ਮਸਲੇ ਤੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਇਨ੍ਹਾਂ ਸਿਆਸੀ ਦੋਹਾਂ ਜਮਾਤਾਂ ਨੇ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਅਪਣੇ ਨਿਜੀ ਤੇ ਸਿਆਸੀ ਹਿਤਾਂ ਲਈ ਪੰਜਾਬ ਦੀ ਪਿੱਠ ਵਿਚ ਛੁਰਾ ਮਾਰ ਕੇ ਸ਼ਹੀਦਾਂ ਦੇ ਖ਼ੂਨ ਤੇ ਕੁਰਸੀਆਂ ਡਾਹੀਆਂ ਹਨ। ਜਿਵੇਂ ਸਾਬਕਾ ਮੁੱਖ ਮੰਤਰੀ ਸ. ਦਰਬਾਰਾ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਘੁਰਕੀ ਤੇ ਸੁਪਰੀਮ ਕੋਰਟ ਵਿਚੋਂ ਪੰਜਾਬ ਦੇ ਪਾਣੀਆਂ ਦਾ ਕੇਸ ਵਾਪਸ ਲੈ ਕੇ ਪੰਜਾਬ ਦੀ ਬਰਬਾਦੀ ਦਾ ਮੁੱਢ ਬੰਨ੍ਹਿਆ ਸੀ ਤੇ  ਇਸ ਤੋਂ ਕੇਂਦਰ ਦੀ ਕਾਂਗਰਸ ਸਰਕਾਰ ਨੇ ਕਿਸੇ ਵੀ ਪੰਜਾਬ ਦੇ ਕਾਂਗਰਸੀਆਂ ਨੂੰ ਚੂੰ ਨਹੀਂ ਕਰਨ ਦਿਤੀ। ਇਸ ਤੋਂ ਬਾਅਦ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਸਮੇਂ ਦੇ ਹਰਿਆਣੇ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਤੋਂ ਦੋ ਕਰੋੜ ਰੁਪਏ ਦੇ ਕੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਵਾਏ ਸਨ ਤੇ ਪੰਜਾਬ ਦੇ ਨਾਲ ਗ਼ਦਾਰੀ ਵਜੋਂ ਚੌਧਰੀ ਦੇਵੀ ਲਾਲ ਨੇ ਬਾਦਲਾਂ ਨੂੰ ਹੋਟਲ ਬਣਾਉਣ ਲਈ ਕੌਡੀਆਂ ਦੇ ਭਾਅ ਜ਼ਮੀਨ ਗੁੜਗਾਉਂ ਵਿਚ ਦਿਤੀ ਸੀ ਜਿਥੇ ਅੱਜਕਲ ਬਾਦਲਾਂ ਦਾ ਗੁੜਗਾਉਂ ਵਿਚ ਹੋਟਲ ਸਥਿਤ ਹੈ। ਇਸੇ ਤਰ੍ਹਾਂ ਅਕਾਲੀਆਂ ਨੇ ਰਾਜੀਵ ਲੌਂਗੋਵਾਲ ਸਮਝੌਤੇ ਵਿਚ ਸਤਲੁਜ ਯਮੁਨਾ ਲੰਿਕ ਨਹਿਰ ਕੱਢਣ ਦਾ ਲਿਖਤੀ ਸਮਝੌਤਾ ਕਰ ਕੇ ਪੰਜਾਬ ਨਾਲ ਗ਼ਦਾਰੀ ਕੀਤੀ ਸੀ। 

ਉਨ੍ਹਾਂ ਕਿਹਾ ਅਕਾਲੀ ਤਾਂ ਕਪੂਰੀ ਮੋਰਚੇ ਤੋਂ ਹੱਥ ਖੜੇ ਕਰ ਕੇ ਭੱਜ ਗਏ ਸਨ। ਉਨ੍ਹਾਂ ਕਿਹਾ ਕੋੜਾ ਸੱਚ ਹੈ ਕਿ ਪੰਜਾਬ ਦੇ ਪਾਣੀਆਂ ਦੀ ਲੜਾਈ ਸਿਰਫ਼ ਤੇ ਸਿਰਫ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਦੀ ਧਿਰ ਤੇ ਖਾੜਕੂਆਂ ਨੇ ਹੀ ਲੜੀ ਹੈ ਜਿਸ ਦੀ ਬਦੌਲਤ ਇਹ ਸਤਲੁਜ ਯਮੁਨਾ ਲੰਿਕ ਨਹਿਰ ਅੱਜ ਤਕ ਕੇਂਦਰ ਸਰਕਾਰ ਦੇ ਡੰਡੇ ਦੇ ਬਾਵਜੂਦ ਵੀ ਨਹੀਂ ਬਣ ਸਕੀ। ਬਿਆਨ ਦੇ ਅਖ਼ੀਰ ਵਿਚ ਭਾਈ ਮੋਹਕਮ ਸਿੰਘ ਕਿਹਾ ਕਿ ਜੋ ਕਾਂਗਰਸੀ ਤੇ ਅਕਾਲੀ ਸ਼ਰਤਾਂ ਤਹਿਤ ਬਹਿਸ ਕਰਨ ਲਈ ਕਹਿ ਰਹੇ ਹਨ ਇਹ ਸਿਰਫ਼ ਅਪਣੀਆਂ ਗ਼ਦਾਰੀਆਂ ਨੂੰ ਲੁਕਾਉਣ ਲਈ ਇਹ ਸ਼ਰਤਾਂ ਲਾ ਰਹੇ ਹਨ।