ਅਦਾਲਤ ਨੇ ਜੀ ਕੇ ਵਿਰੁਧ ਐਫ਼ਆਈਆਰ ਦਰਜ ਕਰਨ ਦੇ ਫ਼ੈਸਲੇ ਨੂੰ ਬਹਾਲ ਰਖਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵਿਦੇਸ਼ੀ ਚੜ੍ਹਾਵੇ ਦੀ ਦੁਰਵਰਤੋਂ ਤੇ ਕਿਤਾਬਾਂ ਦੀ ਛਪਾਈ ਕਰਵਾਏ ਬਿਨਾਂ ਫ਼ਰਜ਼ੀ ਬਿਲਾਂ ਦੇ ਲੱਖਾਂ ਦੇ ਭੁਗਤਾਨ ਕਰਨ ਦੇ ਦੋਸ਼ਾਂ ਵਿਚ ਘਿਰੇ ਹੋਏ......

Gurmeet Singh Shunty

ਨਵੀਂ ਦਿੱਲੀ : ਵਿਦੇਸ਼ੀ ਚੜ੍ਹਾਵੇ ਦੀ ਦੁਰਵਰਤੋਂ ਤੇ ਕਿਤਾਬਾਂ ਦੀ ਛਪਾਈ ਕਰਵਾਏ ਬਿਨਾਂ ਫ਼ਰਜ਼ੀ ਬਿਲਾਂ ਦੇ ਲੱਖਾਂ ਦੇ ਭੁਗਤਾਨ ਕਰਨ ਦੇ ਦੋਸ਼ਾਂ ਵਿਚ ਘਿਰੇ ਹੋਏ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੂੰ ਵੱਡਾ ਝਟਕਾ ਦਿੰਦਿਆਂ ਅੱਜ ਪਟਿਆਲਾ ਹਾਊਸ ਸੈਸ਼ਨ ਅਦਾਲਤ ਨੇ ਮੈਟਰੋਪੋਲੀਟੇਨ ਮੈਜਿਸਟ੍ਰੇਟ ਵਲੋਂ ਪੁਲਿਸ ਨੂੰ ਜੀ ਕੇ ਤੇ ਹੋਰਨਾਂ ਵਿਰੁਧ ਐਫ਼ਆਈਆਰ ਦਰਜ ਕਰਨ ਦੇ ਦਿਤੇ ਗਏ ਫ਼ੈਸਲੇ ਨੂੰ ਕਾਇਮ ਰੱਖਦਿਆਂ ਜੀ ਕੇ ਤੇ ਹੋਰਨਾਂ ਦੀ ਨਜ਼ਰਸਾਨੀ ਪਟੀਸ਼ਨ ਨੂੰ ਰੱਦ ਕਰ ਦਿਤਾ ਹੈ।

ਜੀਕੇ ਧਿਰ ਵਲੋਂ ਇਸ ਫ਼ੈਸਲੇ ਨੂੰ ਕਲ ਹਾਈ ਕੋਰਟ ਵਿਚ ਚੁਨੌਤੀ ਦਿਤੀ ਜਾ ਸਕਦੀ ਹੈ। 10 ਤਰੀਕ ਨੂੰ ਮੈਟਰੋਪੋਲੀਟੇਨ ਮੈਜਿਸਟ੍ਰੇਟ ਦੀ ਅਦਾਲਤ ਵਿਚ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ। ਵਧੀਕ ਸੈਸ਼ਨ ਜੱਜ ਸਤੀਸ਼ ਕੁਮਾਰ ਅਰੋੜਾ ਨੇ ਅੱਜ ਅਪਣੇ ਫ਼ੈਸਲੇ ਵਿਚ ਕਿਹਾ ਮੈਟਰੋਪੋਲੀਟੇਨ ਮੈਜਿਸਟ੍ਰੇਟ ਵਿਜੇਤਾ ਸਿੰਘ ਰਾਵਤ ਵਲੋਂ ਮਨਜੀਤ ਸਿੰਘ ਜੀਕੇ, ਜਾਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਤੇ ਬਰਖ਼ਾਸਤ ਜਨਰਲ ਮੈਨੇਜਰ ਸ.ਹਰਜੀਤ ਸਿੰਘ ਸੂਬੇਦਾਰ ਵਿਰੁਧ ਪੇਸ਼ ਹੋਏ ਰੀਕਾਰਡ ਨੂੰ ਵੇਖ ਕੇ, ਅਪਰਾਧਕ ਸਾਜ਼ਸ਼, ਗੁਰਦਵਾਰਾ ਫ਼ੰਡਾਂ ਨੂੰ ਖ਼ੁਰਦ ਬੁਰਦ ਕਰਨ ਤੇ ਹੋਰ ਆਰਥਕ ਬੇਨਿਯਮੀਆਂ ਦੀ ਪੜਤਾਲ ਵਾਸਤੇ ਨਾਰਥ ਐਵੇਨਿਊ ਥਾਣੇ ਦੀ ਪੁਲਿਸ ਨੂੰ

