Panthak News: ਬੀਬੀ ਜਗੀਰ ਕੌਰ ਤੋਂ ਬਾਅਦ ਐਡਵੋਕੇਟ ਧਾਮੀ ਨੇ ਵੀ ਕੀਤੀ ਸੰਤ ਘੁੰਨਸ ਨਾਲ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Panthak News: ਜਦਕਿ ਸੰਤ ਘੁੰਨਸ ਦਾ ਕਹਿਣਾ ਹੈ ਕਿ ਇਹ ਕੋਈ ਸਿਆਸੀ ਮੁਲਾਕਾਤ ਨਹੀਂ ਸੀ

After Bibi Jagir Kaur, Advocate Dhami also met Sant Ghunnas

 

Panthak News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ 28 ਅਕਤੂਬਰ ਚੋਣ ਤੋਂ ਪਹਿਲਾਂ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਬਰਨਾਲਾ ਜ਼ਿਲ੍ਹੇ ਦੇ ਐਸਜੀਪੀਸੀ ਮੈਂਬਰਾਂ ਜਥੇਦਾਰ ਬਲਦੇਵ ਸਿੰਘ ਚੂੰਘਾਂ ਅਤੇ ਸੰਤ ਬਲਵੀਰ ਸਿੰਘ ਘੁੰਨਸ ਨਾਲ ਮੁਲਾਕਾਤ ਕੀਤੀ ਗਈ ਹੈ ਜੋ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤੋਂ ਪਹਿਲਾਂ ਕਲ ਬੀਬੀ ਜਗੀਰ ਕੌਰ ਨੇ ਵੀ ਸੰਤ ਘੁੰਨਸ ਨਾਲ ਇਕ ‘ਗੁਪਤ ਮੀਟਿੰਗ’ ਕੀਤੀ ਸੀ।

ਭਾਵੇਂ ਦੋਵੇਂ ਐਸਜੀਪੀਸੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ ਅਤੇ ਬਲਵੀਰ ਸਿੰਘ ਘੁੰਨਸ ਇਸ ਮੁਲਾਕਾਤ ਨੂੰ ਪ੍ਰਵਾਰਕ ਮੁਲਾਕਾਤ ਦਸ ਰਹੇ ਹਨ। ਇਸ ਮੁਲਕਾਤ ਸਬੰਧੀ ਜਥੇਦਾਰ ਬਲਦੇਵ ਸਿੰਘ ਚੂੰਘਾਂ ਨੇ ਕਿਹਾ ਕਿ ਉਨ੍ਹਾਂ ਦਾ ਭਾਣਜਾ ਪਿਛਲੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ­ ਜਿਸ ਸਬੰਧੀ ਐਸਜੀਪੀਸੀ ਪ੍ਰਧਾਨ ਧਾਮੀ ਉਨ੍ਹਾਂ ਨੂੰ ਮਿਲਣ ਪੁੱਜੇ ਸਨ।

ਜਦਕਿ ਸੰਤ ਘੁੰਨਸ ਦਾ ਕਹਿਣਾ ਹੈ ਕਿ ਇਹ ਕੋਈ ਸਿਆਸੀ ਮੁਲਾਕਾਤ ਨਹੀਂ ਸੀ। ਉਨ੍ਹਾਂ ਦੇ ਐਸਜੀਪੀਸੀ ਪ੍ਰਧਾਨ ਧਾਮੀ ਨਾਲ ਪ੍ਰਵਾਰਕ ਰਿਸ਼ਤੇ ਹਨ ਜਿਸ ਦੇ ਚਲਦਿਆਂ ਉਹ ਉਨ੍ਹਾਂ ਦੇ ਘਰ ਮਿਲਣ ਆਏ ਸਨ। ਇਸ ਤੋਂ ਪਹਿਲਾਂ ਕਲ ਸੋਮਵਾਰ ਸ਼ਾਮੀਂ ਸ਼੍ਰੋਮਣੀ ਅਕਾਲੀ ਦਲ ’ਚੋਂ ਬਾਗ਼ੀ ਹੋਏ ਬੀਬੀ ਜਗੀਰ ਕੌਰ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਪੰਜਾਬ ਸਰਕਾਰ ਦੇ ਸਾਬਕਾ ਸੰਸਦੀ ਸਕੱਤਰ ਰਹੇ ਸੰਤ ਘੁੰਨਸ ਨਾਲ ਬਰਨਾਲਾ ’ਚ ਇਕ ‘ਗੁਪਤ’ ਮੀਟਿੰਗ ਕੀਤੀ। ਦਰਅਸਲ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਆਉਂਦੀ 28 ਅਕਤੂਬਰ ਨੂੰ ਹੋਣੀ ਤੈਅ ਹੈ, ਇਸੇ ਲਈ ਬੀਬੀ ਜਗੀਰ ਕੌਰ ਤੇ ਸੰਤ ਘੁੰਨਸ ਵਿਚਾਲੇ ਇਸ ਮੁਲਾਕਾਤ ਦਾ ਵੱਡਾ ਧਾਰਮਕ ਤੇ ਸਿਆਸੀ ਮਹੱਤਵ ਹੈ। 

ਸੂਤਰਾਂ ਨੇ ਦਸਿਆ ਕਿ ਬੀਬੀ ਜਗੀਰ ਕੌਰ ਤੇ ਸੰਤ ਘੁੰਨਸ ਵਿਚਾਲੇ ਇਹ ਮੁਲਾਕਾਤ ਕਾਫ਼ੀ ਲੰਮਾ ਸਮਾਂ ਚਲੀ। ਇਹੋ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਬਾਗ਼ੀ ਧੜੇ ਵਲੋਂ ਸੰਤ ਘੁੰਨਸ ਨੂੰ ਮੁੜ ਸ਼੍ਰੋਮਣੀ ਕਮੇਟੀ ਚੋਣਾਂ ਲੜਾਉਣ ਦੀਆਂ ਤਿਆਰੀਆਂ ਚਲ ਰਹੀਆਂ ਹਨ। ਜੇ ਸੰਤ ਘੁੰਨਸ ਪ੍ਰਧਾਨਗੀ ਦੇ ਜਾਂ ਹੋਰ ਕਿਸੇ ਅਹਿਮ ਅਹੁਦੇ ਦੀ ਚੋਣ ਲੜਦੇ ਹਨ, ਤਾਂ ਇਸ ਵਾਰ ਸ਼੍ਰੋਮਣੀ ਕਮੇਟੀ ਦਾ ਚੋਣ ਦ੍ਰਿਸ਼ ਦਿਲਚਸਪ ਹੋ ਸਕਦਾ ਹੈ। ਇਸ ਗੁਪਤ ਮੀਟਿੰਗ ਤੋਂ ਬਾਅਦ ਸਿਆਸੀ ਹਲਕਿਆਂ ’ਚ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਲਗਣੀਆਂ ਅਤੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ।