ਗੁਰਬਾਣੀ ਵਿਚ ਕਰਾਮਾਤੀ ਸ਼ਕਤੀਆਂ?
ਲੜੀ ਜੋੜਨ ਲਈ ਪਿਛਲਾ ਅੰਕ ਵੇਖੋ
12. ਗੁਰੂ ਅਮਰਦਾਸ ਜੀ (ਕਹਾਣੀ ਮੁਤਾਬਕ) ਗੋਬਿੰਦਵਾਲ ਤੋਂ ਬਾਰਾਂ ਸਾਲ ਤਕ ਨੰਗੇ ਪੈਰੀਂ ਪਾਣੀ ਦੀ ਗਾਗਰ ਲੈ ਕੇ ਆਉਂਦੇ, ਗੁਰੂ ਅੰਗਦ ਸਾਹਿਬ ਨੂੰ ਇਸ਼ਨਾਨ ਕਰਾਉਂਦੇ। ਕਿਸੇ ਕਰਾਮਾਤ ਨਾਲ ਖਡੂਰ ਵਿਚ ਹੀ ਖੂਹ ਪੁੱਟ ਦਿੰਦੇ। ਬਾਰਾਂ ਸਾਲ ਵਾਲੀ ਖੱਜਲ ਖੁਆਰੀ ਨਾ ਹੁੰਦੀ। ਨਾਲੇ ਬਾਕੀ ਸੰਗਤਾਂ ਨੂੰ ਪਾਣੀ ਵਲੋਂ ਸੌਖ ਹੋ ਜਾਣੀ ਸੀ। ਵੈਸੇ ਬਾਬਾ ਅਮਰਦਾਸ ਤਾਂ ਇਕ ਗਾਗਰ ਪਾਣੀ ਲਿਆਉਂਦੇ ਸਨ। ਸਾਰਾ ਖਡੂਰ ਤੇ ਆਉਣ ਵਾਲੀਆਂ ਸੰਗਤਾਂ ਲਈ ਪਾਣੀ ਕਿਥੋਂ ਆਉਂਦਾ ਸੀ? ਉਨ੍ਹਾਂ ਸੱਭ ਦੀਆਂ ਲੋੜਾਂ ਦਾ ਪਾਣੀ ਕਿਸੇ ਕਰਾਮਾਤ ਨਾਲ ਹੀ ਆਉਂਦਾ ਹੋਣੈ, ਹੈ ਨਾ?
13. ਇਕ ਮੁਰਾਰੀ ਨਾਮ ਦਾ ਕੋਹੜੀ ਸੀ। ਸਿੱਖਾਂ ਨੇ ਤਰਸ ਕਰ ਕੇ ਉਸ ਨੂੰ ਗੁਰੂ ਅਮਰਦਾਸ ਕੋਲ ਲਿਆ ਕੇ ਕੋਹੜੀ ਮੁਰਾਰੀ ਦਾ ਰੋਗ ਕੱਟਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਅਪਣੇ ਇਸ਼ਨਾਨ ਵਾਲੇ ਮੈਲੇ ਪਾਣੀ ਨਾਲ ਇਸ਼ਨਾਨ ਕਰਵਾਇਆ, ਤਦੋਂ ਉਹ ਤੰਦਰੁਸਤ ਹੋ ਗਿਆ। ਮੁਰਾਰੀ ਨੂੰ ਬਾਣੀ ਨਹੀਂ ਪੜ੍ਹਾਈ, ਨਾਮ ਸਿਮਰਨ ਨਹੀਂ ਕਰਵਾਇਆ। ਅਪਣੇ ਮੈਲੇ ਪਾਣੀ ਨਾਲ ਨੁਹਾਉਣ ਨਾਲ ਤੰਦਰੁਸਤ ਹੋ ਗਿਆ। ਹੈ ਨਾ ਕਮਾਲ ਦੀ ਕਰਾਮਾਤ?
14. ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਇਕ ਰਾਣੀ ਆਈ। ਰਵਾਇਤ ਮੁਤਾਬਕ ਰਾਣੀ ਨੇ ਘੁੰਡ ਕਢਿਆ ਹੋਇਆ ਸੀ। ਗੁਰੂ ਜੀ ਨੇ ਬੀਬੀਆਂ ਨੂੰ ਘੁੰਡ ਤੋਂ ਮਨਾਹੀ ਕੀਤੀ ਹੋਈ ਸੀ। ਰਾਣੀ ਦਾ ਘੁੰਡ ਵੇਖ ਕੇ ਗੁਰੂ ਜੀ ਨੇ ਸਹਿਜ ਭਾ ਆਖ ਦਿਤਾ ਕਿ ਆਹ ਕਮਲੀ ਦਰਬਾਰ ਵਿਚ ਕੌਣ ਆ ਗਈ ਹੈ? ਏਨਾ ਕਹਿਣ ਨਾਲ ਹੀ ਉਹ ਰਾਣੀ ਕਮਲੀ ਹੋ ਗਈ। ਕਪੜੇ ਪਾੜ ਲਏ, ਵਾਲ ਖੋਲ੍ਹ ਲਏ, ਜੰਗਲ ਵਲ ਦੌੜ ਗਈ। ਗੁਰੂ ਅੱਗੇ ਬੇਨਤੀ ਕੀਤੀ ਗਈ ਕਿ ਰਾਣੀ ਨੂੰ ਠੀਕ ਕਰੋ।
ਗੁਰੂ ਜੀ ਨੇ ਅਪਣੀ ਜੁੱਤੀ ਸਿੱਖ ਨੂੰ ਦਿਤੀ ਕਿ ਇਹ ਜੁੱਤੀ ਰਾਣੀ ਦੇ ਸਿਰ ਵਿਚ ਮਾਰੀ ਜਾਵੇ ਤੰਦਰੁਸਤ ਹੋ ਜਾਵੇਗੀ। ਸਿੱਖ ਨੇ ਇਵੇਂ ਹੀ ਕੀਤਾ। ਜੁੱਤੀਆਂ ਖਾ ਕੇ ਰਾਣੀ ਤੰਦਰੁਸਤ ਹੋ ਗਈ। ਸਿੱਖ ਭਾਈਉ! ਸਾਨੂੰ ਦਸਿਆ ਜਾਂਦਾ ਹੈ ਕਿ ਨਾਮ ਸਿਮਰਨ ਸਾਰੇ ਰੋਗ ਠੀਕ ਕਰਦਾ ਹੈ। ਪਰ ਗੁਰੂ ਅਮਰਦਾਸ ਜੀ ਨੇ (ਸਾਖੀ ਮੁਤਾਬਕ) ਨਾਮ ਸਿਮਰਨ ਨਹੀਂ ਕਰਵਾਇਆ, ਕਰਾਮਾਤ ਨਹੀਂ ਵਰਤਾਈ। ਸਿਰ ਵਿਚ ਜੁੱਤੀਆਂ ਦੀ ਬਰਸਾਤ ਕੀਤੀ। ਬੀਬੀ ਰਾਣੀ ਜੁੱਤੀਆਂ ਦੀ ਮਾਰ ਨਾਲ ਤੰਦਰੁਸਤ ਹੋਈ ਹੋਵੇਗੀ ਜਾਂ ਮਰ ਗਈ ਹੋਵੇਗੀ। ਸੋਚ ਕੇ ਦਸਣਾ।
15. ਗੁਰੂ ਅਮਰਦਾਸ ਦੀ ਹੋਣਹਾਰ ਬੇਟੀ, ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਦੀ ਪਤਨੀ ਬੀਬੀ ਭਾਨੀ ਨੇ ਪਿਤਾ ਗੁਰੂ ਦੀ ਏਨੀ ਸੇਵਾ ਕੀਤੀ ਕਿ ਗੁਰੂ ਜੀ ਨੇ ਪ੍ਰਸੰਨ ਹੋ ਕੇ ਬੀਬੀ ਨੂੰ ਵਰ ਮੰਗਣ ਲਈ ਕਿਹਾ। ਬੀਬੀ ਅਖਣ ਲੱਗੀ ਜੇ ਮਿਹਰਵਾਨ ਹੋਏ ਹੋ ਤਾਂ ਗੁਰਗੱਦੀ ਘਰ ਵਿਚ ਹੀ ਰਹੇ। ਗੁਰੂ ਆਖਣ ਲੱਗੇ ਬੀਬੀ ਅਗਲੀਆਂ ਸੱਤ ਪੀੜ੍ਹੀਆਂ ਗੁਰਗੱਦੀ ਤੁਹਾਡੇ ਘਰ ਵਿਚ ਹੀ ਰਹੇਗੀ ਪਰ ਸੱਤ ਸਿਰ ਵਾਰਨੇ ਪੈਣਗੇ। ਇਸੇ ਕਾਰਨ ਗੁਰੂ ਅਰਜਨ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਤੇ ਚਾਰ ਸਾਹਿਬਜ਼ਾਦੇ ਲੇਖੇ ਲੱਗੇ। ਇਹ ਗੁਰੂ ਅਮਰਦਾਸ ਦੀ ਭਵਿੱਖਬਾਣੀ ਸੀ। ਪੱਥਰ ਦਿਮਾਗ਼ ਵਾਲੇ ਕਥਾਕਾਰੋ! ਕਦੇ ਅਕਲ ਦੀ ਵਰਤੋਂ ਕਰੋਗੇ? ਇਸ ਦਾ ਮਤਲਬ ਕਿ ਕੋਈ ਸਿਮਰਨ ਮੰਤਰ ਜਾਪ ਇਨ੍ਹਾਂ ਸੱਤ ਸ਼ਹੀਦਾਂ ਨੂੰ ਬਚਾਅ ਨਾ ਸਕਿਆ। ਇਹ ਵਰਦਾਨ ਸੀ ਜਾਂ ਸਰਾਪ ਸੀ, ਬੈਠ ਕੇ ਜ਼ਰੂਰ ਸੋਚਿਆ ਕਰੋ।
16. ਗੁਰੂ ਅਰਜਨ ਸਾਹਿਬ ਨੂੰ ਜਹਾਂਗੀਰ ਦੇ ਸਿਪਾਹੀਆਂ ਨੇ ਗ੍ਰਿਫ਼ਤਾਰ ਕਰ ਲਿਆ। ਕਈ ਤਰ੍ਹਾਂ ਦੇ ਇਲਜ਼ਾਮ ਲਗਾਏ। ਤੱਤੀ ਤਵੀ ਤੇ ਬਿਠਾ ਕੇ ਤੜਫ਼ਾਇਆ ਗਿਆ। ਇਸ ਸਮੇਂ ਸਾਈ ਮੀਆਂ ਮੀਰ ਜੀ ਨੇ ਗੁਰੂ ਕੋਲ ਆ ਕੇ ਅਰਜ ਗੁਜ਼ਾਰੀ ਕਿ ਮੈਂ ਹੁਣੇ ਦਿੱਲੀ ਤੇ ਲਹੌਰ ਨੂੰ ਤਬਾਹ ਕਰ ਦਿਆਂਗਾ। ਇੱਟ ਨਾਲ ਇੱਟ ਖੜਕਾ ਦਿਆਂਗਾ। ਗੁਰੂ ਆਖਣ ਲੱਗੇ ਕਰਾਮਾਤ ਨਹੀਂ ਵਰਤਾਉਣੀ ਭਾਣਾ ਮੰਨਣਾ ਹੈ। ਭਾਣਾ ਮੰਨਦੇ ਹੋਏ ਗੁਰੂ ਅਰਜਨ ਸਾਹਿਬ ਸ਼ਹੀਦ ਹੋ ਗਏ।
ਬਾਬਾ ਨਾਨਕ ਨੇ ਖੇਤੀ ਹਰੀ ਕਰ ਦਿਤੀ। ਰੁੱਖ ਦੀ ਛਾਂ ਫਿਰਨ ਤੋਂ ਰੋਕ ਦਿਤੀ। ਸੱਪ ਤੋਂ ਚੇਹਰੇ ਤੇ ਛਾਂ ਕਰਵਾ ਲਈ। ਵਲੀ ਕੰਧਾਰੀ ਵਲੋਂ ਰੋਹੜਿਆ ਪੱਥਰ ਪੰਜਾ ਲਗਾ ਕੇ ਰੋਕ ਦਿਤਾ, ਵਿਚ ਪੰਜਾ ਖੁੱਭ ਗਿਆ। ਕੌੜੇ ਰੀਠੇ ਮਿਠੇ ਕਰ ਦਿਤੇ। ਪੰਜਵੇਂ ਨਾਨਕ ਉਸੇ ਗੱਦੀ ਤੇ ਬਿਰਾਜਮਾਨ ਸਨ। ਬਾਣੀ ਲਿਖ ਸਕਦੇ ਸਨ। ਕਵੀ ਛਾਪ ਨਾਨਕ ਨਾਮ ਵਰਤ ਸਕਦੇ ਸਨ। ਫਿਰ ਬਾਬੇ ਨਾਨਕ ਵਾਂਗ ਕਰਾਮਾਤਾਂ ਕਿਉਂ ਨਹੀਂ ਵਰਤਾ ਸਕਦੇ? ਮਾਮੂਲੀ ਗੱਲਾਂ ਵਿਚ ਕਰਾਮਾਤ ਵਿਖਾ ਦਿਤੀ। ਜਹਾਂਗੀਰ ਦੇ ਜ਼ੁਲਮ ਵਿਰੁਧ ਕਰਾਮਾਤ ਕਿਉਂ ਨਹੀਂ ਵਰਤਾਈ? ਜੰਗ ਤੋਂ ਬਾਦ ਕ੍ਰਿਪਾਨ ਕਿਸ ਕੰਮ? ਅਗਰ ਕਿਸੇ ਪਾਠਕ ਨੂੰ ਇਸ ਗੁੰਝਲ ਦੀ ਸਮਝ ਆ ਜਾਵੇ ਤਾਂ ਮੈਨੂੰ ਜ਼ਰੂਰ ਜਾਣੂ ਕਰਵਾਉਣਾ।
17 ਅਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ ਨੇ ਪੰਜੋਖਰੇ ਪਿੰਡ ਵਿਚ ਠਹਿਰਨ ਸਮੇਂ ਇਕ ਬ੍ਰਾਹਮਣ ਦਾ ਹੰਕਾਰ ਤੋੜਨ ਵਾਸਤੇ ਗੁੰਗੇ ਬੋਲੇ ਛੱਜੂ ਝਿਉਰ ਤੋਂ ਗੀਤਾ ਦੇ ਅਰਥ ਕਰਵਾ ਦਿਤੇ। ਗੋਲੀਆਂ ਵਾਲੇ ਕਪੜੇ ਪਹਿਨ ਕੇ ਬੈਠੀ ਰਾਣੀ ਨੂੰ ਕਰਾਮਾਤੀ ਸੂਝ, ਨਾਲ ਲੱਭ ਲਿਆ ਪਰ ਕਰਾਮਾਤ ਵਰਤ ਕੇ ਔਰੰਗਜ਼ੇਬ ਨੂੰ ਕੀਤੇ ਦੀ ਸਜ਼ਾ ਨਾ ਦਿਤੀ। ਔਰੰਗਜ਼ੇਬ ਦੇ ਹੁਕਮ ਨਾਲ ਗੁਰੂ ਹਰਕ੍ਰਿਸ਼ਨ ਜੀ ਨੂੰ ਸ਼ਰਬਤ ਵਿਚ ਜ਼ਹਿਰੀਲਾ ਪਦਾਰਥ ਮਿਲਾ ਕੇ ਪਿਲਾਇਆ ਗਿਆ ਜਿਸ ਕਾਰਨ ਗੁਰੂ ਜੀ ਜੋਤੀ ਜੋਤ ਸਮਾ ਗਏ (ਸ਼ਹੀਦ ਹੋ ਗਏ)। ਅਪਣੀ ਕਰਾਮਾਤ ਨਾਲ ਔਰੰਗਜ਼ੇਬ ਨੂੰ ਸਿੱਧੇ ਰਾਹ ਨਾ ਪਾਇਆ। ਅਪਣੇ ਆਪ ਨੂੰ ਨਾ ਬਚਾਇਆ। ਨਾਮ ਸਿਮਰਨ ਤੇ ਕਰਾਮਾਤ ਹੋਰ ਸਾਡਾ ਕੀ ਸੰਵਾਰੇਗੀ?
18. ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਆਂਦਾ ਗਿਆ (ਕਹਾਣੀ ਮੁਤਾਬਕ) ਕਿਲ੍ਹੇ ਵਿਚ ਬੰਦ ਕਰ ਦਿਤਾ। ਇਕ ਸੇਵਕ ਨੇ ਗੁਰੂ ਜੀ ਨੂੰ ਗੰਨੇ ਲਿਆ ਕੇ ਦਿਤੇ। ਗੁਰੂ ਜੀ ਨੇ ਗੰਨੇ ਚੂਪ ਲਏ, ਛਿਲਕੇ, ਪਾਸੇ ਸੁਟਦੇ ਗਏ। ਪਹਿਰੇ ਤੇ ਖੜੇ ਇਕ ਸਿਪਾਹੀ ਨੇ ਗੰਨੇ ਦੇ ਛਿਲਕੇ ਚੁੱਕ ਕੇ ਚੂਸ ਲਏ। ਸਿਪਾਹੀ ਅੰਦਰ ਏਨੀ ਸ਼ਕਤੀ ਆ ਗਈ ਕਿ ਉਸ ਨੇ ਗੁਰੂ ਜੀ ਨੂੰ ਕਿਹਾ, ''ਮਹਾਰਾਜ ਮੈਨੂੰ ਇਜਾਜ਼ਤ ਦਿਉ, ਮੈਂ ਹੁਣੇ ਦਿੱਲੀ ਨੂੰ ਤਬਾਹ ਕਰ ਸਕਦਾ ਹਾਂ।'' ਗੁਰੂ ਜੀ ਨੇ ਰੋਕ ਦਿਤਾ। ਪਰਮੇਸ਼ਰ ਦਾ ਭਾਣਾ ਮੰਨਣਾ ਹੈ। ਕਰਾਮਾਤ ਨਹੀਂ ਵਿਖਾਉਣੀ। ਇਥੇ ਵੀ ਕਰਾਮਾਤ ਨਾ ਵਿਖਾਈ। ਔਰੰਗਜ਼ੇਬ ਦਾ ਦਿਮਾਗ਼ ਟਿਕਾਣੇ ਸਿਰ ਲਿਆਉਣ ਲਈ ਹੀ ਸਹੀ ਕਰਾਮਾਤ ਵਰਤ ਲੈਂਦੇ। ਸਾਰੀਆਂ ਕਰਾਮਾਤਾਂ ਵਿਚ ਇਨਸਾਨੀਅਤ ਦਾ ਭਲਾ ਹੁੰਦਾ ਨਹੀਂ ਵਿਖਾਇਆ। ਲੋਕਾਂ ਨੂੰ ਮੂਰਖ ਬਣਾਉਣ ਦੀ ਮਨਸ਼ਾ ਨਾਲ ਸਾਰੀਆਂ ਕਰਾਮਾਤਾਂ ਨੱਥੀ ਕੀਤੀਆਂ ਗਈਆਂ ਹਨ।
19. ਚਮਕੌਰ ਦੀ ਜੰਗ ਵਿਚ ਦੋ ਸਾਹਿਬਜ਼ਾਦੇ ਸ਼ਹੀਦ ਹੋ ਗਏ, ਚਾਲੀ ਸਤਿਕਾਰਯੋਗ ਸਿੱਖ ਯੋਧੇ ਸ਼ਹੀਦ ਹੋ ਗਏ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਸਰਹੰਦ ਵਿਚ ਸ਼ਹੀਦ ਕਰ ਦਿਤੇ। ਇਨ੍ਹਾਂ ਦਰਦਨਾਕ ਘਟਨਾਵਾਂ ਨੂੰ ਰੋਕਣ ਵਾਸਤੇ ਕੋਈ ਕਰਾਮਾਤ ਨਹੀਂ ਵਾਪਰਦੀ। ਜਦੋਂ ਗੁਰੂ ਗੋਬਿੰਦ ਸਿੰਘ ਰਾਏ ਕੋਟ ਦੇ ਜੰਗਲ ਵਿਚ ਪਹੁੰਚੇ ਤਾਂ ਦੁਧ ਪੀਣ ਨੂੰ ਮਨ ਕਰ ਆਇਆ।
