Panthak News : ਫ਼ਰੈਂਕਫ਼ਰਟ ਵਿਚ ਵਰਲਡ ਸਿੱਖ ਪਾਰਲੀਮੈਂਟ ਦਾ ਪੰਜਵਾਂ ਜਨਰਲ ਇਜਲਾਸ ਸਫ਼ਲਤਾ ਨਾਲ ਸਮਾਪਤ
Panthak News: ਇਜਲਾਸ ਸਿੱਖ ਕੌਮ ਦੀ ਏਕਤਾ, ਸ਼ਕਤੀ ਤੇ ਸਾਂਝੇ ਉਦੇਸ਼ ਦਾ ਇਕ ਸ਼ਕਤੀਸ਼ਾਲੀ ਪ੍ਰਗਟਾਵਾ
The fifth general meeting of the World Sikh Parliament concluded successfully in Frankfurt Panthak News : ਵਰਲਡ ਸਿੱਖ ਪਾਰਲੀਮੈਂਟ ਦੇ ਪੰਜਵੇਂ ਸਾਲਾਨਾ ਜਨਰਲ ਇਜਲਾਸ ਜਰਮਨੀ ਦੇ ਸ਼ਹਿਰ ਫ਼ਰੈਂਕਫ਼ਰਟ ਵਿਚ ਸਫ਼ਲਤਾ ਪੂਰਵਕ ਕਰਵਾਇਆ ਗਿਆ ਜਿਸ ਵਿਚ ਅਮਰੀਕਾ, ਕੈਨੇਡਾ, ਆਸਟਰੇਲੀਆ, ਯੂਰਪ ਭਰ ਅਤੇ ਯੂਕੇ ਤੋਂ ਪਹੁੰਚੇ 100 ਤੋਂ ਜ਼ਿਆਦਾ ਡੈਲੀਗੇਟਾਂ ਨੇ ਵਿਚ ਭਾਗ ਲਿਆ ਅਤੇ ਪੰਥਕ ਮੁੱਦਿਆ ਤੇ ਵਿਚਾਰਾਂ ਕੀਤੀਆਂ ਅਤੇ ਭਵਿੱਖ ਦੇ ਪ੍ਰੋਗਰਾਮ ਉਲੀਕੇ, ਜੋ ਕਿ ਸਿੱਖ ਕੌਮ ਦੀ ਏਕਤਾ, ਸ਼ਕਤੀ ਤੇ ਸਾਂਝੇ ਉਦੇਸ਼ ਦਾ ਇਕ ਪ੍ਰਭਾਵਸ਼ਾਲੀ ਪ੍ਰਗਟਾਵਾ ਸੀ।
4 ਅਕਤੂਬਰ ਨੂੰ ਸ਼ੁਰੂ ਹੋਏ ਸੈਸ਼ਨ ਵਿਚ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਅਤੇ ਆਬਜ਼ਰਵਰਾਂ ਨੇ ਪਿਛਲੇ ਸਾਲ ਵਿਚ ਕੀਤੇ ਕੰਮ ਦੀ ਪੜਚੋਲ ਕੀਤੀ ਅਤੇ ਅਗਲੇ ਸਾਲ ਵਿਚ ਕੀਤੇ ਜਾਣ ਬਾਰੇ ਕੰਮਾਂ ਬਾਰੇ ਵਿਚਾਰਾਂ ਕੀਤੀਆਂ। ਸਾਰੇ ਮੈਂਬਰਾਂ ਨੇ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਅਪਣੇ ਵਿਚਾਰ ਰੱਖੇ ਤੇ ਮਿਲ ਕੇ ਕੀਤੇ ਜਾ ਸਕਣ ਵਾਲੇ ਕੰਮਾਂ ਪ੍ਰਤੀ ਅਪਣੇ ਸੁਝਾਅ ਦਿਤੇ। 12 ਘੰਟੇ ਚੱਲੇ ਇਸ ਸੈਸ਼ਨ ਵਿਚ ਪਾਸ ਕੀਤੇ ਜਾਣ ਵਾਲੇ ਮਤਿਆਂ ਉੱਤੇ ਵਿਚਾਰ ਵਟਾਂਦਰਾ ਵੀ ਹੋਇਆ।
5 ਅਕਤੂਬਰ ਨੂੰ ਖੁਲ੍ਹੇ ਸੈਸ਼ਨ ਵਿਚ ਜਰਮਨੀ ਅਤੇ ਯੂਰਪ ਭਰ ਤੋਂ ਪੰਥ ਦਰਦੀ ਸਿੱਖਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਸੈਸ਼ਨ ਦੀ ਅਰੰਭਤਾ ਭਾਈ ਜਸਵਿੰਦਰ ਸਿੰਘ ਹਾਲੈਂਡ ਵਲੋਂ ਪੰਜ ਮੂਲ ਮੰਤਰ ਦੇ ਜਾਪ ਅਤੇ ਅਮਰੀਕਾ ਤੋਂ ਬੀਬੀ ਬਚਨ ਸਿੰਘ ਵਲੋਂ ਕੀਤੀ ਅਰਦਾਸ ਨਾਲ ਹੋਈ। ਭਾਈ ਗੁਰਚਰਨ ਸਿੰਘ ਗੁਰਾਇਆ ਨੇ ਸਵਾਗਤੀ ਭਾਸ਼ਣ ਦਿਤਾ ਤੇ ਡਾ. ਅਮਰਜੀਤ ਸਿੰਘ ਨੇ ਸਪੀਕਰ ਦੀ ਜ਼ਿੰਮੇਵਾਰੀ ਸੰਭਾਲਦਿਆਂ ਵਰਲਡ ਸਿੱਖ ਪਾਰਲੀਮੈਂਟ ਦੀ ਹੋਂਦ ਦਾ ਮਕਸਦ ਤੇ ਪਾਰਲੀਮੈਂਟ ਦੇ ਕਾਰਜਾਂ ਬਾਰੇ ਜਾਣਕਾਰੀ ਦਿਤੀ।
