ਮੁੰਬਈ: 15 ਸਾਲ ਲੰਮੀ ਕਾਨੂੰਨੀ ਲੜਾਈ ਮਗਰੋਂ 27 ਸਿੱਖ ਬਰੀ ਕੀਤੇ
ਸੌਦਾ ਸਾਧ ਨੇ ਸਿਆਸੀ ਤਾਕਤ ਦੀ ਵਰਤੋਂ ਕਰ ਕੇ ਸਿਖਾਂ ਵਿਰੁਧ ਕਰਵਾਈ ਸੀ ਪੁਲਿਸ ਕਾਰਵਾਈ ਅਤੇ ਝੂਠਾ ਕੇਸ : ਐਡਵੋਕੇਟ ਸਵੀਨਾ ਬੇਦੀ
ਮੁੰਬਈ,: ਮੁੰਬਈ ਦੀ ਇਕ ਸੈਸ਼ਨ ਅਦਾਲਤ ਨੇ 15 ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਦੰਗਿਆਂ ਦੇ ਦੋਸ਼ ’ਚ ਪੇਸ਼ੀਆਂ ਭੁਗਤ ਰਹੇ 27 ਸਿੱਖ ਵਿਅਕਤੀਆਂ ਨੂੰ ਬਰੀ ਕਰ ਦਿਤਾ ਹੈ| ਮੁਲਜ਼ਮਾਂ ਵਿਰੁਧ ਸਬੂਤਾਂ ਦੀ ਘਾਟ ਨੂੰ ਵੇਖਦੇ ਹੋਏ ਸੈਸ਼ਨ ਕੋਰਟ ਦੇ ਜੱਜ ਯੂ.ਸੀ. ਦੇਸ਼ਮੁਖ ਨੇ ਉਨ੍ਹਾਂ ਨੂੰ ਬਰੀ ਕਰ ਦਿਤਾ|
ਐਡਵੋਕੇਟ ਸਵੀਨਾ ਬੇਦੀ ਸੱਚਰ ਅਨੁਸਾਰ ਇਹ ਮਾਮਲਾ ਜੂਨ 2008 ਦਾ ਹੈ ਜਦੋਂ ਸੌਦਾ ਸਾਧ ਮੁੰਬਈ ਦੇ ਮੁਲੁੰਡ ਸਥਿਤ ਨਿਰਮਲ ਲਾਈਫਸਟਾਈਲ ਮੌਲ ’ਚ ਆਇਆ ਸੀ ਅਤੇ ਕਿਹਾ ਕਿ ਉਹ ਸਿੱਖਾਂ ਦੇ 10ਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਹੈ| ਸੌਦਾ ਸਾਧ ਦੇ ਇਸ ਐਲਾਨ ਦਾ ਉਸ ਸਮੇਂ ਵੱਡੀ ਗਿਣਤੀ ’ਚ ਗੁੱਸੇ ਸਿੱਖ ਨੌਜੁਆਨਾਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ|
ਹਾਲਾਤ ਨੇ ਉਦੋਂ ਘਾਤਕ ਮੋੜ ਲੈ ਲਿਆ ਜਦੋਂ ਸੌਦਾ ਸਾਧ ਦੇ ਨਿੱਜੀ ਬੰਦੂਕਧਾਰੀ ਨੇ ਪ੍ਰਦਰਸ਼ਨਕਾਰੀਆਂ ’ਚੋਂ ਇਕ ਬਲਕਾਰ ਸਿੰਘ ’ਤੇ ਗੋਲੀ ਚਲਾ ਦਿਤੀ ਅਤੇ ਉਸ ਦੀ ਮੌਤ ਹੋ ਗਈ| ਬਲਕਾਰ ਸਿੰਘ ਦੀ ਮੌਤ ਤੋਂ ਨਾਰਾਜ਼ ਸਿੱਖ ਨੌਜੁਆਨਾਂ ਨੇ ਮੁਲੁੰਡ ਥਾਣੇ ਦੇ ਬਾਹਰ ਸ਼ਾਂਤਮਈ ਪ੍ਰਦਰਸ਼ਨ ਸ਼ੁਰੂ ਕਰ ਦਿਤਾ| ਹਾਲਾਂਕਿ ਐਡਵੋਕੇਟ ਸਵੀਨਾ ਅਨੁਸਾਰ ਸੌਦਾ ਸਾਧ ਨੇ ਅਪਣੀ ਸਿਆਸੀ ਤਾਕਤ ਦੀ ਵਰਤੋਂ ਕੀਤੀ ਅਤੇ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਸਿੱਖ ਨੌਜੁਆਨਾਂ ’ਤੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ ’ਤੇ ਅੱਥਰੂ ਗੈਸ ਵੀ ਛੱਡੀ ਸੀ| ਪੁਲਿਸ ਨੇ ਦੰਗੇ ਕਰਨ ਦਾ ਦੋਸ਼ ਲਗਾ ਕੇ 27 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ|
ਹਾਲਾਂਕਿ, ਸਿੰਘ ਸਭਾ ਮੁੰਬਈ ਦਾਦਰ ਵਲੋਂ ਸਮੇਂ ਸਿਰ ਦਖ਼ਲ ਦੇਣ ਸਦਕਾ, ਨੌਜੁਆਨਾਂ ਨੂੰ ਸੱਤ ਦਿਨਾਂ ਦੇ ਅੰਦਰ ਜ਼ਮਾਨਤ ਮਿਲ ਗਈ ਅਤੇ ਉਦੋਂ ਤੋਂ ਹੀ ਉਹ ਅਦਾਲਤੀ ਸੁਣਵਾਈਆਂ ’ਚ ਹਾਜ਼ਰ ਹੋ ਰਹੇ ਸਨ| ਬਲਕਾਰ ਸਿੰਘ ਦਾ ਪ੍ਰਵਾਰ ਹਾਲਾਂਕਿ ਅਜੇ ਵੀ ਸੋਗ ’ਚ ਹੈ ਕਿਉਂਕਿ ਸੌਦਾ ਸਾਧ ਦੇ ਅੰਗ ਰਖਿਅਕਾਂ ਵਿਰੁਧ ਸਬੂਤਾਂ ਦੀ ਘਾਟ ਕਾਰਨ ਕੇਸ ਸਾਬਤ ਨਹੀਂ ਹੋ ਸਕਿਆ|
ਮੁਲਜ਼ਮਾਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਨੂੰ ਸ਼ੁਰੂ ਤੋਂ ਹੀ ਮੁੰਬਈ ਦਾਦਰ ’ਚ ਸਿੰਘ ਸਭਾ ਵਲੋਂ ਪੂਰੀ ਕਾਨੂੰਨੀ ਸਹਾਇਤਾ ਪ੍ਰਾਪਤ ਹੋਈ| ਮੁਲੁੰਡ ਤੋਂ ਚਾਰ ਵਾਰ ਵਿਧਾਇਕ ਰਹੇ ਮਰਹੂਮ ਤਾਰਾ ਸਿੰਘ ਅਤੇ ਐਡਵੋਕੇਟ ਸਵੀਨਾ ਬੇਦੀ ਸੱਚਰ ਵਰਗੇ ਹੋਰਾਂ ਨੇ ਵੀ ਇਸ ਲੰਮੀ ਲੜਾਈ ਦੌਰਾਨ ਨੌਜਵਾਨਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ| ਐਡਵੋਕੇਟ ਸਵੀਨਾ 2019 ਤੋਂ ਮੁਲਜ਼ਮਾਂ ਦੀ ਨੁਮਾਇੰਦਗੀ ਕਰ ਰਹੀ ਹੈ|