ਮੱਝਾਂ ਦੇ ਮਾਲਕ ਨੇ ਇਕ ਫੰਡਰ ਮੱਝ ਹੇਠ ਗੁਰੂ ਜੀ ਨੂੰ ਬਿਠਾ ਦਿਤਾ ਕਿ ਇਸ ਦਾ ਦੁਧ ਚੋ ਲਉ। ਗੁਰੂ ਜੀ ਨੇ ਮੱਝ ਦੇ ਸ੍ਰੀਰ ਤੇ ਹੱਥ ਫੇਰਿਆ ਥਾਪੀ ਦਿਤੀ। ਮੱਝ ਨੇ ਬਾਲਟੀ ਭਰ ਕੇ ਦੁਧ ਦੇ ਦਿਤਾ, ਗੁਰੂ ਜੀ ਨੇ ਭੁੱਖ ਮਿਟਾਈ। ਫਿਰ ਇਕ ਕਰਾਮਾਤੀ ਲੋਟਾ ਗੁਰੂ ਜੀ ਦੇ ਹੱਥ ਲੱਗ ਗਿਆ ਜਿਸ ਵਿਚ ਸੁਰਾਖ ਬਹੁਤ ਸਨ। ਪਾਣੀ ਨਿਕਲ ਜਾਂਦਾ ਸੀ ਪਰ ਦੁੱਧ ਨਹੀਂ ਨਿਕਲਦਾ ਸੀ। ਪੁੱਤਰ ਸਿੱਖ ਤੇ ਮਾਤਾ ਜੀ ਸ਼ਹੀਦ ਹੋ ਗਏ। ਅਨੰਦਪੁਰ ਉਜੜ ਗਿਆ। ਕੋਈ ਕਰਾਮਾਤ ਨਹੀਂ ਵਾਪਰੀ। ਦੁਧ ਵਾਸਤੇ ਫੰਡਰ ਮੱਝ ਹੇਠੋਂ ਦੁਧ ਚੋ ਲਿਆ। ਸੁਰਾਖਾਂ ਵਾਲੇ ਲੋਟੇ ਵਿਚ ਪਾ ਲਿਆ। ਦੁਧ ਡੁੱਲ੍ਹਿਆ ਨਹੀਂ, ਇਥੇ ਕਰਾਮਾਤਾਂ ਵਾਪਰ ਗਈਆਂ।
20. ਇਹ ਸੁਰਾਖਾਂ ਵਾਲਾ ਕਰਾਮਾਤੀ ਲੋਟਾ ਗੁਰੂ ਜੀ ਨੇ ਰਾਏ ਕੱਲੇ ਨੂੰ ਦੇ ਦਿਤਾ। ਰਾਏ ਕੱਲੇ ਦੀ ਸੰਤਾਨ ਨੇ ਇਸ ਲੋਟੇ ਰਾਹੀਂ ਸਿੱਖਾਂ ਨੂੰ ਖ਼ੂਬ ਲੁਟਿਆ ਹੈ। ਵੱਡੇ ਗੁਰਦਵਾਰਿਆਂ ਵਾਲੇ ਵਿਦੇਸ਼ਾਂ ਦੇ ਪ੍ਰਧਾਨਾਂ ਨਾਲ ਪਹਿਲਾਂ ਹਿੱਸਾ ਪੱਤੀ ਸੈੱਟ ਹੁੰਦੀ ਹੈ। ਲੋਕਾਂ ਨੂੰ ਦਰਸ਼ਨ ਕਰਵਾਉਣ ਵਾਸਤੇ ਲੋਟਾ ਸਜਾ ਕੇ ਗੁਰਦਵਾਰੇ ਵਿਚ ਰਖਿਆ ਜਾਂਦਾ ਹੈ। ਲੋਕੀਂ ਵੇਖਾ ਵੇਖੀ ਲੋਟੇ ਅੱਗੇ ਮੱਥਾ ਟੇਕਦੇ ਹਨ, ਡਾਲਰ ਤੇ ਪੌਂਡ ਅਰਪਣ ਕਰਦੇ ਹਨ। ਭਾਈ ਕੱਲ੍ਹੇ ਦੀ ਔਲਾਦ ਨੇ ਸਿੱਖਾਂ ਨੂੰ ਲੁੱਟ ਕੇ ਕਰੋੜਾਂ ਨਹੀਂ, ਅਰਬਾਂ ਰੁਪਏ ਕਮਾ ਲਏ। ਅੱਜ ਉਹ ਪਾਕਿਸਤਾਨ ਵਿਚ ਮੈਂਬਰ ਪਾਰਲੀਮੈਂਟ ਵੀ ਬਣਿਆ ਹੋਇਆ ਹੈ। ਸਿੱਖਾਂ ਨੂੰ ਬਚਾਉਣ ਵਾਸਤੇ ਕੋਈ ਕਰਾਮਾਤ ਨਹੀਂ ਵਾਪਰਦੀ, ਲੁੱਟਣ ਵਾਸਤੇ ਵਾਪਰਦੀ ਹੈ।