ਇਨ੍ਹਾਂ ਤਿੰਨਾਂ ਵਿਰੁਧ ਐਫ਼ਆਈਆਰ ਦਰਜ ਕਰ ਕੇ, ਹੋਰ ਪੜਤਾਲ ਕਰਨ ਬਾਰੇ ਦਿਤਾ ਗਿਆ ਫ਼ੈਸਲਾ ਕਾਨੂੰਨੀ ਹੈ ਤੇ ਉਹ ਬਹਾਲ ਕੀਤਾ ਜਾਂਦਾ ਹੈ। ਵਧੀਕ ਸੈਸ਼ਨ ਜੱਜ ਨੇ ਅਪਣੇ ਫ਼ੈਸਲੇ ਵਿਚ ਸਪਸ਼ਟ ਕੀਤਾ ਹੈ ਕਿ ਤਿੰਨੇ ਅਖੌਤੀ ਦੋਸ਼ੀਆਂ ਬਾਰੇ ਸ਼ਿਕਾਇਤ ਵਿਚ ਲਾਏ ਗਏ ਦੋਸ਼ ਕਿ ਕੈਨੇਡਾ ਤੋਂ ਦਿੱਲੀ ਕਮੇਟੀ ਦੇ ਐਕਸਿਸ ਬੈਂਕ ਦੇ ਖਾਤੇ ਵਿਚ 30 ਜੂਨ 2016 ਨੂੰ ਦਾਨ ਵਜੋਂ ਆਏ  1 ਲੱਖ ਕੈਨੇਡੀਅਨ ਡਾਲਰ (ਜਿਸ ਦੀ ਭਾਰਤੀ ਰਕਮ 51 ਲੱਖ, 5 ਹਜ਼ਾਰ 773 ਰੁਪਏ ਬਣਦੀ ਹੈ), ਨੂੰ ਅਖੌਤੀ ਤੌਰ 'ਤੇ ਖ਼ੁਰਦ ਬੁਰਦ ਕੀਤਾ ਗਿਆ

ਤੇ ਇਸੇ ਤਰੀਕ ਨੂੰ ਇੰਨੀ ਹੀ ਰਕਮ ਦਿੱਲੀ ਕਮੇਟੀ ਦੇ ਖ਼ਜ਼ਾਨੇ ਵਿਚੋਂ ਕੱਢ ਕੇ, ਅਖੌਤੀ ਤੌਰ 'ਤੇ ਖ਼ੁਰਦ ਬੁਰਤ ਕਰ ਦਿਤੀ ਗਈ, ਉਤੋਂ ਫ਼ਰਜ਼ੀ ਰਸੀਦ ਦੇ ਸਹਾਰੇ ਇਹ ਸਾਬਤ ਕੀਤਾ ਗਿਆ ਹੈ ਕਿ ਕਮੇਟੀ ਦੇ ਖ਼ਜ਼ਾਨੇ ਵਿਚੋਂ ਲਈ ਗਈ ਇਹ ਰਕਮ ਦਿੱਲੀ ਕਮੇਟੀ ਦੇ ਐਕਸਿਸ ਬੈਂਕ, ਪੰਜਾਬੀ ਬਾਗ਼ ਦੇ ਖਾਤੇ ਵਿਚ ਜਮ੍ਹਾਂ ਕਰਵਾਈ ਗਈ ਸੀ ਪਰ ਬੈਂਕ ਦੇ ਰੀਕਾਰਡ ਵਿਚ ਉਹ ਜਮ੍ਹਾਂ ਹੀ ਨਹੀਂ ਕਰਵਾਈ ਗਈ।

ਜੋ ਅਪਰਾਧਕ ਸਾਜ਼ਸ਼ ਦਾ ਮਾਮਲਾ ਬਣਦਾ ਹੈ, ਇਨ੍ਹਾਂ ਦੀ ਹੋਰ ਪੜਤਾਲ ਲਈ ਤਿੰਨਾਂ ਬਾਰੇ ਐਫ਼ਆਈਆਰ ਦਰਜ ਕਰਨ ਦਾ ਫ਼ੈਸਲਾ ਠੀਕ ਹੈ। ਅੱਜ ਸ.ਸ਼ੰਟੀ ਦੇ ਵਕੀਲ ਰਜਿੰਦਰ ਛਾਬੜਾ ਨੇ ਦਸਿਆ, ਮਨਜੀਤ ਸਿੰਘ ਜੀ ਕੇ ਧਿਰ ਵਲੋਂ ਅਦਾਲਤ ਨੂੰ ਬੇਨਤੀ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਇਕ ਹਫ਼ਤੇ ਦੀ ਮੋਹਲਤ ਦਿਤੀ ਜਾਵੇ ਤੇ ਐਫਆਈਆਰ ਦਰਜ ਨਾ ਕੀਤੀ ਜਾਵੇ,  ਤਾ ਕਿ ਇਸ ਫ਼ੈਸਲੇ ਵਿਰੁਧ ਹਾਈਕੋਰਟ ਜਾ ਸਕਣ, ਪਰ ਅਦਾਲਤ ਨੇ ਮੰਗ ਪ੍ਰਵਾਨ ਨਹੀਂ ਕੀਤੀ।

ਭ੍ਰਿਸ਼ਟਾਚਾਰ ਵਿਰੁਧ ਸਾਡੀ ਜੰਗ ਜਾਰੀ ਰਹੇਗੀ : ਸ਼ੰਟੀ

ਅਦਾਲਤ ਵਲੋਂ ਮਨਜੀਤ ਸਿੰਘ ਜੀ ਕੇ ਵਿਰੁਧ ਐਫ਼ਆਈਆਰ ਦਰਜ ਕਰਨ ਬਾਰੇ ਹੁਕਮ ਕਾਇਮ ਰੱਖਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਪਟੀਸ਼ਨਰ ਸ.ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿਰੁਧ ਸਾਡੀ ਜੰਗ ਜਾਰੀ ਰਹੇਗੀ।