ਪੰਜਾਬ ਤੋਂ ਬਾਹਰ ਵਸਦੇ ਸਿੱਖਾਂ 'ਚ ਵੀ ਏਕਾ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਉੜੀਸਾ ਦੇ ਜਗਨਨਾਥ ਪੁਰੀ ਦੇ ਪ੍ਰਬੰਧਕ ਭਾਈ ਜਗਜੀਤ ਸਿੰਘ ਨੂੰ ਇਸ ਗੱਲ ਦਾ ਗਿਲਾ ਹੈ.....

Bhai Jagjit Singh

ਅੰਮ੍ਰਿਤਸਰ/ਤਰਨ ਤਾਰਨ  : ਉੜੀਸਾ ਦੇ ਜਗਨਨਾਥ ਪੁਰੀ ਦੇ ਪ੍ਰਬੰਧਕ ਭਾਈ ਜਗਜੀਤ ਸਿੰਘ ਨੂੰ ਇਸ ਗੱਲ ਦਾ ਗਿਲਾ ਹੈ ਕਿ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਵਿਚ ਵੀ ਏਕਾ ਨਹੀਂ ਹੈ ਜਿਸ ਕਾਰਨ ਇਤਿਹਾਸਕ ਗੁਰਦਵਾਰਾ ਸਾਹਿਬਾਨ ਦਾ ਪ੍ਰਬੰਧ ਲੈਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਇਥੇ ਸਪੋਕਸਮੇਨ ਟੀਵੀ ਨਾਲ ਗੱਲ ਕਰਦਿਆਂ ਭਾਈ ਜਗਜੀਤ ਸਿੰਘ ਨੇ ਦਸਿਆ ਕਿ ਉੜੀਸਾ ਵਿਚ ਕਰੀਬ 42 ਗੁਰਦਵਾਰਾ ਸਾਹਿਬਾਨ ਹਨ ਤੇ ਸਿੱਖਾਂ ਦੀ ਗਿਣਤੀ ਵੀ ਨਾਮਾਤਰ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਦੁੱਖ ਹੈ ਕਿ ਪੰਥ ਨੇ ਉੜੀਸਾ ਦੇ ਗੁਰਧਾਮਾਂ ਦੀ ਸਾਂਭ ਸੰਭਾਲ ਵਿਚ ਅਣਦੇਖੀ ਵਰਤੀ।

ਉੜੀਸਾ ਦੇ ਸਿੱਖਾਂ ਦੀ ਮਾਨਸਿਕਤਾ ਦੀ ਗੱਲ ਕਰਦਿਆਂ ਭਾਈ ਜਗਜੀਤ ਸਿੰਘ ਨੇ ਦਸਿਆ ਕਿ ਭੁਵਨੇਸ਼ਵਰ ਅਤੇ ਕਟਕ ਵਿਚ ਕਰੀਬ 600 ਸਿੱਖ ਹਨ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਇਹ ਸਾਰੇ ਆਪਸ ਵਿਚ ਧੜਿਆਂ ਵਿਚ ਵੰਡੇ ਹੋਏ ਹਨ। ਜਗਨਨਾਥ ਪੁਰੀ ਬਾਰੇ ਗੱਲ ਕਰਦਿਆਂ ਭਾਈ ਜਗਜੀਤ ਸਿੰਘ ਨੇ ਦਸਿਆ ਕਿ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਬਾਉਲੀ ਸਾਹਿਬ ਹੈ ਤੇ ਉਸ ਨਾਲ ਹੀ ਜਗਨਨਾਥ ਦਾ ਮੰਦਰ ਵੀ ਹੈ। ਸਥਾਨਕ ਲੋਕ ਬਾਉਲੀ ਸਾਹਿਬ ਨੂੰ ਬਾਉਲੀ ਮੱਠ ਦੇ ਨਾਮ ਨਾਲ ਜਾਣਦੇ ਹਨ। ਬਾਉਲੀ ਦੇ ਨੇੜੇ ਹੀ ਬਾਬਾ ਸ੍ਰੀ ਚੰਦ ਦਾ ਇਕ ਡੇਰਾ ਵੀ ਹੈ।

ਇਸ ਇਲਾਕੇ ਵਿਚ ਸਿੱਖ ਘੱਟ ਹੀ ਆਉਂਦੇ ਸਨ ਜਿਸ ਕਾਰਨ ਇਹ ਸਥਾਨ ਬੇਰੋਣਕਾ ਸੀ। ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿਨ ਮਨਾਉਣ ਬਾਰੇ ਸਿੱਖ ਜਥੇਬੰਦੀਆਂ ਦੀ ਪਹਿਲ ਬਾਰੇ ਪੁਛੇ ਇਕ ਸਵਾਲ ਦੇ ਜਵਾਬ ਵਿਚ ਭਾਈ ਜਗਜੀਤ ਸਿੰਘ ਨੇ ਦਸਿਆ ਕਿ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੇ ਬੀਤੇ ਸਾਲ 18 ਅਕਤੂਬਰ ਨੂੰ ਇਕ ਮੀਟਿੰਗ ਕੀਤੀ ਸੀ ਜਿਸ ਵਿਚ ਫ਼ੈਸਲਾ ਲਿਆ ਗਿਆ ਸੀ ਕਿ 11, 12, 13 ਅਕਤੂਬਰ ਨੂੰ ਇਥੇ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ ਜਿਸ ਵਿਚ ਕਰੀਬ 1 ਲੱਖ ਲੋਕ ਹਾਜ਼ਰੀਆਂ ਭਰਨਗੇ।