21. ਅੰਮ੍ਰਿਤਸਰ ਦੇ ਸਰੋਵਰ ਵਿਚ ਇਸ਼ਨਾਨ ਕਰ ਕੇ ਬੀਬੀ ਰਜਨੀ ਦਾ ਕੋਹੜੀ ਪਤੀ ਤੰਦਰੁਸਤ ਹੋ ਗਿਆ। ਕਾਲੇ ਕਾਂ ਚਿੱਟੇ ਹੋ ਗਏ। ਸ਼ਾਇਦ ਹੰਸ ਬਣ ਕੇ ਵੀ ਉਡ ਗਏ ਹੋਣ ਪਰ ਸ਼੍ਰੋਮਣੀ ਕਮੇਟੀ ਤੇ ਕਾਬਜ਼ ਧਿਰ ਦੀ ਬੁੱਧੀ ਸ਼ੁੱਧ ਨਾ ਹੋਈ। ਗੁਰੂ ਕੀ ਗੋਲਕ ਨੂੰ ਨਿਰਲੱਜਤਾ ਨਾਲ ਲੁੱਟ ਕੇ ਖਾ ਰਹੇ ਹਨ। ਸਰੋਵਰ ਤੇ ਗੁਰਬਾਣੀ ਦੀ ਸ਼ਕਤੀ ਨੇ, ਟਕਸਾਲੀ ਗੁੰਡਿਆਂ ਨੂੰ (1978 ਤੋਂ) ਦਰਬਾਰ ਸਾਹਿਬ ਦੇ ਸਥਾਨ ਵਿਚ ਦੁਸ਼ਟ ਕਰਮ ਕਰਨੋਂ ਨਾ ਰੋਕਿਆ। ਰਜਨੀ ਦੇ ਪਤੀ ਦਾ (ਕਹਾਣੀ ਅਨੁਸਾਰ) ਕੋਹੜਾ ਦੂਰ ਹੋ ਗਿਆ ਪਰ ਆਚਰਣ ਦੇ ਕੋਹੜੀ, ਅਕਲ ਦੇ ਕੋਹੜੀ ਅੱਜ ਤਕ ਦਰਬਾਰ ਸਾਹਿਬ ਵਿਚ ਮੌਜੂਦ ਹਨ। ਇਹ ਕਿਹੜੀ ਕਰਾਮਾਤ ਨਾਲ ਕੱਢੇ ਜਾ ਸਕਣਗੇ?
22. ਮਹਿਤੇ ਵਾਲੀ ਟਕਸਾਲ ਦਾ ਮਰ ਚੁਕਿਆ ਇਕ ਮੁਖੀ (1930 ਤੋਂ 1969) ਗਿਆਨੀ ਗੁਰਬਚਨ ਸਿੰਘ ਇਹਨਾਂ ਦੀਆਂ ਲਿਖਤਾਂ ਮੁਤਾਬਕ ਬਹੁਤ ਸਿਮਰਨ ਕਰਦਾ ਸੀ। ਪਾਣੀ ਵਿਚ ਖਲੋਕੇ ਭੋਰਿਆਂ ਵਿਚ ਵੜ ਕੇ ਭਗਤੀ ਕਰਦਾ ਸੀ। ਗੁਰਬਚਨ ਸਿੰਘ ਟਕਸਾਲੀ ਸਾਧ ਤੇਰਾਂ ਸਾਲ ਮੰਜੇ ਵਿਚ ਪਿਆ ਅੱਡੀਆਂ ਰਗੜਦਾ ਰਿਹਾ, ਦੁਖ ਨਾਲ ਵਿਲਕਦਾ ਰਿਹਾ, ਪੂਰੇ ਤੇਰਾਂ ਸਾਲ। ਉਸ ਦੇ ਨਾਮ ਸਿਮਰਨ ਨੇ ਉਸ ਦਾ ਕੋਈ ਭਲਾ ਨਾ ਕੀਤਾ ਰੋਗ ਨਾ ਕਟਿਆ। ਜਿਨ੍ਹਾਂ ਕਰਮਾਤਾਂ ਦੀਆਂ ਇਹ ਲੋਕਾਂ ਛੜਾਂ ਮਾਰਦੇ ਹਨ, ਗੁਰਬਚਨ ਸਿੰਘ ਦੀ ਮਦਦ ਵਾਸਤੇ ਕੋਈ ਕਰਾਮਾਤ ਨਹੀਂ ਵਾਪਰੀ। ਤੇਰਾਂ ਸਾਲ ਮੰਜੇ ਵਿਚ ਪਿਆ ਦੁੱਖ ਭੋਗਦਾ ਰਿਹਾ।