ਪੰਜਵੇਂ ਸੈਸ਼ਨ ਵਿਚ ਮੌਜੂਦਾ ਸਿੱਖ ਸੰਘਰਸ਼ ਵਿਚ ਡੇਢ ਲੱਖ ਸ਼ਹੀਦਾਂ ਨੂੰ ਯਾਦ ਕਰਦਿਆਂ ਅਤੇ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲਣ ਦਾ ਉਪਰਾਲੇ ਬਾਰੇ ਦਸਿਆ। ਵਰਲਡ ਸਿੱਖ ਪਾਰਲੀਮੈਂਟ ਇਕ ਪਾਰਟੀ ਨਹੀਂ ਬਲਕਿ ਸਿੱਖ ਮਿਸਲਾਂ ਵਾਲਾ ਮਾਡਲ ਹੈ ਅਤੇ ਉਸੇ ਇਤਿਹਾਸ ਤੋਂ ਹੀ ਸੇਧ ਲਈ ਜਾ ਰਹੀ ਹੈ। ਕੋਈ ਇੱਕੱਲੀ ਜਥੇਬੰਦੀ ਪੰਥ ਦੇ ਕਾਰਜ ਨਹੀਂ ਕਰ ਸਕਦੀ ਬਲਕਿ ਸਾਂਝੀ ਅਗਵਾਈ ਹੀ ਮੌਜੂਦਾ ਚੁਣੌਤੀਆਂ ਦਾ ਹੱਲ ਹੈ ਅੱਜ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਭਾਰਤੀ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ ਉਦੋਂ ਤਾਂ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।
ਹੋਮ ਅਤੇ ਅੰਦਰੂਨੀ ਮਾਮਲਿਆ ਬਾਰੇ ਕੌਂਸਲ ਦੇ ਭਾਈ ਗੁਰਪ੍ਰੀਤ ਸਿੰਘ ਵਲੋਂ ਅਪਣੇ ਨਵੇਂ ‘ਮਾਈ ਪਿੰਡ ਪਰਾਜੈਕਟ’ ਬਾਰੇ ਦਸਿਆ ਗਿਆ। ਪੰਜਾਬ ਦੇ ਪਿੰਡਾਂ ਵਿੱਚ ਵਾਤਾਵਰਣ, ਸਿਹਤ, ਅਤੇ ਸਮਾਜੀ ਵਿਸ਼ਿਆਂ ਉੱਤੇ ਕੀਤੀ ਜਾ ਰਹੀ ਖੋਜ ਬਾਰੇ ਜਾਣਕਾਰੀ ਦਿਤੀ। ਇਸ ਮੌਕੇ ਜਰਮਨ ਤੋਂ ਗਰੀਨ ਪਾਰਟੀ ਦੀ ਬੀਬੀ ਮਹਿਵਿਸ਼ ਇਫ਼ਤਿਖਾਰ ਅਤੇ ਡਾ. ਇਰਾਨਬੋਮੀ ਨੇ ਸੰਬੋਧਨ ਕੀਤਾ ਤੇ ਨੌਜਵਾਨਾਂ ਨੂੰ ਜਰਮਨ ਸਿਆਸਤ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਬਾਰੇ ਕਿਹਾ। ਇਸ ਤੋਂ ਬਾਅਦ ਇਕ ਲੰਮਾਂ ਸਵਾਲ ਜਵਾਬ ਸੈਸ਼ਨ ਚਲਿਆ ਜਿਸ ਵਿਚ ਡਾ. ਅਮਰਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਪ੍ਰਭ ਸਿੰਘ, ਡਾ. ਤੇਜਪਾਲ ਸਿੰਘ ਅਤੇ ਜਗਜੀਤ ਸਿੰਘ ਨੇ ਨੌਜਵਾਨਾਂ ਦੇ ਸਵਾਲਾਂ ਦੇ ਜਵਾਬ ਦਿਤੇ ।