25. ਮਹਿਤਾ ਚੌਕ ਵਾਲੀ ਟਕਸਾਲ ਨੇ ਪਹਿਲਾਂ ਅਪਣੀ ਟਕਸਾਲ ਭਾਈ ਮਨੀ ਸਿੰਘ ਤੋਂ ਚੱਲੀ ਲਿਖਿਆ। ਜਦੋਂ 1969 ਵਿਚ ਭਿੰਡਰਾਂ ਪਿੰਡ ਵਾਲੇ (ਜਿਥੇ ਇਨ੍ਹਾਂ ਦਾ ਪਹਿਲਾਂ ਡੇਰਾ ਸੀ) ਗਿਆਨੀ ਮੋਹਣ ਸਿੰਘ ਨਾਲ ਗੱਦੀ ਦਾ ਝਗੜਾ ਪੈ ਗਿਆ। ਮੋਹਣ ਸਿੰਘ ਨੇ ਡੇਰੇ ਦੀ ਗੋਲਕ ਤੇ ਜਾਇਦਾਦ ਤੇ ਕਬਜ਼ਾ ਕਰ ਲਿਆ। ਦੂਜਾ ਗੱਦੀ ਦਾ ਦਾਅਵੇਦਾਰ ਗਿਆਨੀ ਕਰਤਾਰ ਸਿੰਘ ਸੱਭ ਕੁੱਝ ਛੱਡ ਕੇ ਮਹਿਤੇ ਚੌਕ ਪਹੁੰਚ ਗਿਆ। ਉਥੇ ਨਵੇਂ ਸਿਰੇ ਤੋਂ ਡੇਰਾ ਬਣਾ ਲਿਆ। ਭਾਈ ਮਨੀ ਸਿੰਘ (ਗਿਆਨੀ ਗਿਆਨ ਸਿੰਘ ਦੀ ਲਿਖਤ ਅਨੁਸਾਰ) ਸੇਰੋਂ ਪਿੰਡ ਦਾ ਵਸਨੀਕ ਸੀ, ਜੋ ਮਾਲਵੇ ਵਿਚ ਹੈ।
ਇਸ ਤੋਂ ਪਾਸਾ ਵੱਟ ਕੇ ਮਾਝੇ ਵਿਚੋਂ ਭਾਈ ਦੀਪ ਸਿੰਘ ਨੂੰ ਅਪਣੀ ਟਕਸਾਲ ਦਾ ਪਹਿਲਾ ਮੁਖੀ ਲਿਖਣਾ ਤੇ ਬੋਲਣਾ ਸ਼ੁਰੂ ਕਰ ਦਿਤਾ। ਇਨ੍ਹਾਂ ਦੀਆਂ ਪੁਰਾਣੀਆਂ ਕਿਤਾਬਾਂ ਮੇਰੇ ਕੋਲ ਮੌਜੂਦ ਹਨ। ਉਂਜ ਗੁਰੂ ਸਾਹਿਬ ਨੇ ਕੋਈ ਡੇਰਾ ਜਾਂ ਟਕਸਾਲ ਨਹੀਂ ਚਲਾਈ, ਇਹ ਟਕਸਾਲੀਆਂ ਦਾ ਨਿਰੋਲ ਕੁਫ਼ਰ ਹੈ। ਫਿਰ ਬਾਬਾ ਦੀਪ ਸਿੰਘ ਜੀ ਨੂੰ ਸੀਸ ਤਲੀ ਤੇ ਟਿਕਾ ਕੇ ਲੜਨ ਵਾਲਾ ਯੋਧਾ ਪ੍ਰਚਾਰਿਆ ਗਿਆ। ਅਪਣੇ ਮੁਖੀ (ਮਿੱਥ) ਨੂੰ ਏਨਾ ਉਭਾਰਨਾ ਕੀ ਹੋਰ ਸਾਰੇ ਸ਼ਹੀਦਾਂ ਦਾ ਇਉ ਟਕਸਾਲ ਵਾਲੇ ਅਪਮਾਨ ਨਹੀਂ ਕਰ ਰਹੇ? ਸੀਸ ਤਲੀ ਤੇ ਟਿਕਾਉਣ ਵਾਲੀ ਇਕ ਕਰਾਮਾਤ ਵਾਪਰੀ ਹੋਰ ਕਿਉਂ ਨਹੀਂ?
ਇਥੇ ਇਹ ਸਿੱਧ ਹੁੰਦਾ ਹੈ ਕਿ ਸਿੱਖ ਧਰਮ ਵਿਚ ਕਰਾਮਾਤ ਸਿਰਫ਼ ਸਾਧ ਲਾਣੇ ਨੇ ਅਪਣੇ ਫਾਈਦੇ ਲਈ ਝੂਠੀਆਂ ਸਾਖੀਆਂ ਰਾਹੀਂ ਵਾੜਿਆ ਹੈ। ਸਾਡੇ ਗੁਰੂ ਸਾਹਿਬਾਨ ਨੇ ਕੋਈ ਕਰਾਮਾਤ ਨਹੀਂ ਵਿਖਾਈ।
ਸੰਪਰਕ : 98551-51699
ਪ੍ਰੋ. ਇੰਦਰ ਸਿੰਘ ਘੱਗਾ